ਏਐੱਨਆਈ, ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਦੀ ਲਾਇਬ੍ਰੇਰੀ ਭਵਨ ਵਿਚ ਭਾਜਪਾ ਸੰਸਦੀ ਦਲ ਦੀ ਮੀਟਿੰਗ ਹੋਈ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਮੌਜੂਦ ਸਨ। ਇਸ ਦੌਰਾਨ ਪੀਐੱਮ ਮੋਦੀ ਨੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਵਿਰੋਧੀ ਧਿਰ ਦੇ ਰਵੱਈਏ ‘ਤੇ ਨਿਸ਼ਾਨਾ ਸਾਧਿਆ।

I.N.D.I.A ਗਠਜੋੜ ‘ਤੇ ਵਰ੍ਹੇ ਪੀਐੱਮ ਮੋਦੀ

ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਪੀਐੱਮ ਮੋਦੀ ਨੇ I.N.D.I.A ਗਠਜੋੜ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ I.N.D.I.A ਗਠਜੋੜ ਦਾ ਟੀਚਾ ਸਾਡੀ ਸਰਕਾਰ ਦਾ ਤਖਤਾ ਪਲਟਣਾ ਹੈ ਪਰ ਸਾਡੀ ਸਰਕਾਰ ਦਾ ਟੀਚਾ ਦੇਸ਼ ਦਾ ਉੱਜਵਲ ਭਵਿੱਖ ਬਣਾਉਣਾ ਹੈ।

ਸੰਸਦ ਸੁਰੱਖਿਆ ਸੰਨ੍ਹ ਮਾਮਲੇ ‘ਤੇ ਬੋਲੇ ਪੀਐੱਮ

ਪੀਐੱਮ ਮੋਦੀ ਨੇ ਕਿਹਾ ਕਿ ਕੁਝ ਪਾਰਟੀਆਂ ਇਕ ਤਰ੍ਹਾਂ ਨਾਲ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦਾ ਸਮਰਥਨ ਕਰ ਰਹੀਆਂ ਹਨ, ਇਹ ਸੰਸਦ ਦੀ ਸੁਰੱਖਿਆ ਉਲੰਘਣਾ ਜਿੰਨਾ ਖ਼ਤਰਨਾਕ ਹੈ। ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਸੰਸਦ ਵਿਚ ਸੁਰੱਖਿਆ ਦੀ ਉਲੰਘਣਾ ਦੀ ਸਾਂਝੇ ਤੌਰ ‘ਤੇ ਨਿੰਦਾ ਕਰਨੀ ਚਾਹੀਦੀ ਹੈ।

ਵਿਰੋਧੀ ਧਿਰ ਦੇ ਰਵੱਈਏ ‘ਤੇ ਚੁੱਕੇ ਸਵਾਲ

ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਚਰਨ ਇਹ ਯਕੀਨੀ ਬਣਾਏਗਾ ਕਿ 2024 ਦੀਆਂ ਚੋਣਾਂ ਵਿਚ ਉਸ ਦੀ ਗਿਣਤੀ ਘੱਟ ਜਾਵੇਗੀ ਅਤੇ ਭਾਜਪਾ ਨੂੰ ਗਿਣਤੀ ਵਿਚ ਲਾਭ ਮਿਲੇਗਾ। ਵਿਰੋਧੀ ਧਿਰ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਗੁੱਸੇ ਵਿੱਚ ਹੈ ਅਤੇ ਨਿਰਾਸ਼ਾ ‘ਚ ਸੰਸਦ ਵਿਚ ਵਿਘਨ ਪਾ ਰਹੀ ਹੈ।

92 ਸੰਸਦ ਮੈਂਬਰ ਮੁਅੱਤਲ

ਜ਼ਿਕਰਯੋਗ ਹੈ ਕਿ ਸੰਸਦ ਸੁਰੱਖਿਆ ਸੰਨ੍ਹ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਸਦਨਾਂ ਦੇ 78 ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 14 ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ ਸੀ। ਹੁਣ ਤੱਕ ਵਿਰੋਧੀ ਧਿਰ ਦੇ 92 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ।