Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸੌਦਾ ਸਾਧ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਖੁਦ ਰੋਲ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰ ਦੀ ਤਿਆਰੀ…?

By Admin Published 4 min read

ਨਵੀਂ ਫਿਲਮ ਦੀ ਸ਼ੂਟਿੰਗ ਦੇ ਚਰਚੇ – ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਦੀ ਵਿਸ਼ੇਸ਼ ਰਿਪੋਰਟ

ਹਰਿਆਣਾ ਦਾ ਚਰਚਿੱਤ ਡੇਰੇਦਾਰ ਗੁਰਮੀਤ ਰਾਮ ਰਹੀਮ ਬਹੁਤ ਸਾਰੇ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਉਸ ਉੱਪਰ ਬਲਾਤਕਾਰ, ਇਨਸਾਨਾਂ ਨੂੰ ਨਮਰਦ ਬਣਾਉਣ,ਪੱਤਰਕਾਰ ਦਾ ਕਤਲ ਕਰਵਾਉਣ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ, ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੇ, ਸੰਗੀਨ ਮਾਮਲੇ ਵੱਖ ਵੱਖ ਅਦਾਲਤਾਂ ਵਿੱਚ ਸੁਣਵਾਈ ਅਧੀਨ ਹਨ, ਲੇਕਿਨ ਸ਼ਰਧਾਲੂਆਂ ਦਾ ਜਮਘਟਾ ਹੋਣ ਕਰਕੇ, ਵੋਟਾਂ ਦੀ ਲੋੜ ਨੇ ਸਿਆਸਤ ਨੂੰ ਇਸ ਡੇਰੇ ਅਤੇ ਡੇਰੇਦਾਰ ਦੀ ਢਾਲ ਬਣਾ ਰੱਖਿਆ ਹੈ। ਜਿਸ ਕਰਕੇ ਅਜੇ ਤੱਕ ਇਹ ਡੇਰੇਦਾਰ ਪੁਲਿਸ ਜਾਂ ਕਿਸੇ ਹੋਰ ਪੜਤਾਲੀਆ ਏਜੰਸੀ ਦੀ ਗ੍ਰਿਫਤ ਤੋਂ ਬਚਿਆ ਹੋਇਆ ਹੈ। ਇੱਥੋਂ ਤੱਕ ਕਿ ਅਦਾਲਤੀ ਪੇਸ਼ੀਆਂ ਵੀ ਵੀਡੀਓ ਕਾਨਫਰੰਸ ਰਾਹੀਂ ਹੀ ਹੁੰਦੀਆਂ ਹਨ। ਬਹੁਤੀ ਵਾਰ ਬਹਾਨੇ ਬਣਾਕੇ, ਅਜਿਹੀਆਂ ਪੇਸ਼ੀਆਂ ਉੱਤੇ ਜਾਣ ਤੋਂ ਵੀ ਟਾਲਾ ਵੱਟਿਆ ਜਾਂਦਾ ਹੈ। ਜਿਸ ਨਾਲ ਡੇਰੇ ਦੇ ਸ਼ਰਧਾਲੂਆਂ ਵਿੱਚ ਚਰਚਾ ਹੁੰਦੀ ਹੈ ਕਿ ਸਾਡੇ ਬਾਬਾ ਜੀ ਤਾਂ ਅਦਾਲਤ ਦੀ ਵੀ ਪ੍ਰਵਾਹ ਨਹੀਂ ਕਰਦੇ।

ਭਾਵੇਂ ਕੁੱਝ ਵਰੇ ਪਹਿਲਾਂ ਸਲਾਵਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ, ਇਸ ਡੇਰੇਦਾਰ ਨੇ ਗੁਰੂ ਸਾਹਿਬ ਵੱਲੋਂ ਖੰਡੇ ਬਾਟੇ ਦੀ ਪਾਹੁਲ ਦੇਣ ਦੀ ਪ੍ਰੰਪਰਾ ਦਾ ਮਜ਼ਾਕ ਉਡਾਉਂਦਿਆਂ,ਦੁੱਧ ਵਿੱਚ ਰੂਹ ਅਫ਼ਜ਼ਾ ਘੋਲਕੇ ਜਾਮ-ਏ-ਇੰਸਾਂ ਪਿਆ ਕੇ ,ਸਿੰਘ ਦੀ ਜਗਾ ਇੰਸਾਂ ਨਾਮ ਰੱਖਣ ਵਰਗੀ ਗੁਸਤਾਖੀ ਕੀਤੀ ਸੀ। ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਸੀ ਅਤੇ ਇਸ ਪਿੱਛੋਂ ਪੰਜਾਬ ਵਿੱਚ ਬਹੁਤ ਕੁੱਝ ਅਣਸੁਖਾਵਾਂ ਵਾਪਰਿਆ,ਜਿਹੜਾ ਹੁਣ ਤੱਕ ਵੀ ਵਾਪਰ ਰਿਹਾ ਹੈ, ਪਰ ਹਾਲੇ ਵੀ ਸੌਦਾ ਸਾਧ ਨੇ ਇਹਨਾਂ ਘਟਨਾਵਾਂ ਤੋਂ ਸਬਕ ਨਹੀਂ ਸਿੱਖਿਆ ਅਤੇ ਆਪਣੇ ਕਾਲੇ ਕਾਰਨਾਮਿਆਂ ਉੱਤੇ ਮਿੱਟੀ ਪਾਉਣ ਵਾਸਤੇ ” ਮੈਸੰਜਰ ਆਫ ਗੌਡ” ਵਰਗੀਆਂ ਫ਼ਿਲਮਾਂ ਬਣਾ ਕੇ, ਕਦੇ ” ਪੌਪ ਸਿੰਗਰ” ਬਣਕੇ ਆਮ ਲੋਕਾਂ ਦਾ ਧਿਆਨ ਹੋਰ ਪਾਸੇ ਲਿਜਾਣ ਦਾ ਯਤਨ ਕੀਤਾ ਹੈ। ਸਮੇਂ ਦੀ ਸਿਆਸਤ ਵੀ ਉਸ ਦੀ ਹਰ ਗਲਤ ਅਦਾ ਨੂੰ ਵੋਟਾਂ ਦੀ ਲੋੜ ਕਰਕੇ, ਦੰਦਾਂ ਥੱਲੇ ਜੀਭ ਲੈ ਕੇ ਜ਼ਰਦੀ ਆ ਰਹੀ ਹੈ। ਸੌਦਾ ਸਾਧ ਨੂੰ ਉਸ ਵੇਲੇ ਆਪਣੀ ਕੀਤੀਆਂ ਗਲਤੀਆਂ ਉੱਤੇ ਹੋਰ ਮਾਨ ਹੋਇਆ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਹਰਿਆਣਾਂ ਦੀ ਇਕ ਸਿਆਸੀ ਸਟੇਜ ਉੱਤੋਂ, ਸਰਸੇ ਵੱਲ ਮੂੰਹ ਕਰਕੇ ਕਿਹਾ ਕਿ ” ਗੁਰੂ ਜੀ ਮੇਰਾ ਪ੍ਰਣਾਮ ਯਹੀਂ ਸੇ ਪ੍ਰਵਾਨ ਕੀਜੀਏ”।

ਇਸ ਨਾਲ ਸੌਦਾ ਸਾਧ ਦਾ ਹੌਂਸਲਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਹੁਣ ਉਹ ਇੰਨੀ ਦਿਨੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਫਿਲਮ ਬਣਾਉਣ ਦੇ ਆਹਰੇ ਲੱਗਿਆ ਹੋਇਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਫਿਲਮ ਦਾ ਨਿਰਮਾਤਾ ਵੀ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਅਤੇ ਇਸ ਫਿਲਮ ਵਿੱਚਲਾ ਮੁੱਖ ਕਿਰਦਾਰ ” ਬਾਬਾ ਬੰਦਾ ਸਿੰਘ ਬਹਾਦਰ” ਦੇ ਰੂਪ ਵਿਚ ਖੁਦ ਸੌਦਾ ਸਾਧ ਹੀ ਨਜ਼ਰ ਆਵੇਗਾ। ਇਸ ਫਿਲਮ ਨੂੰ ਬੜੀ ਅਕਰਸ਼ਤ ਬਣਾਉਣ ਵਾਸਤੇ ਮੇਕਅੱਪ ਸਮੇਤ ਹੋਰ ਬਹੁਤ ਸਾਰੇ ਕਲਾਕਾਰ ਮੁੰਬਈ ਤੋਂ ਲਿਆਂਦੇ ਗਏ ਹਨ ਅਤੇ ਸਿਰਸਾ ਡੇਰੇ ਵਿੱਚ ਵੀ ਇਸ ਦੇ ਬਹੁਤ ਸਾਰੇ ਸੀਨ ਫਿਲਮਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਸ਼ੂਟਿੰਗ ਦੌਰਾਨ ਜੇਕਰ ਸੌਦਾ ਸਾਧ ਵੱਲੋਂ ਹੋਈ ਕਿਸੇ ਗਲਤੀ ਉੱਤੇ ਨਿਰਦੇਸ਼ਕ ਜਾਂ ਤਕਨੀਕੀ ਬੰਦੇ ਕੋਈ ਕਿੰਤੂ ਪ੍ਰੰਤੂ ਕਰਦੇ ਹਨ ਤਾਂ ਸੌਦਾ ਸਾਧ ਦੇ ਸ਼ਰਧਾਲੂ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ ਅਤੇ ਸਫਾਈ ਦਿੰਦੇ ਹਨ ਕਿ ਸਾਡੇ ਪਿਤਾ ਜੀ ਗਲਤ ਨਹੀਂ ਹੋ ਸਕਦੇ, ਤੁਸੀਂ ਗਲਤ ਹੋ ਸਕਦੇ ਹੋ। ਜਿਸ ਕਰਕੇ ਸ਼ੂਟਿੰਗ ਕਰ ਰਹੀ ਟੀਮ ਨੇ ਮਹੌਲ ਨੂੰ ਸਮਝਦਿਆਂ ਹੁਣ ਸ਼ਰਧਾਲੂਆਂ ਦੀ ਖੁਸ਼ੀ ਪ੍ਰਾਪਤ ਕਰਨ ਖਾਸਤੇ ਇਹ ਤਰੀਕਾ ਅਪਣਾਇਆ ਹੈ ਕਿ ਇਸ ਸੀਨ ਵਿੱਚ ਤੁਹਾਡੇ ਪਿਤਾ ਜੀ ਨੇ ਤਾਂ ਵਧੀਆ ਰੋਲ ਕੀਤਾ ਹੈ ਪਰ ਤੁਹਾਡੇ ਤੋਂ ਕੁੱਝ ਕਮੀਂ ਰਹੀ ਹੈ ਤਾਂ ਸ਼ਰਧਾਲੂ ਦੁਬਾਰਾ ਸ਼ੌਟ ਦੇਣ ਵਾਸਤੇ ਝੱਟਪੱਟ ਰਾਜ਼ੀ ਹੋ ਜਾਂਦੇ ਹਨ।

ਜੇਕਰ ਸੂਤਰਾਂ ਅਨੁਸਾਰ ਇਹ ਫਿਲਮ ਬਣ ਰਹੀ ਹੈ ਜਾਂ ਵਾਕਿਆ ਹੀ ਸੌਦਾ ਸਾਧ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਰਦਾਰ ਨਿਭਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖ ਪੰਥ ਅਤੇ ਪੰਜਾਬ ਵਾਸਤੇ ਇੱਕ ਨਵੀਂ ਬਿਪਤਾ ਖੜੀ ਹੋਣ ਜਾ ਰਹੀ ਹੈ। ਚੋਣ ਨੇੜੇ ਹੋਣ ਕਰਕੇ ਹੋ ਸਕਦਾ ਹੈ ਕਿ ਸੌਦਾ ਸਾਧ ਕਿਸੇ ਦਾ ਨੁਕਸਾਨ ਕਰਨ ਜਾਂ ਕਿਸੇ ਧਿਰ ਦਾ ਫਾਇਦਾ ਕਰਨ ਵਾਸਤੇ, ਕੁੱਝ ਪੰਥ ਵਿਰੋਧੀ ਅਤੇ ਪੰਜਾਬ ਦੇ ਖਾਤਮੇ ਵਾਸਤੇ ਯਤਨਸ਼ੀਲ ਸ਼ਕਤੀਆਂ ਦੀ ਸ਼ਹਿ ਉੱਤੇ ਅਜਿਹੀ ਸਾਜ਼ਿਸ਼ ਨੂੰ ਅੰਜ਼ਾਮ ਦੇ ਰਿਹਾ ਹੋਵੇ। ਪਰ ਸਿੱਖਾਂ ਨੂੰ ਇਹ ਕਿਸੇ ਕੌਲ ਵੀ ਹਜ਼ਮ ਨਹੀਂ ਹੋਣਾ ਅਤੇ ਪੰਜਾਬ ਇੱਕ ਵਾਰ ਫਿਰ ਬਲਦੀ ਦੇ ਬੁੱਥੇ ਜਾ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp