ਪਾਈਨਹਿੱਲ/ਨਿਊਯਾਰਕ ,ਹਰਵਿੰਦਰ ਰਿਆੜ – ਪੰਜਾਬ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਗੂੰਜ ਵਿਦੇਸ਼ਾਂ ਤੱਕ ਵੀ ਪਹੁੰਚ ਚੁੱਕੀ ਹੈ ਅਤੇ ਹੁਣ ਵਿਦੇਸ਼ੀ ਪੰਜਾਬੀ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਸਾਥ ਦੇਣ ਲਈ ਅੱਗੇ ਆਏ ਹਨ। ਗੁਰਦੁਆਰਾ ਪਾਈਨ ਹਿੱਲ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਕਿਸਾਨੀ ਸੰਘਰਸ਼ ਵਿਚ ਹਾਅ ਦਾ ਨਾਅਰਾ ਮਾਰਨ ਲਈ ਇਕ ਰੋਸ ਇਕੱਠ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਪਹੁੰਚ ਕੇ ਭਾਰਤ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਰੋਸ ਇਕੱਠ ਵਿਚ ਬਜਿੰਦਰ ਸਿੰਘ ਮੁਲਤਾਨੀ, ਹਰਜਿੰਦਰ ਸਿੰਘ, ਭਗਵੰਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਭੱਲਾ, ਗੁਰਦੇਵ ਸਿੰਘ ਧਾਲੀਵਾਲ ਪ੍ਰਧਾਨ, ਲਖਵਿੰਦਰ ਸਿੰਘ ਲੱਖਾ ਵਾਈ ਪ੍ਰੈਜ਼ੀਡੈਂਟ, ਕਰਨੈਲ ਸਿੰਘ ਸੈਕਟਰੀ, ਸੁਖਵਿੰਦਰ ਸਿੰਘ ਮੁਲਤਾਨੀ ਖਜ਼ਾਨਚੀ, ਪ੍ਰਤਾਪ ਸਿੰਘ ਢਿੱਲੋਂ, ਲਖਵੀਰ ਸਿੰਘ ਮੁਲਤਾਨੀ, ਧਰਮਿੰਦਰ ਸਿੰਘ ਸੋਨੂੰ, ਚਰਨਜੀਤ ਸਿੰਘ ਮਾਨ, ਅਮਰੀਕ ਸਿੰਘ ਮੁਲਤਾਨੀ, ਅਮਰੀਕ ਸਿੰਘ ਪੀ.ਏ., ਪ੍ਰਿਤਪਾਲ ਸਿੰਘ ਸੰਧੂ, ਸੁਖਚੈਨ ਸਿੰਘ, ਡੀ.ਐੱਸ ਬਿੱਲਾ ਨੇ ਵਿਸ਼ੇਸ਼ ਤੌਰ ਸ਼ਾਮਿਲ ਹੋ ਕੇ ਸੰਬੋਧਨ ਕੀਤਾ। ਸਮੱੁਚੀ ਪ੍ਰਬੰਧਕ ਕਮੇਟੀ ਨੇ ਪੰਜਾਬੀ ਰਾਈਟਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਸੁਣਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਨਹੀਂ ਤਾਂ ਇਹ ਰੋਹ ਹੋਰ ਵੀ ਭਖ ਸਕਦਾ ਹੈ। ਕਮੇਟੀ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਸਰਕਾਰਾਂ ਅੰਨਦਾਤਾ ਨੂੰ ਹੀ ਭੱੁਖਾ ਰੱਖਣ ਦੀਆਂ ਸਕੀਮਾਂ ਘਡ਼ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਪਾਈਨਹਿੱਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦੇ ਸੰਘਰਸ਼ ਦੀ ਡਟ ਕੇ ਹਮਾਇਤ ਕੀਤੀ ਜਾਂਦੀ ਹੈ।