ਜਾਗਰਣ ਬਿਊਰੋ, ਨਵੀਂ ਦਿੱਲੀ : ਟਾਇਰੋਸਿਨੇਮੀਆ ਟਾਈਪ-ਏ। ਲਿਵਰ ਦੀ ਲਾਇਲਾਜ ਬਿਮਾਰੀ। ਇਕ ਲੱਖ ਦੀ ਆਬਾਦੀ ਵਿਚ ਸਿਰਫ਼ ਇਕ ਵਿਅਕਤੀ ਨੂੰ ਹੋਣ ਦਾ ਸ਼ੱਕ ਪਰ ਜੇਕਰ ਕਿਸੇ ਨੂੰ ਹੋ ਜਾਵੇ ਤਾਂ ਇਲਾਜ ਹੋਰ ਵੀ ਮੁਸ਼ਕਲ। ਇਸ ਦੀ ਦਵਾ ਕੈਨੇਡਾ ਤੋਂ ਮੰਗਵਾਉਣੀ ਪੈਂਦੀ ਹੈ, ਜਿਸ ਦਾ ਸਾਲਾਨਾ ਖਰਚ 2.2 ਕਰੋੜ ਰੁਪਏ ਆਉਂਦਾ ਹੈ ਪਰ ਹੁਣ ਇਸ ਦਾ ਇਲਾਜ ਭਾਰਤ ’ਚ ਬਣੀ ਦਵਾਈ ਨਾਲ ਹੋ ਸਕੇਗਾ, ਜਿਸ ’ਤੇ ਸਿਰਫ਼ 2.5 ਲੱਖ ਰੁਪਏ ਦਾ ਸਾਲਾਨਾ ਖ਼ਰਚ ਆਏਗਾ। ਭਾਰਤ ’ਚ ਬਣੀ ਇਹ ਦਵਾਈ ਬਾਜ਼ਾਰ ਵਿਚ ਆ ਚੁੱਕੀ ਹੈ। ਇਸ ਤਰ੍ਹਾਂ ਦੀਆਂ ਕੁੱਲ ਸੱਤ ਲਾਇਲਾਜ ਬਿਮਾਰੀਆਂ ਲਈ ਚਾਰ ਦਵਾਈਆਂ ਭਾਰਤ ’ਚ ਬਣਨੀਆਂ ਸ਼ੁਰੂ ਹੋ ਚੁੱਕੀਆਂ ਹਨ। ਚਾਰ ਹੋਰ ਦਵਾਈਆਂ ਅਗਲੇ ਪੰਜ-ਛੇ ਮਹੀਨਿਆਂ ’ਚ ਆ ਜਾਣਗੀਆਂ। ਸਰਕਾਰ ਨੇ ਕੁੱਲ 13 ਲਾਇਲਾਜ ਬਿਮਾਰੀਆਂ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ਦਾ ਸਸਤਾ ਇਲਾਜ ਆਸਾਨ ਬਣਾਉਣ ਦਾ ਬੀੜਾ ਚੁੱਕਿਆ ਹੈ।
ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ’ਤੇ ਪਿਛਲੇ ਸਾਲ ਜੁਲਾਈ ’ਚ ਲਾਇਲਾਜ ਬਿਮਾਰੀਆਂ ਦਾ ਸਸਤਾ ਇਲਾਜ ਕੱਢਣ ਲਈ ਕੰਮ ਸ਼ੁਰੂ ਕੀਤਾ ਗਿਆ। 13 ਅਜਿਹੀਆਂ ਲਾਇਲਾਜ ਬਿਮਾਰੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਹੋਰ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਤੋਂ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਬਾਅਦ ਸਰਕਾਰ, ਰਿਸਰਚ ਤੇ ਰੈਗੂਲੇਟਰੀ ਸੰਗਠਨਾਂ ਤੇ ਨਿੱਜੀ ਕੰਪਨੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਇਲਾਜ ਲਈ ਸਸਤੀ ਦਵਾਈ ਬਣਾਉਣ ’ਤੇ ਗੱਲ ਸ਼ੁਰੂ ਹੋਈ। ਇਕ ਸਾਲ ਦੇ ਅੰਦਰ ਹੀ ਸੱਤ ਲਾਇਲਾਜ ਬਿਮਾਰੀਆਂ ਦੀ ਸਸਤੀ ਦਵਾਈ ਬਾਜ਼ਾਰ ਵਿਚ ਭੇਜ ਸਕਣ ਵਿਚ ਕਾਮਯਾਬੀ ਮਿਲੀ। ਇਨ੍ਹਾਂ ਵਿਚ ਵਿਲਸਨ ਡਿਜ਼ੀਜ਼ ਦੇ ਇਲਾਜ ਲਈ ਵਿਦੇਸ਼ ਤੋਂ ਆਉਣ ਵਾਲੀ ਦਵਾਈ ਦੀ ਕੀਮਤ 1.8 ਕਰੋੜ ਤੋਂ 3.6 ਕਰੋੜ ਰੁਪਏ ਹੈ। ਭਾਰਤੀ ਕੰਪਨੀ ਨੇ ਤਿੰਨ ਤੋਂ ਛੇ ਲੱਖ ਕੀਮਤ ਵਾਲੀ ਦਵਾਈ ਬਾਜ਼ਾਰ ’ਚ ਭੇਜੀ ਹੈ। ਹੁਣ ਜੀਨ ਥੇਰੈਪੀ ਨਾਲ ਇਲਾਜ ਕੀਤੀ ਜਾਣ ਵਾਲੀਆਂ ਚਾਰ ਲਾਇਲਾਜ ਬਿਮਾਰੀਆਂ ਦਾ ਸਸਤਾ ਇਲਾਜ ਲੱਭਣ ’ਤੇ ਕੰਮ ਚੱਲ ਰਿਹਾ ਹੈ।
ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਲਾਇਲਾਜ ਬਿਮਾਰੀਆਂ ਲਈ ਸਸਤੀ ਦਵਾਈ ਬਣਾ ਕੇ ਭਾਰਤ ਨੇ ਇਕ ਵਾਰੀ ਮੁੜ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ਼ ਲਾਭ ਕਮਾਉਣ ਲਈ ਨਹੀਂ, ਬਲਕਿ ਪੂਰੀ ਮਨੁੱਖਤਾ ਦੀ ਸੇਵਾ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਬਣੀਆਂ ਇਨ੍ਹਾਂ ਦਵਾਈਆਂ ਨਾਲ ਸਿਰਫ਼ ਦੇਸ਼ ’ਚ ਮਰੀਜ਼ਾਂ ਦਾ ਸਸਤਾ ਇਲਾਜ ਸੰਭਵ ਨਹੀਂ ਹੋਵੇਗਾ ਬਲਕਿ ਪੂਰੀ ਦੁਨੀਆ ਨੂੰ ਇਸਦਾ ਫਾਇਦਾ ਮਿਲੇਗਾ। ਕਈ ਦੇਸ਼ਾਂ ਨੇ ਇਸ ਦੇ ਲਈ ਭਾਰਤ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਲਾਇਲਾਜ ਬਿਮਾਰੀਆਂ ਉਹ ਹੁੰਦੀਆਂ ਹਨ, ਜਿਹੜੀਆਂ ਇਕ ਹਜ਼ਾਰ ਦੀ ਆਬਾਦੀ ’ਚ ਇਕ ਤੋਂ ਵੀ ਘੱਟ ਵਿਅਕਤੀ ਨੂੰ ਹੁੰਦੀਆਂ ਹਨ। ਇਨ੍ਹਾਂ ’ਚ ਕਈ ਬਿਮਾਰੀਆਂ ਤਾਂ ਲੱਖਾਂ ਲੋਕਾਂ ’ਚ ਇਕ ਨੂੰ ਹੁੰਦੀ ਹੈ।
ਸਿਕਲ ਸੈੱਲ ਐਨੀਮੀਆ ਦੇ ਸਥਾਈ ਇਲਾਜ ’ਤੇ ਵੀ ਕੰਮ ਸ਼ੁਰੂ
ਸਿਕਲ ਸੈੱਲ ਐਨੀਮੀਆ ਦੇ ਸਥਾਈ ਇਲਾਜ ਲਈ ਜੀਨ ਥੇਰੈਪੀ ’ਤੇ ਵੀ ਖੋਜ ਸ਼ੁਰੂ ਹੋ ਗਈ ਹੈ। ਡਾਕਟਰ ਵੀਕੇ ਪਾਲ ਮੁਤਾਬਕ, ਆਈਸੀਐੱਮਆਰ ਸਮੇਤ ਕਈ ਖੋਜ ਅਦਾਰੇ ਜੀਨ ਥੇਰੈਪੀ ਦੇ ਸਹਾਰੇ ਇਸਦੇ ਇਲਾਜ ’ਤੇ ਖੋਜ ਕਰ ਰਹੇ ਹਨ। ਇਸ ਲਈ ਕੇਂਦਰ ਸਰਕਾਰ ਨੇ 60 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾ ਦਿੱਤੀ ਹੈ। ਫਿਲਹਾਲ ਸਿਕਲ ਸੈੱਲ ਐਨੀਮੀਆ ਨਾਲ ਪੀੜਤ ਮਰੀਜ਼ਾਂ ਨੂੰ ਜ਼ਿੰਦਗੀ ਭਰ ਹਾਈਡ੍ਰੋਕਸੀਯੂਰੀਆ ਦੀ ਦਵਾਈ ਖਾਣੀ ਪੈਂਦੀ ਹੈ। ਪੰਜ ਸਾਲਾਂ ਤੋਂ ਜ਼ਿਆਦਾ ਉਮਰ ਦੇ ਮਰੀਜ਼ਾਂ ਨੂੰ ਇਹ ਦਵਾਈ ਕੈਪਸੂਲ ਦੇ ਰੂਪ ’ਚ ਦਿੱਤੀ ਜਾਂਦੀ ਹੈ, ਜਦਕਿ ਪੰਜ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਨੂੰ ਸੀਰਪ ਦੇ ਰੂਪ ’ਚ ਦੇਣਾ ਪੈਂਦਾ ਹੈ। ਡਾਕਟਰ ਪਾਲ ਨੇ ਕਿਹਾ ਕਿ ਹਾਈਡ੍ਰੋਕਸੀਯੂਰੀਆ ਸੀਰਪ ਦੀ 100 ਮਿਲੀਲੀਟਰ ਵਾਲੀ ਸ਼ੀਸ਼ੀ ਦੀ ਕੀਮਤ 70 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਹੈ। ਇਕ ਭਾਰਤੀ ਕੰਪਨੀ ਵੱਲੋਂ ਬਣਾਈ ਗਈ ਇਸ ਦਵਾਈ ਨੂੰ ਇਸੇ ਮਹੀਨੇ ਮਨਜ਼ੂਰੀ ਮਿਲ ਗਈ ਹੈ, ਜਿਹੜੀ ਮਾਰਚ ਤੋਂ ਬਾਜ਼ਾਰ ’ਚ ਮੁਹੱਈਆ ਹੋਵੇਗੀ। ਇਸ ਦੀ 100 ਮਿਲੀਮੀਟਰ ਵਾਲੀ ਸ਼ੀਸ਼ੀ ਦੀ ਕੀਮਤ ਸਿਰਫ਼ 405 ਰੁਪਏ ਦੇ ਆਸ-ਪਾਸ ਹੋਵੇਗੀ।


