ਭਾਰਤੀ ਮੂਲ ਦੀ ਅਮਰੀਕੀ ਨਿੱਕੀ ਹੇਲੀ ਨੇ ਇਸ ਕਿਤਾਬ ਵਿਚ ਲਿਖਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਤਦ ਨਾਰਾਜ਼ ਹੋਏ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਇਹ ਰਿਪੋਰਟ ਸੌਂਪੀ ਕਿ ਅਮਰੀਕੀ ਸਹਾਇਤਾ ਪ੍ਰਾਪਤ ਕਰਨ ਵਾਲੇ ਮੁੱਖ ਦੇਸ਼ਾਂ ਵਿਚ ਸ਼ਾਮਲ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਨਾ ਕੇਵਲ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਖ਼ਿਲਾਫ਼ ਵੋਟ ਦਿੱਤਾ ਬਲਕਿ ਅੱਤਵਾਦੀਆਂ ਨੂੰ ਸ਼ਰਨ ਵੀ ਦਿੱਤੀ।

ਹੇਲੀ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਅਸੀਂ ਪਾਕਿਸਤਾਨ ਨੂੰ ਹੋਰ ਦੇਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਸਹਾਇਤਾ ਦਿੱਤੀ। 2017 ਵਿਚ ਅਮਰੀਕਾ ਨੇ ਉਸ ਦੀ ਫ਼ੌਜ ਨੂੰ ਕਰੀਬ ਇਕ ਅਰਬ ਅਮਰੀਕੀ ਡਾਲਰ ਦੀ ਸਹਾਇਤਾ ਦਿੱਤੀ। ਪਾਕਿਸਤਾਨ ਸੰਯੁਕਤ ਰਾਸ਼ਟਰ ਵਿਚ 76 ਪ੍ਰਤੀਸ਼ਤ ਸਮੇਂ ਸਾਡਾ ਵਿਰੋਧ ਕਰਦਾ ਹੈ। ਸਭ ਤੋਂ ਬੁਰਾ ਇਹ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਨ ਦਿੰਦਾ ਹੈ ਜੋ ਸਾਡੇ ਅਮਰੀਕੀ ਫ਼ੌਜੀਆਂ ਨੂੰ ਮਾਰਨ ਦਾ ਯਤਨ ਕਰਦੇ ਹਨ।

ਨਿੱਕੀ ਹੇਲੀ ਨੇ ਕਿਹਾ ਕਿ ਮੈਂ ਇਨ੍ਹਾਂ ਸਭ ਕਾਰਨਾਂ ਅਤੇ ਹੋਰ ਚੀਜ਼ਾਂ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਣੂ ਕਰਵਾਇਆ ਤਾਂ ਉਹ ਨਾਰਾਜ਼ ਹੋ ਗਏ। ਉਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਕਾਂਗਰਸ ਤੋਂ ਇਕ ਬਿੱਲ ਪਾਸ ਕਰਾਉਣ ਲਈ ਕਿਹਾ। ਇਸ ਵਿਚ ਇਹ ਨਿਸ਼ਚਿਤ ਕਰਨਾ ਸੀ ਕਿ ਅਮਰੀਕੀ ਵਿਦੇਸ਼ੀ ਸਹਾਇਤਾ ਕੇਵਲ ਅਮਰੀਕੀ ਹਿੱਤਾਂ ਅਤੇ ਅਮਰੀਕਾ ਦੇ ਮਿੱਤਰਾਂ ਨੂੰ ਉਤਸ਼ਾਹ ਦੇਣ ਲਈ ਦਿੱਤੀ ਜਾਏ। ਉਨ੍ਹਾਂ ਕਿਹਾ ਕਿ ਮਨੁੱਖੀ ਆਧਾਰ ‘ਤੇ ਸਹਾਇਤਾ ਅਮਰੀਕਾ ਲਈ ਹਮੇਸ਼ਾ ਹੀ ਇਕ ਤਰਜੀਹ ਰਹੇਗੀ।

ਚੀਨੀ ਅਰਥ-ਵਿਵਸਥਾ ਤੋਂ ਖ਼ਤਰਾ

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਆਪਣੀ ਨਵੀਂ ਕਿਤਾਬ ਵਿਚ ਦੱਸਿਆ ਹੈ ਕਿ ਭਾਰਤ ਅਤੇ ਚੀਨ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਅਰਥ-ਵਿਵਸਥਾਵਾਂ ਹਨ।

ਉਨ੍ਹਾਂ ਕਿਹਾ ਕਿ ਭਾਰਤ ਨਾਲ ਅਮਰੀਕਾ ਦੀ ਵਧਦੀ ਭਾਈਵਾਲੀ ਦੇ ਉਲਟ ਅਮਰੀਕਾ ਨੂੰ ਅੱਜ ਜਿਸ ਵਿਦੇਸ਼ੀ ਤਾਕਤ ਤੋਂ ਸਭ ਤੋਂ ਜ਼ਿਆਦਾ ਖ਼ਤਰਾ ਹੈ, ਉਹ ਚੀਨ ਹੈ।

ਹੇਲੀ ਨੇ ਕਿਹਾ ਕਿ ਚੀਨ ਰਣਨੀਤਕ ਰੂਪ ਤੋਂ ਆਪਣੀ ਵਿੱਤੀ ਅਤੇ ਫ਼ੌਜੀ ਮੌਜੂਦਗੀ ਦਾ ਅਹਿਸਾਸ ਪੂਰੇ ਵਿਸ਼ਵ ਨੂੰ ਕਰਵਾ ਰਿਹਾ ਹੈ ਪ੍ਰੰਤੂ ਇਹ ਸਭ ਇਕ ਬਹੁਤ ਗ਼ਲਤ ਅੰਦਾਜ਼ ਵਿਚ ਹੋ ਰਿਹਾ ਹੈ। ਚੀਨ ਬੋਧਿਕ ਸੰਪਤੀ ਨੂੰ ਚੋਰੀ ਕਰਦਾ ਹੈ। ਉਹ ਪਾਬੰਦੀਆਂ ਨੂੰ ਲੈ ਕੇ ਧੋਖਾਧੜੀ ਕਰ ਕੇ ਉੱਤਰੀ ਕੋਰੀਆ ਦੀ ਮਦਦ ਕਰਦਾ ਹੈ।