Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਸਾਡੇ ਪਰਿਵਾਰ ਦਾ ਹਰ ਮੈਂਬਰ ਗੁਣਾਂ ਦੀ ਮੈਰਿਟ ਨਾਲ ਅੱਗੇ ਆਇਆ, ਰਾਹੁਲ ਵਾਂਗ ਗੁੰਡਾਗਰਦੀ ਨਾਲ ਨਹੀਂ : ਰਿਸ਼ੀ ਕਪੂਰ

By Admin Published 2 min read

ਨਵੀਂ ਦਿੱਲੀ-ਅਮਰੀਕਾ ਦੌਰੇ ਤੇ ਗਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਵੰਸ਼ਵਾਦ ਸਬੰਧੀ ਦਿੱਤੇ ਬਿਆਨ ਦਾ ਫਿਲਮੀ ਕਲਾਕਾਰ ਰਿਸ਼ੀ ਕਪੂਰ ਨੇ ਸਖਤ ਵਿਰੋਧ ਕੀਤਾ ਹੈ। ਰਾਹੁਲ ਨੇ ਅਮਰੀਕਾ ਵਿੱਚ ਕਿਹਾ ਸੀ ਕਿ ਕਾਂਗਰਸ ਵਿੱਚ ਵੰਸ਼ਵਾਦ ਨਵੀਂ ਗੱਲ ਨਹੀਂ ਹੈ। ਭਾਰਤ ਵਿੱਚ ਹਰ ਸਟੇਟ ਅਤੇ ਲੱਗਭੱਗ ਹਰ ਨੇਤਾ ਆਪਣੇ ਧੀਆਂ ਪੁੱਤਰਾਂ ਨੂੰ ਅੱਗੇ ਵਧਾਉਣ ਲਈ ਵੰਸ਼ਵਾਦ ਦੀ ਵਰਤੋਂ ਕਰ ਰਿਹਾ ਹੈ।

ਰਾਹੁਲ ਗਾਂਧੀ ਨੇ ਇਸ ਮਾਮਲੇ ਵਿੱਚ ਅਮਿਤਾਬ ਬਚਨ, ਫਿਲਮਾਂ ਵਿੱਚ ਸਥਾਪਤ ਕਪੂਰ ਪਰਿਵਾਰ, ਅੰਬਾਨੀ ਪਰਿਵਾਰ ਆਦ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਹ ਸਾਰੇ ਵੀ ਆਪਣੇ ਧੀਆਂ ਪੁੱਤਰਾਂ ਨੂੰ ਹੀ ਅੱਗੇ ਵਧਾ ਰਹੇ ਹਨ। ਇਸ ਮਾਮਲੇ ਵਿੱਚ ਰਿਸ਼ੀ ਕਪੂਰ ਨੇ ਰਾਹੁਲ ਗਾਂਧੀ ਉੱਪਰ ਆਪਣਾ ਗੁੱਸਾ ਕੱਢਦਿਆਂ ਕਿਹਾ ਹੈ ਕਿ ਇੱਜ਼ਤ ਮਿਹਨਤ ਨਾਲ ਕਮਾਈ ਜਾਂਦੀ ਹੈ ਅਤੇ ਸਾਡੇ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਗੁਣਾਂ ਦੀ ਮੈਰਿਟ ਦੇ ਆਧਾਰ ‘ਤੇ ਫਿਲਮਾਂ ਵਿੱਚ ਆਪਣੇ ਆਪ ਸਥਾਪਤ ਹੋਣ ਦਾ ਮੌਕਾ ਦਿੱਤਾ ਹੈ। ਇਸ ਲਈ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਜਾਂ ਕਿਸੇ ਉੱਪਰ ਨੇਤਾਗਿਰੀ ਥੋਪੀ ਨਹੀਂ ਗਈ ਹੈ। ਰਿਸ਼ੀ ਕਪੂਰ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਜੀ ਤੁਸੀਂ ਆਪਣੇ ਧੰਨ ਦੌਲਤ ਅਤੇ ਪਿਓ ਦਾਦੀ ਦੀ ਸਿਆਸੀ ਸ਼ਕਤੀ ਦੀ ਬਦੌਲਤ ਧੱਕੇ ਨਾਲ ਕਾਂਗਰਸ ਉੱਪਰ ਕਾਬਜ ਹੋਏ ਹੋ, ਪਰ ਭਾਰਤੀ ਸਿਨੇਮਾ ਦੇ 106 ਸਾਲਾਂ ਦੇ ਇਤਿਹਾਸ ਵਿੱਚ ਕਪੂਰ ਪਰਿਵਾਰ ਨੇ 90 ਸਾਲ ਆਪਣਾ ਖੂਨ ਪਸੀਨਾ ਵਹਾਇਆ ਹੈ ਅਤੇ ਸਾਡੀ ਹਰ ਪੀੜ੍ਹੀ ਆਪਣੀ ਮਿਹਨਤ ਅਤੇ ਗੁਣਾਂ ਦੇ ਆਧਾਰ ਤੇ ਮੁੰਬਈ ਫਿਲਮ ਨਗਰੀ ਵਿੱਚ ਹਰ ਚੋਟੀ ਤੱਕ ਪਹੁੰਚੀ ਹੈ। ਰਿਸ਼ੀ ਕਪੂਰ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਚਾਰ ਪੀੜ੍ਹੀਆਂ ਤੋਂ ਫਿਲਮੀ ਦੁਨੀਆਂ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਆਪਣੀ ਕਾਂਗਰਸ ਵਿੱਚ ਅਯੋਗ ਹੋਣ ਕਾਰਨ ਵੰਸ਼ਵਾਦ ਦੇ ਸਹਾਰੇ ਸਥਿਤੀ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਨਾ ਕਰੋ ਅਤੇ ਵੰਸ਼ਵਾਦ ਦੇ ਨਾਂਅ ‘ਤੇ ਲੋਕਾਂ ਨੂੰ ਗੁੰਮਰਾਹ ਨਾ ਕਰੋ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp