Ad-Time-For-Vacation.png

ਸਰਕਾਰ ਨੇ ਸਿੱਖਾਂ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ: ਵਕੀਲ ਸ. ਪੂਰਨ ਸਿੰਘ ਹੁੰਦਲ

ਸਰਕਾਰ ਵਲੋਂ ਐਲਾਨ ਹੋਇਆ ਕਿ 27 ਅਕਤੂਬਰ 1984 ਨੂੰ ਦਰਬਾਰ ਸਾਹਿਬ ਸਮੂਹ ਵਿਚੋਂ ਫ਼ੌਜ ਕੱਢ ਲਈ ਜਾਵੇਗੀ। ਇਹ ਇਸ ਲਈ ਹੋਇਆ ਸੀ ਕਿ ਪੰਜ ਸਿੰਘ ਸਾਹਿਬਾਨ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਅਤੇ ਚਿਤਾਵਨੀ ਦਿਤੀ ਸੀ ਕਿ ਜੇ 30 ਅਕਤੂਬਰ ਤਕ ਫ਼ੌਜ ਨਾਂ ਕੱਢੀ ਗਈ ਤਾਂ ਸੰਸਾਰ ਭਰ ਦੇ ਸਿੱਖ ਅੰਮ੍ਰਿਤਸਰ ਵਲ ਚਾਲੇ ਪਾ ਦੇਣਗੇ। ਕੇਂਦਰ ਸਰਕਾਰ ਨੇ ਅਕਾਲ ਤਖ਼ਤ ਦੀ ਮੁਰੰਮਤ, ਅਪਣੇ ਚਹੇਤੇ ਬਾਬਾ ਸੰਤਾ ਸਿੰਘ ਨਿਹੰਗ ਨੂੰ ਅੱਗੇ ਲਾ ਕੇ ਕਰਵਾ ਲਈ ਸੀ ਜਿਸ ਕਾਰਨ ਕਂੇਦਰੀ ਮੰਤਰੀ ਸ. ਬੂਟਾ ਸਿੰਘ ਦੀ ਭੂਮਿਕਾ ‘ਤੇ ਸਿੱਖ ਸੰਗਤ ਬਹੁਤ ਨਿਰਾਸ਼ ਤੇ ਗੁੱਸੇ ਵਿਚ ਸੀ।

ਦੇਸ਼ ਦੇ ਰਾਸ਼ਟਰਪਤੀ ਨੇ 27 ਅਕਤੂਬਰ 1984 ਨੂੰ ਹਰਮੰਦਰ ਸਾਹਿਬ ਆ ਕੇ, ਵਖਰਿਆਂ ਹੋ ਕੇ ਗ੍ਰੰਥੀ ਸਾਹਿਬ ਕੋਲ ਅਪਣੀਆਂ ਸਫ਼ਾਈਆਂ ਪੇਸ਼ ਕੀਤੀਆਂ। ਸਿੰਘ ਸਾਹਿਬਾਨ ਨੇ ਕਿਹਾ ਕਿ ਰਾਸ਼ਟਰਪਤੀ, ਬਾਹਰ ਬੈਠੀ ਸੰਗਤ ਵਿਚ ਜਾ ਕੇ ਸਪੱਸ਼ਟੀਕਰਨ ਦੇਣ ਅਤੇ ਮੁਆਫ਼ੀ ਮੰਗਣ। ਗਿਆਨੀ ਜ਼ੈਲ ਸਿੰਘ ਨੇ ਸੰਗਤ ਦੀ ਮੌਜੂਦਗੀ ਵਿਚ ਇਹ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁਛਿਆ ਹੀ ਨਹੀਂ ਸੀ ਤੇ ਨਾ ਹੀ ਕੋਈ ਗੱਲ ਸਾਂਝੀ ਕੀਤੀ ਸੀ। ਦਲੀਲਾਂ ਤੇ ਝੂਠਾਂ ਦਾ ਸਹਾਰਾ ਲੈ ਕੇ, ਬੇਬਸੀ ਦਸਦੇ ਰਹੇ ਅਤੇ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਬਿਨਾਂ ਕੋਈ ਸਜ਼ਾ, ਤਨਖ਼ਾਹ ਲਾਏ ਦੇ, ਮੁਆਫ਼ ਕਰ ਦਿਤਾ। ਸਿੱਖ ਸੰਗਤ ਦੇ ਮਨਾਂ ਵਿਚ ਗਿਆਨੀ ਜ਼ੈਲ ਸਿੰਘ ਬਾਰੇ ਬੇਹੱਦ ਨਾਰਾਜ਼ਗੀ ਤੇ ਜੇ ਸੱਚ ਕਹੀਏ ਤਾਂ ਨਫ਼ਰਤ ਸੀ। ਸਿੱਖ ਦਿਲੋਂ ਸਿੰਘ ਸਾਹਿਬਾਨ ਨਾਲ ਵੀ ਗੁੱਸੇ ਸਨ ਕਿ ਗ਼ਲਤ ਤਰੀਕੇ ਨਾਲ ਗਿਆਨੀ ਜੀ ਨੂੰ ਬਖ਼ਸ਼ ਦਿਤਾ ਗਿਆ। ਨਾਮੀ ਲਿਖਾਰੀ ਸ. ਖ਼ੁਸ਼ਵੰਤ ਸਿੰਘ ਨੇ ਲਿਖਿਆ ਹੈ ਕਿ “ਉਸ ਵੇਲੇ ਜਿੰਨੀ ਗਾਲ, ਮੈਂ ਗਿਆਨੀ ਜੀ ਨੂੰ ਦਿਤੀ ਜਾਂਦੀ ਬਾਰੇ ਸੁਣੀ, ਉਤਨੀ ਤਾਂ ਮੈਂ ਨਾ ਕਦੇ ਸੁਣੀ ਹੈ, ਨਾ ਜਾਣੀ ਹੈ”

ਅਸਲ ਵਿਚ ਹਰ ਸਿੱਖ ਜਿਹੜਾ ਉੱਚੀ ਪਦਵੀ ‘ਤੇ ਬੈਠਾ ਸੀ ਅਤੇ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ, ਕੁੱਝ ਕਰਨ ‘ਤੇ ਕਹਿਣ ਦੀ ਹਿੰਮਤ ਵੀ ਨਾ ਕਰ ਸਕਿਆ, ਉਸ ਤੋਂ ਸਿੱਖ ਬੇਹੱਦ ਖ਼ਫ਼ਾ ਸਨ। ਗਿਆਨੀ ਜ਼ੈਲ ਸਿੰਘ ਦੇ ਲਫ਼ਜ਼ ਜਿਹੜੇ ਉਨ੍ਹਾਂ ਨੇ ਇੰਦਰਾ ਗਾਧੀ ਦੇ ਗੁਣ ਗਾਉਂਦਿਆਂ ਕਹੇ ਸਨ “ਇੰਦਰਾ ਗਾਂਧੀ ਦੇਸ਼ ਨੂੰ ਬਖ਼ਸ਼ੀ ਪ੍ਰਮਾਤਮਾ ਦੀ ਸੌਗਾਤ ਹੈ”-ਸਿੱਖਾਂ ਨੂੰ ਰੜਕ ਰਹੇ ਸਨ। ਤਕਨੀਕੀ ਤੌਰ ‘ਤੇ ਤਾਂ ਇਹ ਗੱਲ ਸ਼ਾਇਦ ਠੀਕ ਹੋਵੇ ਕਿ ਇੰਦਰਾ ਗਾਧੀ ਨੇ ਦਰਬਾਰ ਸਾਹਿਬ ‘ਤੇ ਫ਼ੌਜ ਚੜ੍ਹਾਉਣ ਲਗਿਆਂ, ਰਾਸ਼ਟਰਪਤੀ ਨੂੰ ਭਰੋਸੇ ਵਿਚ ਨਾ ਲਿਆ ਹੋਵੇ ਪਰ ਏਨੀ ਉੱਚ ਪਦਵੀ ‘ਤੇ ਬੈਠਣ ਵਾਲਾ ਸਿੱਖ, ਕੇਂਦਰ ਸਰਕਾਰ ਦੇ ਇਹੋ ਜਹੇ ਕਾਰੇ ਬਾਰੇ ਦੋ ਸ਼ਬਦ ਵੀ ਨਾ ਬੋਲਿਆ ਤੇ ਅਪਣੇ ਪਦ ਤੋਂ ਅਸਤੀਫ਼ਾ ਤਾਂ ਕੀ ਦੇਣਾ ਸੀ, ਜਦੋਂ 2 ਜੂਨ 1984 ਨੂੰ ਫ਼ੌਜ ਨੇ ਘੇਰਾ ਪਾ ਲਿਆ ਸੀ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਵਾਰ-ਵਾਰ ਲਾਈਟਨਿੰਗ ਕਾਲਾਂ ਕਰ ਕੇ, ਰਾਸ਼ਟਰਪਤੀ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ ਕਰਦੇ ਰਹੇ ਪਰ ਰਾਸ਼ਟਰਪਤੀ ਦੇ ਸਕੱਤਰ ਨੇ ਗੱਲ ਨਾ ਕਰਵਾਈ। ਇਸ ਗੱਲ ਦਾ ਇੰਕਸ਼ਾਫ਼ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਡੇ ਕੋਲ ਅਪਣੀ ਭੇਂਟ ਵਿਚ ਆਪ ਕੀਤਾ ਸੀ। ਤਰਲੋਚਨ ਸਿੰਘ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਸਨ। ਉਨ੍ਹਾਂ ਨੇ ਲੇਖਕ ਨੂੰ ਆਪ ਦਸਿਆ ਹੈ ਕਿ ਅੰਮ੍ਰਿਤਸਰ ਵਿਚ ਜਦੋਂ ਫ਼ੌਜ ਦੀ ਹਿੱਲ-ਜੁਲ ਹੋਈ ਤਾਂ ਉਥੋਂ ਦੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਇਸ ਬਾਰੇ ਦਸਿਆ ਤੇ ਉਨ੍ਹਾਂ ਨੇ ਗਿਆਨੀ ਜੀ ਨੂੰ ਸੂਚਿਤ ਕੀਤਾ ਸੀ। ਇਸ ਤੋਂ ਇਕ ਗੱਲ ਸਾਫ਼ ਹੈ ਕਿ ਗਿਆਨੀ ਜ਼ੈਲ ਸਿੰਘ ਕਿਸੇ ਹਨੇਰੇ ਵਿਚ ਨਹੀਂ ਸਨ ਕਿ ਅੰਮ੍ਰਿਤਸਰ ਕੀ ਹੋ ਰਿਹਾ ਹੈ? 17 ਜੂਨ 1984 ਨੂੰ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਟੀ.ਵੀ. ‘ਤੇ ਆ ਕੇ ਬਿਆਨ ਦਿਤਾ ਕਿ ਭਾਰਤੀ ਫ਼ੌਜ ਨੇ ਹਰਮੰਦਰ ਸਾਹਿਬ ਉਤੇ ਇਕ ਵੀ ਗੋਲੀ ਚਲਾਏ ਬਿਨਾਂ ਅਪਣੀਆਂ ਜਾਨਾਂ ਵਾਰ ਦਿਤੀਆਂ ਜਦਕਿ ਉਨ੍ਹਾਂ ਉਪਰ ਹਰ ਪਾਸਿਉਂ ਗੋਲੀਆਂ ਦਾ ਮੀਂਹ ਵਰ੍ਹ ਰਿਹਾ ਸੀ। ਇਸ ਬਿਆਨ ਨੇ ਸਿੱਖਾਂ ਦੇ ਹਿਰਦੇ ਅਤੇ ਕਲੇਜੇ ਵਿਚ ਅੱਗ ਲਗਾ ਦਿਤੀ।

ਇਹ ਸਮਾਂ ਗਿਆਨੀ ਜੀ ਲਾਈ ਪਰਖ ਦੀ ਘੜੀ ਸੀ ਤੇ ਇਸ ਤੋਂ ਉਨ੍ਹਾਂ ਦੀ ਅੰਦਰੂਨੀ ਆਤਮਾ ਦੀ ਝਲਕ ਨਜ਼ਰ ਆਉਂਦੀ ਸੀ। ਪਰ ਸਿੱਖ ਇਤਿਹਾਸ ਦੀਆਂ ਪਾਰਖੂ ਅੱਖਾਂ ਵਿਚ ਗਿਆਨੀ ਜ਼ੈਲ ਸਿੰਘ ਥਿੜਕੇ। ਸਿੱਖ ਕੌਮ ਲਈ ਇਹ ਏਨੀ ਵੱਡੀ ਦੁਖਦਾਈ ਘਟਨਾ ਸੀ ਪਰ ਗਿਆਨੀ ਜ਼ੈਲ ਸਿੰਘ ਦੀ ਬਦਕਿਸਮਤੀ ਵੇਖੋ ਕਿ ਉਹ ਸਿੱਖ ਇਤਿਹਾਸ ਵਿਚ ਅਪਣੀ ਥਾਂ ਨਾ ਬਣਾ ਸਕੇ।

ਭਾਰਤੀ ਫ਼ੌਜ 27 ਅਕਤੂਬਰ 1984 ਨੂੰ ਦਰਬਾਰ ਸਾਹਿਬ ਸਮੂਹ ਦੀਆਂ ਸਾਰੀਆਂ ਇਮਾਰਤਾਂ ਤੋਂ ਹਟਾ ਲਈ ਗਈ ਪਰ ਗੁਰੂ ਨਾਨਕ ਨਿਵਾਸ ਅਤੇ ਗੁਰੂ ਰਾਮ ਦਾਸ ਸਰਾਂ ਦੀ ਉਪਰਲੀ ਮੰਜ਼ਲ ਅਜੇ ਵੀ ਪੁਲਿਸ ਦੇ ਕਬਜ਼ੇ ਵਿਚ ਸੀ। ਇਸ ਦੇਸ਼ ਦੇ ਮੀਡੀਏ ਦੀ ਚਾਪਲੂਸੀ ਵੇਖੋ ਕਿ ਇੰਦਰਾ ਗਾਂਧੀ ਦੇ ਐਲਾਨ ਕਿ ਫ਼ੌਜ ਕੱਢ ਲਈ ਹੈ, ਦਾ ਬੜੀ ਉਦਾਰਦਿਲੀ ਨਾਲ ਗੁਣਗਾਨ ਕੀਤਾ ਗਿਆ ਅਤੇ ਇਸ ਨੂੰ ਸਿੱਖ ਕੌਮ ਉਤੇ ਪਰਉਪਕਾਰ ਬਣਾ ਕੇ ਪੇਸ਼ ਕੀਤਾ ਗਿਆ।

ਸਾਰੀ ਵੱਡੀ ਅਕਾਲੀ ਲੀਡਰਸ਼ਿਪ, ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਉਪਰਲੇ ਸਾਰੇ ਮੁਖੀ, ਟਕਸਾਲ ਦੇ ਨੁਮਾਇੰਦੇ ਤੇ ਹੋਰ ਹਜ਼ਾਰਾਂ ਸਿੱਖ ਨੌਜਵਾਨ ਤੇ ਬੀਬੀਆ ਜੇਲਾਂ ਵਿਚ ਡੱਕ ਦਿਤੇ ਗਏ ਸਨ। ਦੂਜੇ ਪਾਸੇ, ਧਰਮੀ ਫ਼ੌਜੀ ਵੀਰਾਂ ਨੇ ਅਪਣੀਆਂ ਬੈਰਕਾਂ ਛੱਡ ਦਿਤੀਆਂ ਸਨ ਤੇ ਉਹ ਅੰਮ੍ਰਿਤਸਰ ਵਲ ਨੂੰ ਚੱਲ ਪਏ ਜਦ ਫ਼ੌਜ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਉਨ੍ਹਾਂ ਵਿਚ ਕਈ ਤਾਂ ਫ਼ੌਜ ਦੀਆਂ ਗੋਲੀਆ ਦਾ ਸ਼ਿਕਾਰ ਹੋ ਗਏ। ਬਾਕੀ ਧਰਮੀਆਂ ਨੂੰ ਫੜ ਕੇ, ਫ਼ੌਜ ਨੇ ਪਹਿਲਾਂ ਅਪਣੀ ਹਿਫ਼ਾਜ਼ਤ ਤੇ ਫਿਰ ਸਿਵਲ ਜੇਲਾਂ ਵਿਚ ਭੇਜ ਦਿਤਾ।

ਦਰਬਾਰ ਸਾਹਿਬ ਸਮੂਹ ਵਿਚ ਹਜ਼ਾਰਾਂ ਵੀਰ ਸ਼ਹੀਦ ਹੋ ਗਏ। ਉਨ੍ਹਾਂ ਸ਼ਹੀਦਾਂ ਦੇ ਪ੍ਰਵਾਰਾਂ ਦੀ ਹਾਲਤ ਕਿਵੇਂ ਚੰਗੀ ਹੋ ਸਕਦੀ ਸੀ? ਸ਼੍ਰੋਮਣੀ ਕਮੇਟੀ ਹੀ ਸੰਸਥਾ ਸੀ ਜਿਸ ਨੇ ਅੱਗੇ ਵੱਧ ਕੇ ਇਸ ਸਬੰਧੀ, ਉਨ੍ਹਾਂ ਸ਼ਹੀਦਾਂ ਤੇ ਉਨ੍ਹਾਂ ਦੇ ਵਾਰਸਾਂ ਸਬੰਧੀ ਜਾਣਕਾਰੀ ਇਕੱਤਰ ਕਰਨ ਹਿੱਤ ਅਪਣੇ ਪ੍ਰਚਾਰਕਾਂ, ਇੰਸਪੈਕਟਰਾਂ ਤੇ ਬਾਕੀ ਹੋਰ ਸਟਾਫ਼ ਨੂੰ ਇਸ ਕੰਮ ਵਿਚ ਲਾਇਆ। ਇਸੇ ਸਮੇਂ ਹੋਰ ਸੰਸਥਾਵਾਂ ਵਲੋਂ ਵੀ ਉਨ੍ਹਾਂ ਸ਼ਹੀਦ ਪ੍ਰਵਾਰਾਂ ਲਈ ਬਾਹਰੋਂ ਵੀ ਮਾਇਆ ਇਕੱਠੀ ਕੀਤੀ ਜਾ ਰਹੀ ਸੀ। ਸਿੰਘ ਸਾਹਿਬਾਨ ਵਲੋਂ ਸਰਬੱਤ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਏ ਸ਼ਹੀਦ ਫ਼ੰਡ ਵਿਚ ਸਿੱਖ ਸੰਗਤ, ਮਾਇਆ ਦੇਵੇ ਤਾਕਿ ਉਨ੍ਹਾਂ ਦੇ ਪ੍ਰਵਾਰਾਂ ਨੂੰ ਸੰਭਾਲਿਆ ਜਾ ਸਕੇ। ਸ਼੍ਰੋਮਣੀ ਕਮੇਟੀ ਨੇ ਅਪਣੀ ਮੀਟਿੰਗ 23 ਅਕਤੂਬਰ 1984 ਨੂੰ ਮਤਾ ਪਾ ਕੇ ਹਰ ਸ਼ਹੀਦ ਪ੍ਰਵਾਰ ਨੂੰ ਦਸ-ਦਸ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਤੇ ਸ਼ੁਰੂ ਵਿਚ 2500 ਰੁਪਏ ਦੇਣੇ ਸ਼ੁਰੂ ਕੀਤੇ। ਬਾਕੀ ਰਕਮ ਬਾਅਦ ਵਿਚ ਦਿਤੀ ਗਈ। ਉਨ੍ਹਾਂ ਵਾਰਸਾਂ ਵਿਚੋਂ ਜਿਹੜੇ ਕਾਰੋਬਾਰ ਕਰ ਸਕਦੇ ਸਨ, ਉਨ੍ਹਾਂ ਲਈ ਗੁਰਦੁਆਰਾ ਰਾਮਸਰ ਸ੍ਰੀ ਅੰਮ੍ਰਿਤਸਰ ਵਿਖੇ ਸ਼ਹੀਦੀ ਮਾਰਕੀਟ ਬਣਾ ਕੇ, ਮਾਮੂਲੀ ਜਿਹੇ ਕਿਰਾਏ ਉਤੇ ਇਨ੍ਹਾਂ ਨੂੰ ਦੇਣ ਦਾ ਵੀ ਨਿਰਣਾ ਲਿਆ ਗਿਆ।

ਧਰਮੀ ਫ਼ੌਜੀ ਵੀਰ ਜਿਨ੍ਹਾਂ ਨੇ ਬੈਰਕਾਂ ਛਡੀਆਂ ਸਨ, ਉਹ ਤਕਰੀਬਨ 63 ਮਾਰੇ ਗਏ ਸਨ ਜਾਂ ਲਾਪਤਾ ਸਨ। ਕੋਰਟ ਮਾਰਸ਼ਲ ਕਰ ਕੇ 309 ਫ਼ੌਜੀਆਂ ਨੂੰ 2 ਸਾਲ ਤੋਂ 20 ਸਾਲ ਤਕ ਦੀ ਸਜ਼ਾ ਦਿਤੀ ਗਈ ਸੀ। ਟਰਾਇਲ ਦੀ ਵਿਧੀ ਕਰ ਕੇ 154 ਫ਼ੌਜੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਅਤੇ 954 ਨੂੰ 2 ਮਹੀਨੇ ਤੋਂ ਲੈ ਕੇ 15 ਮਹੀਨਿਆਂ ਤਕ ਦੀ ਸਜ਼ਾ ਦਿਤੀ ਗਈ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਵੀ ਮਾਇਕ ਸਹਾਇਤਾ ਦਿਤੀ। ਉਸ ਸਮੇਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ 2920 ਨੌਜਵਾਨਾਂ ‘ਤੇ ਕੇਸ ਚੱਲ ਰਹੇ ਸਨ ਜਿਨ੍ਹਾਂ ਦੀ ਪੈਰਵਾਈ, ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਵਕੀਲ ਕੀਤੇ ਜੋ ਧਰਮੀ ਫ਼ੌਜੀਆਂ ਦੇ ਕੇਸ ਲੜਦੇ ਰਹੇ ਅਤੇ ਇਸੇ ਤਰ੍ਹਾਂ ਜਿਹੜੇ ਜੋਧਪੁਰ ਤੇ ਹੋਰ ਜੇਲਾਂ ਵਿਚ ਨੌਜਵਾਨ ਸਿੰਘ ਸਨ, ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਵਲੋਂ ਸਥਾਪਤ ਵਕੀਲਾਂ ਨੇ ਕੀਤੀ।

ਲੇਖਕ ਨੇ ਉਸ ਸਮੇਂ ਦੇ ਵਕੀਲ ਸ. ਪੂਰਨ ਸਿੰਘ ਹੁੰਦਲ ਜਿਨ੍ਹਾਂ ਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਦੇ ਕੇਸ ਲੜੇ, ਉਨ੍ਹਾਂ ਨਾਲ ਭੇਟ ਕੀਤੀ। ਜੋ ਉਨ੍ਹਾਂ ਨੇ ਦਸਿਆ, ਉਸ ਦੀ ਰੀਕਾਰਡਿੰਗ ਸਾਡੇ ਪਾਸ ਹੈ ਤੇ ਲੋੜੀਂਦਾ ਹਿੱਸਾ, ਇਸ ਤਰ੍ਹਾਂ ਹੈ:-

ਸਵਾਲ: ਸ. ਪੂਰਨ ਸਿੰਘ ਜੀ, ਤੁਸੀ ਸਿੱਖਾਂ ਦੇ ਐਡਵੋਕੇਟ ਰਹੇ ਹੋ ਜੀ ਤੇ ਸਿੱਖ ਮਸਲਿਆਂ ਨਾਲ ਸਬੰਧਤ ਰਹੇ ਹੋ, ਕਾਨੂੰਨੀ ਵੀ ਤੇ ਦੂਜੇ ਵੀ। ਤੁਹਾਡੇ ਨਾਲ ਦੋ ਗੱਲਾਂ ਸਾਝੀਆਂ ਕਰਨੀਆਂ ਹਨ। ਤੁਹਾਡੀ ਕਿੰਨੇ ਚਿਰ ਦੀ ਐਸੋਸੀਏਸ਼ਨ ਰਹੀ ਅਕਾਲੀ ਦਲ ਨਾਲ ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਹੋਰਾਂ ਨਾਲ?

ਜਵਾਬ: ਸੱਭ ਤੋਂ ਪਹਿਲਾਂ ਮੈਂ ਸਰਕਾਰੀ ਵਕੀਲ ਸਾਂ। 1973 ਦੀ ਗੱਲ ਹੈ, ਇੰਦਰਾ ਗਾਧੀ ਦੂਰਦਰਸ਼ਨ ਦਾ ਉਦਘਾਟਨ ਕਰਨ ਆਈ ਸੀ। ਜਲਸੇ ਵਿਚ ਕਿਸੇ ਨੇ ਸੱਪ ਛੱਡ ਦਿਤਾ। ਉਸ ਵਿਚ 70 ਅਕਾਲੀ ਵਰਕਰਾਂ ਵਿਰੁਧ ਚਲਾਨ ਪੇਸ਼ ਹੋਇਆ। ਮੈਂ ਉਨ੍ਹਾਂ ਵਿਰੁਧ ਸਰਕਾਰੀ ਵਕੀਲ ਸੀ ਤੇ ਕੇਸ ਚਲਦਾ ਰਿਹਾ। ਅਜਮੇਰ ਸਿੰਘ ਉਦੋਂ ਅਕਾਲੀ ਦਲ ਦੇ ਸਕੱਤਰ ਹੁੰਦੇ ਸਨ। ਐਮਰਜੈਂਸੀ ਲੱਗੀ ਹੋਈ ਸੀ ਤਾਂ ਮੇਰੇ ਘਰ ਆਏ ਤੇ ਕਹਿੰਦੇ ਕਿ ਨੌਕਰੀ ਛੱਡੋ ਤੇ ਮੈਂ ਅਸਤੀਫ਼ਾ ਦੇ ਦਿਤਾ। 1978 ਵਿਚ ਜਦੋਂ ਨਿਰੰਕਾਰੀਆਂ ਨੇ 11 ਸਿੰਘ ਸ਼ਹੀਦ ਕੀਤੇ ਤੇ ਉਹ ਕੇਸ ਕਰਨਾਲ ਚਲਾ ਗਿਆ ਸੀ। ਉਹ ਕੇਸ ਫਿਰ 2 ਸਾਲ ਚਲਦਾ ਰਿਹਾ ਉਥੇ, ਜਿਹੜਾ ਨਿਰੰਕਾਰੀ ਮਰਡਰ ਕੇਸ ਸੀ। ਉਹ ਮੇਰੀ ਜ਼ਿੰਦਗੀ ਦਾ ਬੜਾ ਵੱਡਾ ਮੋੜ ਸੀ। ਇਕ ਵਾਰੀ ਰਾਤ ਸੰਤ ਜਰਨੈਲ ਸਿੰਘ ਮੇਰੇ ਕੋਲ ਆਏ। ਭਾਈ ਅਮਰੀਕ ਸਿੰਘ ਨਾਲ ਸਨ ਤੇ ਉਨ੍ਹਾਂ ਨੇ ਮੇਰਾ ਦਰਵਾਜ਼ਾ ਖੜਕਾਇਆ।ਮੈਂ ਉਠਿਆ। ਉਨ੍ਹਾਂ ਕਿਹਾ ਕਿ ਇਹ ਕੇਸ ਤੁਸੀ ਕਰਨਾ ਹੈ, ਜੇ ਤੁਸੀ ਕਰ ਸਕਦੇ ਹੋ। ਉਨ੍ਹਾਂ ਨਾਲ ਇਸ ਤਰ੍ਹਾਂ ਸਬੰਧ ਬਣੇ।

ਸਵਾਲ: ਸੰਤ ਜਰਨੈਲ ਸਿੰਘ ਤੁਹਾਡੀ ਸਲਾਹ ਵੀ ਲੈਂਦੇ ਰਹੇ? ਜੂਨ 1984 ਵਿਚ ਤੁਸੀ ਕਿਥੇ ਸੀ?

ਜਵਾਬ: ਮੈਂ ਅੰਮ੍ਰਿਤਸਰ ਸੀ। ਸਵੇਰ ਤੋਂ ਸ਼ਾਮ ਤਕ ਉਥੇ ਮਸ਼ਰੂਫ਼ ਰਹਿੰਦੇ ਸੀ। ਇਕ ਵਾਰੀ ਮੈਂ ਰੋਪੜ ਤੋਂ ਜਦੋਂ ਸ਼ਾਮ ਨੂੰ ਵਾਪਸ ਗਿਆ, ਬੜੀ ਮੁਸ਼ਕਲ ਨਾਲ ਘਰ ਪਹੁੰਚਿਆ। ਆਰਮੀ ਫ਼ੋਰਸ ਨੇ ਸਾਰਾ ਕੰਟਰੋਲ ਕਰ ਲਿਆ ਸੀ। 3 ਜੂਨ 1984 ਨੂੰ ਭਾਈ ਅਮਰੀਕ ਸਿੰਘ ਦਾ ਟੈਲੀਫ਼ੋਨ ਆਇਆ ਸੀ ਤੇ ਮੈਂ ਕਚਹਿਰੀ ਗਿਆ ਹੋਇਆ ਸੀ। ਜਦੋਂ ਮੈਂ ਘਰ ਆਇਆ ਤਾਂ ਮੇਰੀ ਪਤਨੀ ਕਹਿਣ ਲਗੀ ਕਿ ਭਾਈ ਅਮਰੀਕ ਸਿੰਘ ਜੀ ਦਾਂ ਫ਼ੋਨ ਆਇਆ ਸੀ। ਮੈਂ ਫਿਰ ਫ਼ੋਨ ਕੀਤਾ, ਗੱਲਾਂ ਕਰਦੇ-ਕਰਦੇ, ਮੈਨੂੰ ਕਹਿੰਦੇ ਕਿ ਸੰਤ ਜੀ ਤੁਹਾਨੂੰ ਬੜਾ ਯਾਦ ਕਰਦੇ ਰਹੇ ਹਨ। ਮੈਂ ਕਿਹਾ ਕਿ ਮੈਨੂੰ ਪਤਾ ਹੁੰਦਾ ਤਾਂ ਮੈਂ ਪਹਿਲਾਂ ਹੀ ਆ ਜਾਂਦਾ। ਕਹਿੰਦੇ ਕਿ ਹੁਣ ਆ ਜਾ। ਅਸੀ ਗੱਲ ਕਰ ਹੀ ਰਹੇ ਸੀ ਕਿ ਟੈਲੀਫ਼ੋਨ ਬੰਦ ਹੋ ਗਿਆ।

ਸਵਾਲ : ਇਹ ਫਿਰ ਆਖ਼ਰੀ ਫ਼ੋਨ ਸੀ?

ਜਵਾਬ: ਆਖ਼ਰੀ ਫ਼ੋਨ ਸੀ ਜੋ ਭਾਈ ਅਮਰੀਕ ਸਿੰਘ ਨਾਲ ਗੱਲ ਹੋਈ।

ਸਵਾਲ: ਤੁਹਾਡੀ ਸੰਤ ਜਰਨੈਲ ਸਿੰਘ ਨਾਲ ਵੀ ਕੋਈ ਗੱਲ ਹੋਈ?

ਜਵਾਬ: ਮੈਂ 1 ਜੂਨ ਨੂੰ ਆਖ਼ਰੀ ਵਾਰ ਮਿਲਿਆ। ਉਹ ਵੀ ਇਸ ਕਰ ਕੇ ਕਿਉਂਕਿ ਸਾਰਾ ਦਿਨ ਗੋਲੀਆਂ ਚਲਦੀਆਂ ਰਹੀਆਂ ਸਨ।

ਸਵਾਲ: ਤੁਸੀ ਮਿਲਣ ਗਏ?

ਜਵਾਬ: ਮੈਂ ਦਰਬਾਰ ਸਾਹਿਬ ਮਿਲਣ ਗਿਆ ।

ਸਵਾਲ: ਕੋਈ ਖ਼ਾਸ ਗੱਲ ਜੇ ਯਾਦ ਹੋਵੇ ਤਾਂ?

ਜਵਾਬ: ਖ਼ਾਸ ਗੱਲ ਤਾਂ ਇਹੀ ਸੀ ਕਿ ਮੈਂ ਕਿਹਾ ਕਿ ਮੈਂ ਵੀ ਗ੍ਰਿਫ਼ਤਾਰੀ ਦੇਣੀ ਹੈ। ਮੈਨੂੰ ਪੁੱਛਣ ਲਗੇ ਕਿ ਗ੍ਰਿਫ਼ਤਾਰੀ ਕਾਹਦੇ ਵਾਸਤੇ ਦੇਣੀ ਹੈ? ਮੈਂ ਕਿਹਾ ਕਿ ਜੀਅ ਕਰ ਆਉਂਦਾ ਹੈ ਇਲੈਸ਼ਨ ਲੜਨ ਨੂੰ। ਉਨ੍ਹਾਂ ਆਖਿਆ ਕਿ ਤੁਸੀ ਜੇਲ ਵਿਚ ਰਹੋਗੇ ਤਾਂ ਸਾਡੇ ਕੇਸ ਕੌਣ ਲੜੇਗਾ? ਉਨ੍ਹਾਂ ਕਿਹਾ ਕਿ ਤੁਸੀ ਸੇਵਾ ਕਰੋ ਬਾਹਰ ਰਹਿ ਕੇ।

ਸਵਾਲ: ਫਿਰ ਜਦੋਂ ਉਸ ਤੋਂ ਬਾਅਦ ਇਹ ਸਾਰੇ ਗ੍ਰਿਫ਼ਤਾਰ ਹੋ ਗਏ, ਅਕਾਲੀ ਲੀਡਰ ਵੀ ਫੜੇ ਗਏ, ਸਿੱਖ ਫ਼ੈਡਰੇਸ਼ਨ ਦੇ ਬੰਦੇ ਵੀ ਫੜੇ ਗਏ, ਟਕਸਾਲ ਦੇ ਬੰਦੇ ਫੜੇ ਗਏ, ਬਹੁਤ ਸਾਰੇ ਮਾਰੇ ਵੀ ਗਏ, ਉਸ ਦੌਰਾਨ ਤੁਸੀ ਕੋਈ ਪਟੀਸ਼ਨ ਵੀ ਪਾਈ?

ਜਵਾਬ: ਉਸ ਵਿਚ ਕੋਈ ਵਿਸ਼ੇਸ਼ ਪਟੀਸ਼ਨ ਤਾਂ ਨਹੀ ਪਾਈ ਪਰ ਜਦੋਂ ਬਲੂ ਸਟਾਰ ਨੂੰ ਹੋਏ 10 ਦਿਨ ਹੋਏ ਸੀ ਤਾਂ ਇਕ ਸੰਦੇਸ਼ ਆਇਆ ਕਿ ਤੁਹਾਨੂੰ ਐਨ.ਐਸ.ਏ ਅਧੀਨ ਫੜਨਾ ਚਾਹੁੰਦੀ ਹੈ, ਬੱਚੇ ਮੈਂ ਅਪਣੇ ਪਿੰਡ ਭੇਜ ਦਿਤੇ ਸਨ।

ਸਵਾਲ: ਜੋਧਪੁਰ ਵਿਚ ਜਿਹੜੇ ਫੜੇ ਗਏ ਸੀ, ਸੀਨੀਅਰ ਖਾੜਕੂ ਜਿਵੇਂ ਭਾਈ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ ਤੇ ਬਾਕੀ ਹੋਰ ਵੀ ਸਨ?

ਜਵਾਬ: ਆਪਰੇਸ਼ਨ ਬਲੂ ਸਟਾਰ ਨੂੰ ਮਹੀਨਾ ਵੀ ਨਹੀਂ ਸੀ ਹੋਇਆ। ਐਨ.ਐਸ.ਏ ਲਾ ਕੇ, ਡੀਟੈਨਸ਼ਨ ਵਿਚ ਰਖਦੇ ਰਹੇ, ਉਨ੍ਹਾਂ ਨੂੰ ਜਵਾਬ ਦੇਣੇ ਹੁੰਦੇ ਹਨ। ਉਨ੍ਹਾਂ ਦੇ ਜਵਾਬ ਤਾਂ ਸਾਰੇ ਜੇਲ ਵਿਚੋਂ ਹੀ ਬਣਵਾਣੇ ਸਨ। ਮੈਂ ਹਰ ਜੇਲ ਵਿਚ ਜਾਣਾ, ਜਵਾਬ ਤਿਆਰ ਕਰਨੇ ਤੇ ਫਿਰ ਭੇਜਣੇ। 5 ਜਨਵਰੀ 1985 ਵਿਚ ਚਲਾਨ ਦੇ ਦਿਤਾ ਜੋਧਪੁਰ ਜੇਲ ਵਿਚ। ਫਿਰ ਬਲਵੰਤ ਸਿੰਘ ਦੇ ਘਰ ਇਕ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਸਾਰੇ ਸਿੱਖ ਐਡਵੋਕੇਟ ਸੱਦੇ। ਉਸ ਤੋਂ ਬਾਅਦ ਜੋਧਪੁਰ ਚਲਾ ਗਿਆ ਤੇ ਸਾਢੇ ਚਾਰ ਸਾਲ ਜੋਧਪੁਰ ਰਿਹਾ।

ਸਵਾਲ: ਚਾਰ ਸਾਲ ਉਥੇ ਹੀ ਰਹੇ?

ਜਵਾਬ: ਸਾਢੇ ਤਿੰਨ ਸਾਲ ਤਾਂ ਲਗਾਤਾਰ ਹੀ ਮੈਂ ਉਥੇ ਰਿਹਾ।

ਸਵਾਲ: ਸਾਰੇ ਕੇਸ ਤੁਸੀ ਹੀ ਕੀਤੇ?

ਜਵਾਬ: ਸਾਰਾ ਕੇਸ ਸ਼ੁਰੂ ਤੋਂ ਹੀ ਮੇਰਾ ਕੀਤਾ ਹੋਇਆ ਹੈ ਪਰ ਕੇਸ ਕਰਨ ਦੀ ਬਹੁਤੀ ਨਹੀਂ ਸੀ ਬਲਕਿ ਕੇਸ ਦਾ ਅਸਰ ਕੀ ਹੋਇਆ? ਜੱਜ ਬੜਾ ਚੰਗਾ ਸੀ, ਹਿੰਦੂ ਸੀ। ਜਿਹੜਾ ਗਵਾਹੀ ਦਿੰਦਾ ਸੀ, ਸਾਨੂੰ ਕੀ ਪਤਾ ਉਹ ਕੌਣ ਹੋ? ਉਸ ਨੇ ਆਰਡਰ ਕੀਤਾ ਕਿ ਜਿਹੜੇ ਨਾਂ ਕੱਟੇ ਹੋਏ ਹਨ, ਪਹਿਲਾਂ ਉਹ ਨਾਂ ਦਿਉ ਤਾਕਿ ਡੀਫ਼ੈਂਸ ਲਾ ਸਕਣ। ਉਸ ਆਰਡਰ ਵਿਰੁਧ ਹਾਈ ਕੋਰਟ ਅਪੀਲ ਕੀਤੀ, ਸੀ.ਬੀ.ਆਈ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ। ਸੁਪਰੀਮ ਕੋਰਟ ਨੇ ਫ਼ਾਈਲ ਸਟੇਅ ਕਰਨ ਤੋਂ ਬਾਅਦ ਫ਼ਾਈਲ ਹੀ ਤਲਬ ਕਰ ਲਈ। ਸੋ ਫ਼ਾਈਲ ਜੋ ਉਸ ਕੇਸ ਦੀ ਸੀ, ਉਹ ਅਜੇ ਵੀ ਉਥੇ ਪਈ ਹੈ। ਸਮਝੌਤਾ ਹੋਇਆ ਰਾਜੀਵ ਗਾਂਧੀ ਤੇ ਲੌਂਗੋਵਾਲ ਦਾ ਅਤੇ ਉਸ ਅਧੀਨ, ਸਾਰੇ ਕੈਦੀ ਛੱਡ ਦਿਤੇ, ਕੇਸ ਵਾਪਸ ਹੋ ਗਏ।

ਸਵਾਲ: ਇਹ ਬੜੇ ਵੱਡੇ ਕੇਸ ਸੀ ਸਿੱਖਾਂ ਦੇ, ਸਾਢੇ ਤਿੰਨ ਸਾਲ ਤੁਸੀ ਕੇਸਾਂ ਵਿਚ ਉਥੇ ਰਹਿ ਕੇ ਲਾਇਆ?

ਜਵਾਬ: ਹਾਂ ਜੀ, ਉਥੇ ਹੀ ਰਹਿਣਾ ਪਿਆ ਕਿਉਂਕਿ ਜੋਧਪੁਰ ਜੇਲ ਵਿਚ ਇਹ ਸਾਰੇ ਸਨ ਤੇ ਰੋਜ਼ ਤਰੀਕਾਂ ਲਗਦੀਆਂ ਸਨ।

ਸਵਾਲ: ਤੁਸੀ ਸੰਤ ਜਰਨੈਲ ਸਿੰਘ ਹੋਰਾਂ ਨੂੰ ਨੇੜੇ ਹੋ ਕੇ ਵੇਖਿਆ ਹੈ, ਤੁਹਾਡਾ ਉਨ੍ਹਾਂ ਬਾਰੇ ਕੀ ਕਹਿਣਾ ਹੈ?

ਜਵਾਬ: ਘੱਟ ਵਿਦਿਆ ਹੋਣ ਦੇ ਬਾਵਜੂਦ ਬਹੁਤ ਵੱਡੇ ਵਿਦਵਾਨ ਸਨ। ਸਿੱਖ ਜਜ਼ਬਾ ਉਨ੍ਹਾਂ ਵਿਚ ਕੁਟ-ਕੁਟ ਕੇ ਭਰਿਆ ਹੋਇਆ ਸੀ। ਅਸਲ ਗੱਲ ਇਹ ਸੀ ਕਿ ਸਰਕਾਰ ਚਾਹੁੰਦੀ ਸੀ ਕਿ ਸਿੱਖਾਂ ਨੂੰ ਕਿਸੇ ਤਰ੍ਹਾਂ ਤੋੜਿਆ ਜਾਵੇ। ਸਰਕਾਰ ਦਾ ਸਾਰਾ ਜ਼ੋਰ ਲੱਗ ਰਿਹਾ ਸੀ ਕਿ ਸਿੱਖਾਂ ਨੂੰ ਤੋੜਿਆ ਜਾਵੇ, ਕਮਜ਼ੋਰ ਕੀਤਾ ਜਾਵੇ। ਜੇ ਇਹੀ ਜ਼ੋਰ ਸਿੱਖਾਂ ਨੂੰ ਮਜ਼ਬੂਤ ਕਰਨ ਲਈ ਲਾਉਂਦੀ ਤਾਂ ਦੇਸ਼ ਮਜ਼ਬੂਤ ਹੁੰਦਾ।

ਸਵਾਲ: 1984 ਤੋਂ ਬਾਅਦ ਹੀ ਤੁਰਤ ਰਾਜ਼ੀਨਾਮੇ ਦੀ ਗੱਲ ਚੱਲ ਪਈ। ਜੋਧਪੁਰ ਵਿਚ ਜਿਹੜੇ ਨੌਜਵਾਨ ਫ਼ੈਡਰੇਸ਼ਨ ਦੇ ਸਿੰਘ ਸਨ, ਇਨ੍ਹਾਂ ਨਾਲ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ। ਉਸ ਬਾਰੇ ਤੁਹਾਨੂੰ ਕੋਈ ਭਰੋਸੇ ‘ਚ ਲਿਆ ਲੀਡਰਸ਼ਿਪ ਨੇ ਜਾਂ ਗੱਲਬਾਤ ਕੀਤੀ?

ਜਵਾਬ: ਉਦੋਂ ਸਿੱਖ ਲੀਡਰਸ਼ਿਪ ਸੀ-ਭਾਈ ਮਨਜੀਤ ਸਿੰਘ, ਭਾਈ ਹਰਮਿੰਦਰ ਸਿੰਘ ਸੰਧੂ ਅਤੇ ਚਾਵਲਾ ਜੀ ਆਦਿ ਤੇ ਮੁੱਖ ਤੌਰ ‘ਤੇ ਦੋ ਬੰਦਿਆਂ ਜਾਂ ਅਰਜਨ ਸਿੰਘ ਨੂੰ ਮਿਲਦੇ ਰਹੇ। ਇਨ੍ਹਾਂ ਨੂੰ ਚੁੱਕ ਕੇ ਦਿੱਲੀ ਲਿਜਾਂਦੇ ਰਹੇ ਜਹਾਜ਼ ਰਾਹੀਂ। ਲੇਕਿਨ ਕਿਸੇ ਦੀ ਸਲਾਹ ਨਹੀਂ ਲਈ, ਸਿਵਾਏ ਉਸ ਕੇਸ ਤੋਂ। ਨਾ ਇਨ੍ਹਾਂ ਨੇ ਦੱਸ ਕੇ ਜਾਣਾ, ਨਾ ਇਨ੍ਹਾਂ ਨੇ ਦਸਣਾ ਕਿ ਕੀ ਗੱਲ ਕਰਨੀ ਹੈ। ਆ ਕੇ ਸਿਰਫ਼ ਇਹੀ ਦਸਿਆ ਕਿ ਗੱਲ ਕਰ ਕੇ ਆਏ ਹਾਂ।
ਦੇਸ਼ ਦੀ ਸਰਕਾਰ ਨੇ ਤਾਂ ਇਨ੍ਹਾਂ ਸਿੱਖ ਨੌਜਵਾਨਾਂ ਵਿਰੁਧ ਨੈਸ਼ਨਲ ਸਕਿਉਰਟੀ ਐਕਟ ਤੇ ਟਾਡਾ ਵਰਗੇ ਸਖ਼ਤ ਕਾਨੂੰਨ ਲਾਏ ਸੀ। ਸਥਾਪਤ ਵਕੀਲ ਕੇਸ ਲੜਦੇ ਰਹੇ-ਪਰ ਸਰਕਾਰ ਤੇ ਉਨ੍ਹਾਂ ਦੇ ਹੀ ਮਨੋਨੀਤ ਜੱਜਾਂ ਅੱਗੇ ਸਿਵਾਏ ਦਲੀਲਾਂ ਦੇਣ ਦੇ, ਕੁੱਝ ਵੀ ਹੋਰ ਨਹੀਂ ਸੀ। ਵੱਡੇ ਅਕਾਲੀ ਲੀਡਰ ਤਾਂ ਜਦੋਂ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ, ਰਿਹਾਅ ਕਰ ਦਿਤੇ ਗਏ। ਸੈਂਕੜੇ ਹੀ ਨੌਜਵਾਨ, ਚਾਰ ਸਾਲਾਂ ਤੋਂ ਵੱਧ ਸਮੇਂ ਲਈ ਜੇਲਾਂ ਵਿਚ ਡੱਕੇ ਰਹੇ। ਸਰਕਾਰ ਦਾ ਕੁਰੱਖਤ ਵਤੀਰਾ, ਜੇਲਾਂ ਵਿਚ ਇਕੱਲਪਣ, ਇਧਰੋਂ ਪ੍ਰਵਾਰਾਂ ਦੀਆਂ ਆਰਥਕ ਤੇ ਮਾਨਸਕ ਤਕਲੀਫ਼ਾਂ ਕਰ ਕੇ ਇਹ ਸਿਦਕੀ ਸਿੱਖ, ਵਾਹਿਗੁਰੂ ‘ਤੇ ਭਰੋਸਾ ਰੱਖ ਕੇ, ਅਰਜ਼ੋਈਆਂ ਕਰਦੇ ਰਹੇ।

ਨੌਜਵਾਨਾਂ ਨੇ ਤਫ਼ਤੀਸ਼ਾਂ ਦੌਰਾਨ ਅਸਹਿ ਕਸ਼ਟ ਸਹੇ। ਕਈ ਕਈ ਮਹੀਨਿਆਂ ਬਾਅਦ, ਕਈ ਪ੍ਰਵਾਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿਆਰੇ ਜ਼ਿੰਦਾ ਹਨ। ਸਰਕਾਰ ਨੇ ਕੌਮ ਨੂੰ ਕੁਚਲਣ ਦੀ ਕੋਈ ਕਸਰ ਨਹੀਂ ਸੀ ਛੱਡੀ। ਇਨ੍ਹਾਂ ਜੁਝਾਰੂਆਂ ਦੇ ਪ੍ਰਵਾਰ ਤਾਂ ਸਾਲਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ, ਹੁਣ ਤਕ, ਪੈਰਾਂ ‘ਤੇ ਖੜੇ ਨਹੀਂ ਹੋ ਸਕੇ। ਸਮੁੱਚੀ ਸਿੱਖ ਕੌਮ ਦਾ ਫ਼ਰਜ਼ ਹੈ ਕਿ ਇਨ੍ਹਾਂ ਦਲੇਰ ਤੇ ਸਿਦਕੀ ਸਿੱਖਾਂ ਦੇ ਪ੍ਰਵਾਰਾਂ ਦੀ ਸਾਰ ਲਈ ਜਾਵੇ। ਉਨ੍ਹਾਂ ਕੁਰਬਾਨੀਆਂ ਕੀਤੀਆਂ ਹਨ ਤੇ ਤਕਲੀਫ਼ ਤੇ ਕਸ਼ਟ ਝੱਲੇ ਹਨ, ਇਸ ਲਈ ਕਿ ਉਹ ਸਿੱਖ ਸਨ ਤੇ ਅਸੀ ਸਾਰੇ ਵੀ, ਉਨ੍ਹਾਂ ਪ੍ਰਵਾਰਾਂ ਨੂੰ ਅਪਣਾ ਸਮਝਦੇ ਹੋਏ, ਹਰ ਸੰਭਵ ਮਦਦ ਕਰੀਏ। ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕਦਰ ਕਰੀਏ ਤੇ ਜੋ ਕੁੱਝ ਵੀ ਉਨ੍ਹਾਂ ਪ੍ਰਵਾਰਾਂ ਖ਼ਾਤਰ ਕਰ ਸਕਦੇ ਹਾਂ, ਉਹ ਜ਼ਰੂਰ ਕਰੀਏ।

ਮੋਬਾਈਲ : 88720-06924

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.