ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸ੍ਰੀ ਗੁਰੂ ਤੇਗ ਬਹਾਦਰ ਜੋ ਹਿੰਦ ਦੀ ਚਾਦਰ ਵਜੋਂ ਨਿਵਾਜੇ ਜਾਂਦੇ ਹਨ, ਦੀ ਲਾਸਾਨੀ ਸ਼ਹਾਦਤ ਸਮਰਪਿਤ ਸਮਰਾਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੁਪਹਿਰ ਮੌਕੇ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਛੀਵਾੜਾ ਰੋਡ ਤੋਂ ਚੱਲਿਆ।

ਇਹ ਨਗਰ ਕੀਰਤਨ ਸਮਰਾਲਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ, ਬਾਜ਼ਾਰਾਂ ਤੇ ਗਲੀਆਂ ‘ਚੋਂ ਹੁੰਦਾ ਹੋਇਆ ਵਾਪਸ ਇਸੇ ਗੁਰਦੁਆਰਾ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ‘ਚ ਗੁਰੂ ਗੰ੍ਥ ਸਾਹਿਬ ਦੀ ਪਾਲਕੀ ਫੁੱਲਾਂ ਨਾਲ ਸਜਾਈ ਹੋਈ ਸੀ, ਜਿਸ ਨੂੰ ਰਸਤੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਨਮਸਕਾਰ ਕੀਤਾ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਦੁਆਰਾ ਕੀਤੀ ਗਈ। ਅੱਗੇ ਬੈਂਡ, ਗੱਤਕਾ ਪਾਰਟੀ ਨੇ ਵੀ ਆਪਣੇ ਜੋਹਰ ਦਿਖਾਏ। ਦਰਜਨਾਂ ਟਰਾਲੀਆਂ ‘ਚ ਰਾਗੀ, ਢਾਡੀਆਂ ਨੇ ਵੀਰ ਰਸੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ।

ਨਗਰ ਕੀਰਤਨ ਦੇ ਸਵਾਗਤ ਲਈ ਬਾਜ਼ਾਰ ‘ਚ ਵੱਖ-ਵੱਖ ਥਾਵਾਂ ‘ਤੇ ਸੰਗਤ ਲਈ ਲੰਗਰ ਸਜਾਏ ਗਏ। ਇਸ ਨਗਰ ਕੀਰਤਨ ਦਾ ਪ੍ਰਬੰਧ ਲਖਬੀਰ ਸਿੰਘ, ਹਿੰਮਤ ਸਿੰਘ, ਹਰਮੀਤ ਸਿੰਘ, ਪਰਮਜੀਤ ਸਿੰਘ, ਜਗਦੇਵ ਸਿੰਘ ਆਦਿ ਤੋਂ ਇਲਾਵਾ ਗੁਰਦੁਆਰਾ ਗੁਰੂ ਸੰਗਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।