ਪੱਤਰ ਪੇ੍ਰਰਕ, ਖਡੂਰ ਸਾਹਿਬ : ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦਰਿਆ ਬਿਆਸ ਨਾਲ ਲਗਦੇ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿੱਚੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਪਾਈ ਗਈ ਲਾਹਣ ਦੀ ਖੇਪ ਬਰਾਮਦ ਕੀਤੀ ਹੈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕੀਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿਚ ਵੱਡੇ ਪੱਧਰ ‘ਤੇ ਲਾਹਣ ਹੋਣ ਦੀ ਸੂਚਨਾ ਪੁਲਿਸ ਦੇ ਹੱਥ ਲੱਗੀ ਸੀ। ਜਿਸਦੇ ਚੱਲਦਿਆਂ ਏਐੱਸਆਈ ਗੁਰਿੰਦਰ ਸਿੰਘ ਤੇ ਹੌਲਦਾਰ ਦਿਲਬਾਗ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਨੂੰ ਮੰਡ ਖੇਤਰ ‘ਚ ਤਲਾਸ਼ੀ ਲਈ ਭੇਜਿਆ ਗਿਆ, ਜਿਨ੍ਹਾਂ ਨੇ ਪਿੰਡ ਗਗੜੇਵਾਲ ਦਰਿਆ ਦੇ ਕੰਢੇ ਤੋਂ ਵੱਖ ਵੱਖ ਥਾਵਾਂ ‘ਤੇ ਪਈ 1900 ਲੀਟਰ ਲਾਹਣ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਹ ਲਾਹਣ ਕਿਸ ਵੱਲੋਂ ਪਾਈ ਗਈ ਸੀ, ਇਸਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।