ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਪੰਜਾਬ ਦੇ ਹਰ ਵਰਗ ਨਾਲ ਝੂਠੇ ਵਾਅਦੇ ਦੀ ਹਨੇਰੀ ਲਿਆ ਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਕਰਨ ਤੋਂ ਅਸਮਰਥ ਹੈ ਤੇ ਆਪਣੀਆਂ ਨਾਕਾਮੀਆਂ ਤੋਂ ਭਲੀ ਭਾਂਤ ਜਾਣੂ ਹੈ।

ਇਸ ਲਈ ਲਗਪਗ ਇਕ ਸਾਲ ਤੋਂ ਭੰਗ ਪਈਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਚੋਣਾਂ ਕਰਵਾਉਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਤੇ ਚੋਣਾਂ ਤੋਂ ਭੱਜ ਰਹੀ ਹੈ। ਉਕਤ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਨੇ ਕਿਹਾ ਕਿ ਨਗਰ ਪੰਚਾਇਤਾਂ ਭੰਗ ਹੋਣ ਕਾਰਨ ਲੋਕਾਂ ਨੂੰ ਵੀ ਆਪਣੇ ਫਾਰਮਾਂ ਦੀ ਤਸਦੀਕ ਤੇ ਹੋਰਨਾਂ ਕੰਮਾਂ ਲਈ ਵੀ ਪਰੇਸ਼ਾਨ ਹੋਣਾ ਪੈ ਰਿਹਾ ਹੈ ਪਰ ਸਰਕਾਰ ਆਪਣੀ ਹਾਰ ਡਰੋਂ ਚੁੱਪ ਕਰਕੇ ਬੈਠੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਸ਼ਰ੍ਹੇਆਮ ਨਸ਼ਾ ਵਿੱਕ ਰਿਹਾ ਹੈ ਤੇ ਰੋਜਾਨਾ ਮੌਤਾਂ ਹੋ ਰਹੀਆਂ ਹਨ, ਵਿਕਾਸ ਕਾਰਜ ਠੱਪ ਪਏ ਹਨ, ਮੁਲਾਜ਼ਮ ਤੇ ਪੈਨਸ਼ਨਰਾਂ ਨਾਲ ਵਾਅਦੇ ਲਾਰੇ ਸਾਬਿਤ ਹੋ ਰਹੇ ਹਨ। ਸਰਕਾਰ ਬਣਨ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਵੀ ਪੂਰੀਆਂ ਨਹੀਂ ਹੋਈਆਂ ਜਿਸ ਕਾਰਨ ਲੋਕਾਂ ‘ਚ ਸਰਕਾਰ ਖਿਲਾਫ਼ ਰੋਸ ਹੈ, ਇਸੇ ਕਾਰਨ ਸਰਕਾਰ ਚੋਣਾਂ ਨੂੰ ਟਾਲ ਰਹੀ ਹੈ।

ਮੀਤ ਪ੍ਰਧਾਨ ਜੱਸਾ ਰੋੜੀਆਂ ਨੇ ਕਿਹਾ ਆਉਣ ਵਾਲੀਆਂ ਲੋਕ ਸਭਾ ਚੋਣਾਂ, ਪੰਚਾਇਤ ਚੋਣਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ‘ਚ ਲੋਕ ਆਪ ਨੂੰ ਸਬਕ ਸਿਖਾਉਣ ਲਈ ਤਿਆਰ ਹਨ।