ਸਟਾਫ ਰਿਪੋਰਟਰ, ਖੰਨਾ : ਸੀਐੱਚਸੀ ਮਾਨੂੰਪੁਰ ਦੇ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠ ਸੀਐੱਚਸੀ ਮਾਨੂੰਪੁਰ ਵਿਖੇ ਵਿਸ਼ਵ ਏਡਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਡਾ. ਰਵੀ ਦੱਤ ਨੇ ਕਿਹਾ ਇਸ ਸਾਲ ‘ਭਾਈਚਾਰੇ ਨੂੰ ਅਗਵਾਈ ਕਰਨ ਦਿਓ’ ਥੀਮ ਅਧੀਨ ਮਨਾਏ ਜਾ ਰਹੇ ਵਿਸ਼ਵ ਏਡਜ਼ ਦਿਵਸ ਸਬੰਧੀ ਸਮੁੱਚੇ ਸਮਾਜ ਦੀ ਭਾਗੀਦਾਰੀ ਦੀ ਲੋੜ ਹੈ। ਕਿਉਂਕਿ ਏਡਜ਼ ਨੂੰ ਖਤਮ ਕਰਨ ਲਈ ਜਾਗਰੂਕਤਾ ਸਭ ਤੋਂ ਕਾਰਗਰ ਹਥਿਆਰ ਹੈ। ਜੇਕਰ ਸਾਡਾ ਸਮਾਜ ਐੱਚਆਈਵੀ ਫੈਲਣ ਦੇ ਕਾਰਨਾਂ ਸਬੰਧੀ ਜਾਗਰੂਕ ਹੋਵੇਗਾ ਤਾਂ ਏਡਜ਼ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਸਮਾਜ ਖਾਸਕਰ ਨਵੀਂ ਪੀੜੀ ਨੂੰ ਏਡਜ਼ ਸਬੰਧੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬੀਈਈ ਗੁਰਦੀਪ ਸਿੰਘ ਤੇ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਨੇ ਦੱਸਿਆ ਐੱਚਆਈਵੀ/ਏਡਜ ਅਣਸੁਰੱਖਿਅਤ ਸਰੀਰਕ ਸਬੰਧ, ਸੂਈਆਂ/ਸਰਿੰਜਾਂ ਦੀ ਸਾਂਝੀ ਵਰਤੋਂ, ਐੱਚਆਈਵੀ ਗ੍ਸਤ ਖੂਨ ਚੜ੍ਹਾਉਣ ਨਾਲ ਤੇ ਐੱਚਆਈਵੀ ਗ੍ਸਤ ਗਰਭਵਤੀ ਅੌਰਤ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ, ਇਨ੍ਹਾਂ ਚਾਰ ਕਾਰਨਾਂ ਕਾਰਨ ਫੈਲਦਾ ਹੈ।

ਇਸ ਲਈ ਐੱਚਆਈਵੀ ਤੋਂ ਬਚਾਅ ਲਈ ਉਕਤ ਗੱਲਾਂ ਦਾ ਧਿਆਨ ਰੱਖ ਕੇ ਬਿਮਾਰੀ ਤੋਂ ਬਚ ਸਕਦੇ ਹਾਂ। ਸਰਕਾਰੀ ਹਸਪਤਾਲਾਂ ‘ਚ ਐੱਚਆਈਵੀ ਦਾ ਟੈਸਟ ਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸੁਰਿੰਦਰਪਾਲ ਮਹਿਤਾ, ਡਾ. ਨੰਦਾ, ਅਮਿਤ ਪਾਲ, ਮੁਨੀਸ਼ ਗੁਲਾਟੀ, ਬਲਵੀਰ ਕੌਰ, ਗੁਰਜੀਤ ਕੌਰ ਆਦਿ ਹਾਜ਼ਰ ਸਨ।