ਜਾਗਰਣ ਡੈਸਕ, ਲਖਨਊ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਵਾਰਾਣਸੀ, ਗੋਰਖਪੁਰ ਤੇ ਕਾਨਪੁਰ ਤੋਂ ਹੁੰਦਾ ਹੋਇਆ ਵਿਸ਼ਵਾਸ ਨਿਊਜ਼ ਦੇ ‘ਸੱਚ ਕੇ ਸਾਥੀ ਸੀਨੀਅਰਜ਼’ ਦਾ ਕਾਫ਼ਲਾ ਲਖਨਊ ਪਹੁੰਚ ਰਿਹਾ ਹੈ। ਰਾਜਧਾਨੀ ‘ਚ ਮੀਡੀਆ ਸਾਖਰਤਾ ਮੁਹਿੰਮ ਤਹਿਤ 18 ਦਸੰਬਰ (ਸੋਮਵਾਰ) ਨੂੰ ਇਕ ਸੈਮੀਨਾਰ ਕਰਵਾਇਆ ਜਾਵੇਗਾ। ਇਸ ਵਿਚ ਵਿਸ਼ਵਾਸ ਨਿਊਜ਼ ਦੇ ਫੈਕਟ ਚੈਕਰ ਸੀਨੀਅਰ ਨਾਗਰਿਕਾਂ ਨੂੰ ਦੱਸਣਗੇ ਕਿ ਡੀਪਫੇਕ ਤੇ ਸ਼ੱਕੀ ਜਾਣਕਾਰੀ ਦੀ ਪਛਾਣ ਕਿਵੇਂ ਕੀਤੀ ਜਾਵੇ।

ਵਿਸ਼ਵਾਸ ਨਿਊਜ਼ ਦੇ ਇਸ ਸੈਮੀਨਾਰ ‘ਚ ਡੀਪਫੇਕ ਤੇ ਡਿਜੀਟਲ ਸੇਫਟੀ ਤੋਂ ਇਲਾਵਾ ਪ੍ਰਤੀਭਾਗੀਆਂ ਨੂੰ ਤੱਥਾਂ ਦੀ ਜਾਂਚ ਕਰਨ ਵਾਲੇ ਸਾਧਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਮੇਰਠ ਤੇ ਗਾਜ਼ੀਆਬਾਦ ਲਈ ਵੈਬੀਨਾਰ

18 ਦਸੰਬਰ ਨੂੰ ਲਖਨਊ ‘ਚ ਸੈਮੀਨਾਰ ਤੋਂ ਇਲਾਵਾ ਮੇਰਠ ਤੇ ਗਾਜ਼ੀਆਬਾਦ ਦੇ ਪ੍ਰਤੀਯੋਗੀਆਂ ਲਈ ਇਕ ਵੈਬੀਨਾਰ ਵੀ ਕਰਵਾਇਆ ਜਾਵੇਗਾ। ਇਸ ਵਿਚ ਹਿੱਸਾ ਲੈਣ ਵਾਲੇ ਆਨਲਾਈਨ ਮਾਧਿਅਮ ਰਾਹੀਂ ਸਿਖਲਾਈ ਪ੍ਰਾਪਤ ਕਰਨਗੇ।

ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ‘ਚ ਵੀ ਹੋ ਚੁੱਕੇ ਹਨ ਪ੍ਰੋਗਰਾਮ

ਉੱਤਰ ਪ੍ਰਦੇਸ਼ ਤੋਂ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ‘ਚ ਵੀ ਸੈਮੀਨਾਰ ਤੇ ਵੈਬੀਨਾਰ ਰਾਹੀਂ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਪ੍ਰੋਗਰਾਮ ਦਾ ਅਕਾਦਮਿਕ ਪਾਰਟਨਰ MICA (ਮੁਦਰਾ ਇੰਸਟੀਚਿਊਟ ਆਫ ਕਮਿਊਨੀਕੇਸ਼ਨ, ਅਹਿਮਦਾਬਾਦ) ਹੈ ਜੋ ਕਿ ਗੂਗਲ ਨਿਊਜ਼ ਇਨੀਸ਼ੀਏਟਿਵ (GNI) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ‘ਚ ਜਾਅਲੀ ਤੇ ਗਲਤ ਜਾਣਕਾਰੀ ਦੇ ਤੇਜ਼ੀ ਨਾਲ ਵਧ ਰਹੇ ਮੁੱਦੇ ਨੂੰ ਸੰਬੋਧਨ ਕਰਨ ਵਾਲੀ ਮੀਡੀਆ ਸਾਖਰਤਾ ਮੁਹਿੰਮ ਹੈ। ਪ੍ਰੋਗਰਾਮ ਦਾ ਉਦੇਸ਼ 15 ਸੂਬਿਆਂ ਦੇ 50 ਸ਼ਹਿਰਾਂ ‘ਚ ਸੈਮੀਨਾਰਾਂ ਤੇ ਵੈਬਿਨਾਰਾਂ ਦੀ ਇਕ ਲੜੀ ਰਾਹੀਂ ਸਰੋਤਾਂ ਦਾ ਵਿਸ਼ਲੇਸ਼ਨ ਕਰ ਕੇ, ਭਰੋਸੇ ਯੋਗ ਤੇ ਗੈਰ-ਭਰੋਸੇਯੋਗ ਜਾਣਕਾਰੀ ‘ਚ ਫਰਕ ਕਰ ਕੇ ਤਰਕਪੂਰਨ ਫੈਸਲੇ ਲੈਣ ‘ਚ ਸੀਨੀਅਰ ਨਾਗਰਿਕਾਂ ਦੀ ਮਦਦ ਕਰਨਾ ਹੈ।