ਜਦ ਭਾਰਤੀ ਕਲਾਕਾਰ ਸਾਰੀ ਦੁਨੀਆਂ ਵਿਚ ਕੰਮ ਕਰ ਰਹੇ ਹਨ ਤਾਂ ਅਸੀ ਕਿਉਂ ਪਾਕਿਸਤਾਨੀ ਕਲਾਕਾਰਾਂ ਉਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਮਹਾਰਾਸ਼ਟਰ ਵਿਚ ਸਿਰਫ਼ ਇਕ ਐਮ.ਐਲ.ਏ. ਦੀ ਕੁਰਸੀ ਅਤੇ ਇਕ ਫ਼ੀ ਸਦੀ ਤੋਂ ਵੀ ਘੱਟ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਨੇ ਅੱਜ ਇਕ ਮਸ਼ਹੂਰ ਫ਼ਿਲਮ ਨਿਰਦੇਸ਼ਕ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿਤਾ ਹੈ। ਐਮ.ਐਨ.ਐਸ. ਦੇ ‘ਬਾਹੂਬਲੀਆਂ’ ਨੇ ਚੇਤਾਵਨੀ ਦਿਤੀ ਹੈ ਕਿ ਕਰਨ ਜੌਹਰ ਦੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’, ਜਿਸ ਵਿਚ ਪਾਕਿਸਤਾਨੀ ਹੀਰੋ ਫ਼ਰਹਾਦ ਖ਼ਾਨ ਇਕ ਖ਼ਾਸ ਕਿਰਦਾਰ ਨਿਭਾ ਰਹੇ ਹਨ, ਨੂੰ ਜੇ ਕਿਸੇ ਵੀ ਸਿਨੇਮਾ ਹਾਲ ਵਿਚ ਵਿਖਾਇਆ ਗਿਆ ਤਾਂ ਉਹ ਫ਼ਿਲਮ ਵਿਖਾਉਣ ਵਾਲੇ ਤੇ ਫ਼ਿਲਮ ਵੇਖਣ ਵਾਲੇ ਨੂੰ ਬਖ਼ਸ਼ਣਗੇ ਨਹੀਂ। ਕਰਨ ਜੌਹਰ ਦੀ ਫ਼ਿਲਮ ਨੂੰ ਸਿਨੇਮਾ ਹਾਲ ਵਿਚ ਵਿਖਾਉਣ ਦੀ ਆਗਿਆ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ ਜਿਸ ਨਾਲ ਸਿਰਫ਼ ਉਨ੍ਹਾਂ ਵਾਸਤੇ ਹੀ ਨਹੀਂ ਬਲਕਿ ਫ਼ਿਲਮ ਨਾਲ ਜੁੜੇ ਸਾਰੇ ਕਲਾਕਾਰਾਂ ਵਾਸਤੇ ਮੁਸ਼ਕਲਾਂ ਪੈਦਾ ਹੋ ਜਾਣਗੀਆਂ। ਹੈਰਾਨੀ ਦੀ ਗੱਲ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਸ ਮੁੱਦੇ ਉਤੇ ਚੁੱਪ ਸਾਧੀ ਬੈਠੇ ਹਨ ਤੇ ਕਰਨ ਜੌਹਰ ਹੁਣ ਰਾਜਨਾਥ ਸਿੰਘ ਨੂੰ ਮਿਲ ਕੇ ਸੁਰੱਖਿਆ ਦੀ ਮੰਗ ਕਰਨ ਲਈ ਮਜਬੂਰ ਹੋਏ ਬੈਠੇ ਹਨ।
ਗੱਲ ਸਿਰਫ਼ ਕਰਨ ਜੌਹਰ ਦੀ ਨਹੀਂ ਬਲਕਿ ਆਮ ਇਨਸਾਨ ਦੀ ਆਜ਼ਾਦੀ ਦੀ ਹੈ। ਆਮ ਆਦਮੀ ਸੋਚਦਾ ਹੈ ਕਿ ਫ਼ਿਰਕੂ ਤਾਕਤਾਂ ਦੀ ਧੱਕੇਸ਼ਾਹੀ ਤੇ ਧੌਂਸ ਦਾ ਮੁਕਾਬਲਾ ਕਰਨ ਲਈ ਤੇ ਉਸ ਦੀ ਆਜ਼ਾਦੀ, ਅਧਿਕਾਰਾਂ ਦੀ ਸੁਰੱਖਿਆ ਵਾਸਤੇ ਸਰਕਾਰ ਉਸ ਨਾਲ ਖੜੀ ਹੈ ਪਰ ਸਰਕਾਰ ਤਾਂ ਬਿਲਕੁਲ ਚੁੱਪ ਤਮਾਸ਼ਾ ਵੇਖ ਰਹੀ ਹੈ। ਇਸ ਪਿਛੇ ਕਾਰਨ ਨਹੀਂ ਸਮਝ ਆਉਂਦਾ। ਪਾਕਿਸਤਾਨ ਅਤੇ ਭਾਰਤ ਵਿਚ ਅੱਜ ਵੀ ਰਿਸ਼ਤੇ ਬਰਕਰਾਰ ਹਨ। ਧਾਰਮਕ ਜਥੇ ਅਜੇ ਵੀ ਆ ਜਾ ਰਹੇ ਹਨ। ਉੜੀ ਜਿਥੇ ਫ਼ੌਜ ਉਤੇ ਹਮਲਾ ਹੋਇਆ, ਉਸੇ ਥਾਂ ਤੋਂ ਟਰੱਕ ਭਾਰਤ-ਪਾਕਿਸਤਾਨ ਵਿਚਕਾਰ ਤਜਾਰਤ ਕਰ ਰਹੇ ਹਨ। ਪਾਬੰਦੀ ਸਿਰਫ਼ ਫ਼ਿਲਮੀ ਕਲਾਕਾਰਾਂ ਉਤੇ ਹੀ ਕਿਉਂ?
ਇਕ ਤਾਂ ਛੋਟੀ ਜਿਹੀ ਐਮ.ਐਨ.ਐਸ. ਨੂੰ ਫ਼ਿਲਮੀ ਸਿਤਾਰਿਆਂ ਦੀ ਚਮਕ ਦੇ ਸਹਾਰੇ ਸੁਰਖ਼ੀਆਂ ਵਿਚ ਆਉਣ ਦਾ ਮੌਕਾ ਮਿਲਦਾ ਹੈ। ਦੂਜਾ ਸ਼ਾਇਦ ਉਨ੍ਹਾਂ ਦੀ ਇਸ ਸੋਚ ਪਿਛੇ ਬਾਲੀਵੁੱਡ ਸਿਤਾਰੇ ਹਨ ਜੋ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿਚ ਕੰਮ ਕਰਨ ਤੋਂ ਡਰਦੇ ਹਨ। ਅਦਨਾਨ ਸਨਾਨੀ ਦੇ ਭਾਰਤੀ ਨਾਗਰਿਕਤਾ ਲੈਣ ਪਿਛੇ ਅਭੀਜੀਤ ਦੀ ਉਨ੍ਹਾਂ ਵਿਰੁਧ ਸੋਚਣੀ ਸੀ। ਅਭੀਜੀਤ ਡਰਦੇ ਸਨ ਕਿ ਪਾਕਿਸਤਾਨੀ ਕਲਾਕਾਰ ਭਾਰਤ ਵਿਚ ਆ ਕੇ ਭਾਰਤੀ ਕਲਾਕਾਰਾਂ ਦਾ ਕੰਮ ਖਿੱਚ ਰਹੇ ਹਨ ਤੇ ਉਹ ਇਸ ਭਾਰਤ-ਪਾਕਿ ਦੁਸ਼ਮਣੀ ਦਾ ਸਹਾਰਾ ਲੈ ਕੇ ਉਨ੍ਹਾਂ ਦਾ ਕੰਮ ਬੰਦ ਕਰਵਾਉਣਾ ਚਾਹੁੰਦੇ ਹਨ। ਸੋ ਅਦਨਾਨ ਨੇ ਅਪਣਾ ਦੇਸ਼ ਬਦਲ ਲਿਆ।
ਪਰ ਕੀ ਹੁਣ ਸਾਰੇ ਪਾਕਿਸਤਾਨੀ ਕਲਾਕਾਰ ਵੀ ਭਾਰਤੀ ਨਾਗਰਿਕ ਬਣ ਜਾਣ? ਫਿਰ ਇਸ ਪਿਰਤ ਨੂੰ ਅਮਰੀਕਾ ਵੀ ਅਪਣਾ ਲਵੇਗਾ ਤੇ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਅਮਰੀਕਾ ਦੀਆਂ ਨਾਗਰਿਕ ਬਣ ਜਾਣਗੀਆਂ? ਐਮ.ਐਨ.ਐਸ. ਦੀ ਨਫ਼ਰਤ ਕਰ ਕੇ ਹੁਣ ਭਾਰਤੀ ਫ਼ਿਲਮਾਂ ਅਤੇ ਟੀ.ਵੀ. ਪ੍ਰੋਗਰਾਮਾਂ ਉਤੇ ਪਾਕਿਸਤਾਨ ਵਿਚ ਪਾਬੰਦੀ ਲਗਾ ਦਿਤੀ ਗਈ ਹੈ। ਅਪਣੇ ਦੇਸ਼ ਨੂੰ ਪਿਆਰ ਕਰਨ ਦਾ ਇਹ ਮਤਲਬ ਤਾਂ ਨਹੀਂ ਕਿ ਬਾਕੀ ਸਾਰੀ ਦੁਨੀਆਂ ਨੂੰ ਨਫ਼ਰਤ ਕਰੋ। ਅਸਲ ਵਿਚ ਐਮ.ਐਨ.ਐਸ. ਵਰਗੀਆਂ ਫ਼ਿਰਕੂ ਸੰਸਥਾਵਾਂ ਦੇਸ਼ ਪ੍ਰੇਮ ਦੀ ਪ੍ਰੀਭਾਸ਼ਾ ਵੀ ਨਹੀਂ ਸਮਝਦੀਆਂ। ਇਨ੍ਹਾਂ ਵਿਚੋਂ ਕੋਈ ਦੇਸ਼ ਪ੍ਰੇਮ ਵਿਚ ਆ ਕੇ ਕਦੇ ਸਰਹੱਦ ਉਤੇ ਅਪਣੀ ਜਾਨ ਖ਼ਤਰੇ ਵਿਚ ਨਹੀਂ ਪਾਏਗਾ। ਇਹ ਲੋਕ ਤਾਂ ਉਹ ਹਨ ਜੋ ਅਪਣੇ ਪ੍ਰਚਾਰ ਵਾਸਤੇ ਦੇਸ਼ ਵਿਚ ਨਫ਼ਰਤ ਫੈਲਾਉਣ ਤੇ ਦੰਗੇ ਕਰ ਕੇ ਅਰਬਾਂ ਦਾ ਆਰਥਕ ਨੁਕਸਾਨ ਕਰਵਾਉਣਗੇ।
ਹੁਣ ਇਕ ਨਾਗਰਿਕ ਅਪਣਾ ਦੇਸ਼ ਪ੍ਰੇਮ ਕਿਸ ਤਰ੍ਹਾਂ ਸਾਬਤ ਕਰੇ? ਕਰਨ ਜੌਹਰ ਨੇ ਇਕ ਛੋਟੇ ਜਿਹੇ ਵੀਡੀਉ ਵਿਚ ਦੋ ਵਾਰ ਦੇਸ਼ ਨੂੰ ਸਲਾਮ ਕੀਤਾ ਪਰ ਐਮ.ਐਨ.ਐਸ. ਤਾਂ ਅਜੇ ਵੀ ਉਸ ਵਿਰੁਧ ਖੜੀ ਹੈ। ਗੋਆ ਵਿਚ ਇਕ ਜਾਂਬਾਜ਼ ਫ਼ੌਜੀ ਦੇ ਅਪੰਗ ਭਰਾ ਨੂੰ ਇਕ ਫ਼ਿਲਮ ਹਾਲ ਵਿਚ ਕੁਟਿਆ ਗਿਆ ਕਿਉਂਕਿ ਉਹ ਰਾਸ਼ਟਰਗਾਨ ਵੇਲੇ ਖੜਾ ਨਹੀਂ ਹੋਇਆ ਸੀ। ਨਫ਼ਰਤ ਵਿਚ ਅੰਨ੍ਹੇ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਉਹ ਇਨਸਾਨ ਖੜਾ ਹੋਣ ਦੀ ਕਾਬਲੀਅਤ ਹੀ ਨਹੀਂ ਰਖਦਾ।
ਅਪਣਾ ਰਾਸ਼ਟਰ ਪ੍ਰੇਮ ਕਿਸੇ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇਹ ਮੇਰਾ ਤੇ ਮੇਰੇ ਦੇਸ਼ ਦਾ ਆਪਸੀ ਮਾਮਲਾ ਹੈ ਤੇ ਜੇ ਮੈਂ ਅਪਣੇ ਟੈਕਸ ਭਰ ਰਹੀ ਹਾਂ ਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਵਿਚਰ ਰਹੀ ਹਾਂ ਤਾਂ ਹੋਰ ਕੋਈ ਉਂਗਲੀ ਚੁੱਕਣ ਦਾ ਹੱਕ ਨਹੀਂ ਰਖਦਾ। ਪਰ ਸਰਕਾਰ ਦਾ ਫ਼ਰਜ਼ ਹੈ ਕਿ ਉਹ ਐਮ.ਐਨ.ਐਸ. ਵਰਗੀਆਂ ਫ਼ਿਰਕੂ ਸੰਸਥਾਵਾਂ ਦਾ ਮੂੰਹ ਬੰਦ ਕਰਵਾਏ ਤਾਕਿ ਉਨ੍ਹਾਂ ਦਾ ਦੇਸ਼ ਪ੍ਰੇਮ ਸ਼ੱਕ ਦੇ ਘੇਰੇ ਵਿਚ ਨਾ ਆਵੇ। -ਨਿਮਰਤ ਕੌਰ9ਸਪੋਕਸਮੈਨ