ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਤੇ ਕੂੰਮਕਲਾਂ ਇਲਾਕੇ ‘ਚ ਲੋਕਾਂ ਨੂੰ ਨਕਲੀ ਪਿਸਤੌਲ ਵਿਖਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਦੀ ਵੀਡੀਓ ਵਾਇਰਲ ਹੋਈ ਹੈ ਜੋ ਅਜੇ ਪੁਲਿਸ ਗਿ੍ਫ਼ਤ ਤੋਂ ਬਾਹਰ ਹਨ। ਜਾਣਕਾਰੀ ਮੁਤਾਬਕ ਲੁੱਟਾਂ-ਖੋਹਾਂ ਕਰਨ ਵਾਲੇ ਇਹ ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੁੰਦੇ ਹਨ ਤੇ ਉਨ੍ਹਾਂ ਦੋ ਦਿਨ ਪਹਿਲਾਂ ਹੀ ਖੇਤਾਂ ‘ਚ ਕੰਮ ਕਰਦੀਆਂ ਅੌਰਤਾਂ ਤੋਂ ਮੋਬਾਈਲ ਤੇ ਨਕਦੀ ਖੋਹ ਲਈ। ਬਾਅਦ ‘ਚ ਕੁਝ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕਰ ਵੀਡੀਓ ਬਣਾ ਲਈ ਪਰ ਪੁਲਿਸ ਨੂੰ ਨਹੀਂ ਸੌਂਪਿਆ। ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਦੀ ਨਕਲੀ ਪਿਸਤੌਲ ਸਮੇਤ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਜੇਕਰ ਇਹ ਜਲਦ ਕਾਬੂ ਨਾ ਆਏ ਤਾਂ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਇਸ ਸਬੰਧੀ ਥਾਣਾ ਕੂੰਮਕਲਾਂ ਤੇ ਮਾਛੀਵਾੜਾ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਵਾਇਰਲ ਵੀਡੀਓ ਦੇ ਆਧਾਰ ‘ਤੇ ਜਲਦ ਉਹ ਲੁੱਟਾਂ-ਖੋਹਾਂ ਕਰਨ ਵਾਲੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲੈਣਗੇ। ਮਾਛੀਵਾੜਾ ਤੇ ਕੂੰਮਕਲਾਂ ਇਲਾਕੇ ‘ਚ ਮੋਬਾਈਲ ਤੇ ਛੋਟੀ ਰਕਮ ਵਾਲੀਆਂ ਲੁੱਟਾਂ ਦੀ ਵਾਰਦਾਤਾਂ ਵੀ ਕਾਫ਼ੀ ਵਧੀਆਂ ਹਨ ਜਿਨ੍ਹਾਂ ‘ਚੋਂ ਕੁਝ ਲੋਕ ਹੀ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਉਂਦੇ ਹਨ।