ਜੇਐੱਨਐੱਨ, ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਰਹਿਣ ਵਾਲੀ ਇਕ ਔਰਤ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ। ਇਹ ਨੰਬਰ ਪਾਕਿਸਤਾਨ ਦੇ ਨੰਬਰ ਕੋਡ ਤੋਂ ਆਇਆ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਅਲਰਟ ਮੋਡ ‘ਤੇ ਆ ਕੇ ਫੋਨ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ। ਮਹਿਲਾ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ।

ਦਰਅਸਲ ਇਕ ਕਾਲ ਆਈ ਅਤੇ ਉਸ ਨੇ ਕਿਹਾ, ਹੈਲੋ… ਮੈਡਮ, ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ, ਮੈਂ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲੈ ਕੇ ਆਇਆ ਹਾਂ, ਇਸ ਲਈ ਮੈਨੂੰ ਤੁਰੰਤ 50 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਅਜਿਹਾ ਝਾਂਸਾ ਦੇ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਰੀਟਾ ਯਾਦਵ ਵਾਸੀ ਪ੍ਰਭਾਤ ਨਗਰ, ਸੁਭਾਨੀ ਖੇੜਾ, ਤੇਲੀਬਾਗ ਨਾਲ 50,000 ਰੁਪਏ ਦੀ ਠੱਗੀ ਮਾਰ ਲਈ।

ਪਾਕਿਸਤਾਨ ਨੰਬਰ ਤੋਂ ਆਈ ਕਾਲ

ਪੁਲਿਸ ਜਾਂਚ ਦੌਰਾਨ ਔਰਤ ਨੂੰ ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਪਾਕਿਸਤਾਨ ਦਾ ਹੀ ਪਾਇਆ ਗਿਆ। ਇੰਸਪੈਕਟਰ ਪੀਜੀਆਈ ਬ੍ਰਿਜੇਸ਼ ਚੰਦਰ ਤਿਵਾੜੀ ਅਨੁਸਾਰ ਔਰਤ ਨੂੰ ਪਾਕਿਸਤਾਨੀ ਨੰਬਰ ਤੋਂ ਫ਼ੋਨ ਕਰ ਕੇ ਲੜਕੇ ਦੇ ਜ਼ਖਮੀ ਹੋਣ ਦੀ ਸੂਚਨਾ ਦੇ ਕੇ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਰੀਟਾ ਯਾਦਵ ਨੇ ਦੱਸਿਆ ਕਿ ਉਹ ਧੋਖੇਬਾਜ਼ ਦੀਆਂ ਗੱਲਾਂ ਨੂੰ ਸੱਚ ਮੰਨ ਕੇ ਹੈਰਾਨ ਰਹਿ ਗਈ। ਉਸ ਨੂੰ ਆਨਲਾਈਨ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਉਸ ਨੇ ਹਸਪਤਾਲ ਅਤੇ ਉਸ ਦੇ ਪੁੱਤਰ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਜਾਲ੍ਹਸਾਜ਼ ਦਾ ਨੰਬਰ ਸਵਿੱਚ ਆਫ ਹੋਣ ਲੱਗਿਆ। ਸਾਈਬਰ ਸੈੱਲ ਦੀ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।