ਜੇਐੱਨਐੱਨ, ਜਮਸ਼ੇਦਪੁਰ : ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਆਦਿੱਤਿਆਪੁਰ ਦੇ ਨੌਜਵਾਨਾਂ ਦੀ ਕਾਰ ਬਿਸ਼ਟੂਪੁਰ ਸਰਕਟ ਹਾਊਸ ਇਲਾਕੇ ‘ਚ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ‘ਚ 6 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਸਾਰੇ ਜਣੇ ਕਾਰ ‘ਚ ਸਵਾਰ ਹੋ ਕੇ ਪਿਕਨਿਕ ਮਨਾਉਣ ਜਾ ਰਹੇ ਸਨ।

ਇਹ ਘਟਨਾ ਬਿਸ਼ਟੂਪੁਰ ਦੇ ਸਰਕਟ ਹਾਊਸ ਇਲਾਕੇ ‘ਚ ਸਾਈਂ ਮੰਦਰ ਗੋਲ ਚੱਕਰ ਨੇੜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਕਾਰ ਵਿਚ ਅੱਠ ਨੌਜਵਾਨ ਮਰੀਨ ਡਰਾਈਵ ਵੱਲ ਜਾ ਰਹੇ ਸਨ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ‘ਚ ਸਵਾਰ ਸਾਰੇ ਅੱਠ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।

ਕਾਰ ਦੇ ਉੱਡ ਗਏ ਪਰਖੱਚੇ

ਇਸ ਘਟਨਾ ‘ਚ ਕਾਰ ਦੇ ਪਰਖੱਚੇ ਉੱਡ ਗਏ। ਇਸ ਘਟਨਾ ‘ਚ 5 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਨੌਜਵਾਨ ਦੀ ਐੱਮਜੀਐੱਮ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਦਿੱਤਿਆਪੁਰ ਦੇ ਬਾਬਾਕੁਟੀ ਆਸ਼ਰਮ ‘ਚ ਸੋਗ ਦੀ ਲਹਿਰ ਦੌੜ ਗਈ। ਕਾਰ ਵਿਚ ਸਵਾਰ ਸਾਰੇ ਨੌਜਵਾਨ ਬਾਬਾਕੁਟੀ ਆਸ਼ਰਮ ਇਲਾਕੇ ਦੇ ਰਹਿਣ ਵਾਲੇ ਹਨ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 8 ਵਜੇ ਵਾਪਰੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।