ਸਰਵਣ ਸਿੰਘ ਭੰਗਲਾਂ, ਸਮਰਾਲਾ : ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਦੀ ਅਗਵਾਈ ਹੇਠ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਵਿੱਢੀ ਗਈ। ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਨੇ ਦੱਸਿਆ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਡੰਗਣ ਨਾਲ ਫੈਲਦਾ ਹੈ। ਡੇਂਗੂ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ‘ਚ ਦਰਦ, ਚਮੜੀ ਦੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਮਸੂੜੇ ਤੇ ਨੱਕ ‘ਚ ਖੂਨ ਦਾ ਵਗਣਾ ਆਦਿ ਹਨ।

ਇਹ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ‘ਚ ਪੈਦਾ ਹੁੰਦਾ ਹੈ ਤੇ ਇਹ ਸਿਰਫ ਦਿਨ ਵੇਲੇ ਡੰਗਦਾ ਹੈ। ਇਸ ਤੋਂ ਬਚਾਅ ਲਈ ਸਾਨੂੰ ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ ਵਜੋਂ ਮਨਾਉਣਾ ਚਾਹੀਦਾ ਹੈ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਦੱਸਿਆ ਡੇਂਗੂ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਕੀਤਾ ਜਾਂਦਾ ਹੈ।

ਇਸ ਮੌਕੇ ਪ੍ਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਤੇ ਅਮਨਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਵਲੋਂ ਸ਼ਹਿਰ ਦੇ ਸਕੂਲਾਂ ‘ਚ ਡੇਂਗੂ ਸਬੰਧੀ ਜਾਗਰੂਕਤਾ ਦਿੱਤੀ ਗਈ। ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਮਿਲ ਕੇ ਸ਼ਹਿਰ ਦੇ ਮੁਹੱਲਿਆਂ ‘ਚ ਡੇਂਗੂ ਸਬੰਧੀ ਰੈਲੀ ਕੱਢੀ ਗਈ ਤੇ ਘਰਾਂ ‘ਚ ਡੇਂਗੂ ਸਬੰਧੀ ਐਕਟੀਵਿਟੀ ਵੀ ਕਰਵਾਈ ਗਈ।