-ਜੇਤੂ ਟੀਮ ਨੂੰ ਟਰਾਫੀ, ਇਕ ਲੱਖ ਰੁਪਏ ਦਾ ਨਕਦ ਇਨਾਮ ਤੇ ਮੈਡਲਾਂ ਨਾਲ ਕੀਤਾ ਸਨਮਾਨਿਤ

ਸੀਟੀਪੀ-25, 26

ਜਤਿੰਦਰ ਪੰਮੀ, ਜਲੰਧਰ

ਰਾਊਂਡ ਗਲਾਸ ਤੇਹਿੰਗ ਨੇ ਰਾਊਂਡ ਗਲਾਸ ਮਿੱਠਾਪੁਰ ਨੂੰ ਪੈਨਲਟੀ ਸ਼ੂਟਆਊਟ ਰਾਹੀਂ 4-3 ਦੇ ਫ਼ਰਕ ਨਾਲ ਹਰਾ ਕੇ ਦੂਜੀ ਰਾਊਂਡ ਗਲਾਸ ਗਰਾਸਰੂਟ ਹਾਕੀ ਲੀਗ (ਅੰਡਰ 16 ਲੜਕੇ) ਦਾ ਖ਼ਿਤਾਬ ਜਿੱਤ ਲਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਸਨ। ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸੰਪੰਨ ਹੋਈ ਉਕਤ ਲੀਗ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਰਪਾਲ ਸਿੰਘ ਫਾਊਂਡਰ ਰਾਊਂਡ ਗਲਾਸ, ਓਲੰਪੀਅਨ ਅਜੀਤਪਾਲ ਸਿੰਘ (1975 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ), ਓਲੰਪੀਅਨ ਹਰਬਿੰਦਰ ਸਿੰਘ ਨੇ ਕੀਤੀ। ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਤੇ ਓਲੰਪੀਅਨ ਵਰਿੰਦਰ ਸਿੰਘ ਯਾਦਗਾਰੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਉਪ ਜੇਤੂ ਟੀਮ ਨੂੰ 50 ਹਜ਼ਾਰ ਰੁਪਏ ਤੇ ਟਰਾਫੀ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀ ਰਾਊਂਡ ਗਲਾਸ ਬਾਬਾ ਬਕਾਲਾ ਦੀ ਟੀਮ ਨੂੰ 25 ਹਜ਼ਾਰ ਰੁਪਏ ਨਕਦ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਰਗੀ ਓਲੰਪੀਅਨ ਵਰਿੰਦਰ ਸਿੰਘ ਦੀ ਧਰਮ ਪਤਨੀ ਮਨਜੀਤ ਕੌਰ, ਸਪੁੱਤਰ ਗੁਰਪ੍ਰਰੀਤ ਸਿੰਘ, ਹਰਪ੍ਰਰੀਤ ਸਿੰਘ ਤੇ ਨੂੰਹ ਕੁਲਦੀਪ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਫਾਈਨਲ ਮੈਚ ‘ਚ ਰਾਊਂਡ ਗਲਾਸ ਤੇਹਿੰਗ ਤੇ ਰਾਊਂਡ ਗਲਾਸ ਮਿੱਠਾਪੁਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 10ਵੇਂ ਮਿੰਟ ‘ਚ ਮਿੱਠਾਪੁਰ ਦੇ ਨਵਪ੍ਰਰੀਤ ਮਹੇ ਨੇ ਗੋਲ ਕਰ ਕੇ ਸਕੋਰ 1-0 ਕੀਤਾ। ਖੇਡ ਦੇ 18ਵੇਂ ਮਿੰਟ ‘ਚ ਤੇਹਿੰਗ ਦੇ ਕਪਤਾਨ ਅਰਸ਼ਦੀਪ ਸਿੰਘ ਨੇ ਪੈਨਲਟੀ ਸਟ੍ਰੋਕ ਨੂੰ ਗੋਲ ‘ਚ ਬਦਲ ਕੇ ਸਕੋਰ 1-1 ਕੀਤਾ। ਖੇਡ ਦੇ 32ਵੇਂ ਮਿੰਟ ‘ਚ ਤੇਹਿੰਗ ਦੇ ਪਿੰ੍ਸ ਕੁਮਾਰ ਨੇ ਗੋਲ ਕਰ ਕੇ ਸਕੋਰ 2-1 ਕੀਤਾ। ਖੇਡ ਦੇ 38ਵੇਂ ਮਿੰਟ ‘ਚ ਮਿੱਠਾਪੁਰ ਨੇ ਬਰਾਬਰੀ ਕਰਨ ਦਾ ਮੌਕਾ ਗਵਾਇਆ ਜਦੋਂ ਉਨ੍ਹਾਂ ਦੇ ਕਪਤਾਨ ਸੁਨਮੁੱਖ ਸਿੰਘ ਪੈਨਲਟੀ ਸਟ੍ਰੋਕ ਨੂੰ ਗੋਲ ‘ਚ ਨਹੀਂ ਬਦਲ ਸਕਿਆ। ਖੇਡ ਦੇ 60ਵੇਂ ਮਿੰਟ ‘ਚ ਮਿੱਠਾਪੁਰ ਦੇ ਏਕਮਦੀਪ ਸਿੰਘ ਨੇ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 2-2 ਰਹਿਣ ਕਰਕੇ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਕਰਨਾ ਪਿਆ ਜੋ ਕਿ ਰਾਊਂਡ ਗਲਾਸ ਤੇਹਿੰਗ ਦੇ ਹੱਕ ‘ਚ 4-3 ਨਾਲ ਗਿਆ। ਤੇਹਿੰਗ ਦੇ ਗੋਲਕੀਪਰ ਨਮਨਪ੍ਰਰੀਤ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਉਸ ਨੂੰ ਅਲਫਾ ਹਾਕੀ ਸਟਿੱਕ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਪਹਿਲੇ ਸੈਮੀਫਾਈਨਲ ‘ਚ ਰਾਊਂਡ ਗਲਾਸ ਤੇਹਿੰਗ ਨੇ ਰਾਊਂਡ ਗਲਾਸ ਸੰਸਾਰਪੁਰ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਤੇਹਿੰਗ ਵੱਲੋਂ 8ਵੇਂ ਮਿੰਟ ‘ਚ ਕਪਤਾਨ ਅਰਸ਼ਦੀਪ ਸਿੰਘ ਨੇ ਤੇ 24ਵੇਂ ਮਿੰਟ ‘ਚ ਗੁਰਪ੍ਰਰੀਤ ਨੇ ਗੋਲ ਕੀਤੇ। ਦੂਜੇ ਸੈਮੀਫਾਈਨਲ ‘ਚ ਰਾਊਂਡ ਗਲਾਸ ਮਿੱਠਾਪੁਰ ਨੇ ਰਾਊਂਡ ਗਲਾਸ ਬਾਬਾ ਬਕਾਲਾ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਵੱਲੋਂ ਖੇਡ ਦੇ 14ਵੇਂ ਮਿੰਟ ‘ਚ ਵਿਕਾਸ ਨੇ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ ਫਾਈਨਲ ‘ਚ ਸਥਾਨ ਦੁਆਇਆ। ਅੱਜ ਦੇ ਮੈਚਾਂ ਸਮੇਂ ਮੁੱਖ ਮਹਿਮਾਨ ਓਲੰਪੀਅਨ ਪਰਗਟ ਸਿੰਘ, ਓਲੰਪੀਅਨ ਅਜੀਤਪਾਲ ਸਿੰਘ, ਓਲੰਪੀਅਨ ਹਰਬਿੰਦਰ ਸਿੰਘ, ਓਲੰਪੀਅਨ ਸੰਜੀਵ ਕੁਮਾਰ ਤੇ ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਿਢਲੋਂ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ‘ਤੇ ਲਖਵਿੰਦਰ ਪਾਲ ਸਿੰਘ ਖਹਿਰਾ, ਜਗਮੋਹਨ ਸਿੰਘ ਰੇਲਵੇ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਬਲਜੀਤ ਸਿੰਘ ਰੰਧਾਵਾ, ਰੁਪਿੰਦਰ ਸਿੰਘ ਰਾਊਂਡ ਗਲਾਸ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖ਼ਾਨ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਕੁਲਬੀਰ ਸਿੰਘ ਸੈਣੀ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਮਲਕੀਤ ਸਿੰਘ, ਜਤਿੰਦਰ ਬੌਬੀ, ਬਲਜੋਤ ਸੰਘਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਦਿੱਤੇ ਵਿਅਕਤੀਗਤ ਇਨਾਮ

ਲੀਗ ਦੀ ਪ੍ਰਬੰਧਕ ਕਮੇਟੀ ਵੱਲੋਂ ਰਾਊਂਡ ਗਲਾਸ ਤੇਹਿੰਗ ਦੇ ਕੋਚ ਗੁਰਜੀਤ ਸਿੰਘ ਨੂੰ ਬਿਹਤਰੀਨ ਕੋਚ ਐਲਾਨਿਆ ਗਿਆ ਤੇ ਉਸ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਰਾਊਂਡ ਗਲਾਸ ਤੇਹਿੰਗ ਦੇ ਹਰਸ਼ਦੀਪ ਸਿੰਘ ਨੂੰ ਲੀਗ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਤੇ ਉਸ ਨੂੰ 11 ਹਜ਼ਾਰ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ। ਰਾਊਂਡ ਗਲਾਸ ਬੁਤਾਲਾ ਦੇ ਮਨਮੀਤ ਸਿੰਘ ਨੂੰ ਓਲੰਪੀਅਨ ਸ਼ੰਕਰ ਲਕਸ਼ਮਣ ਬਿਹਤਰੀਨ ਗੋਲ ਕੀਪਰ ਐਵਾਰਡ, ਰਾਊਂਡ ਗਲਾਸ ਮਿੱਠਾਪੁਰ ਦੇ ਸਨਮੁੱਖ ਸਿੰਘ ਨੂੰ ਓਲੰਪੀਅਨ ਪਿ੍ਰਥੀਪਾਲ ਸਿੰਘ ਬਿਹਤਰੀਨ ਫੁੱਲ ਬੈਕ ਐਵਾਰਡ, ਰਾਊਂਡ ਗਲਾਸ ਨਿੱਕੇ ਘੁੰਮਣਾਂ ਦੇ ਹਰਸ਼ਪ੍ਰਰੀਤ ਸਿੰਘ ਨੂੰ ਓਲੰਪੀਅਨ ਸੁਰਜੀਤ ਸਿੰਘ ਬਿਹਤਰੀਨ ਹਾਫ ਬੈਕ ਐਵਾਰਡ, ਰਾਊਂਡ ਗਲਾਸ ਬਾਬਾ ਬਕਾਲਾ ਦੇ ਗਗਨਦੀਪ ਸਿੰਘ ਨੂੰ ਓਲੰਪੀਅਨ ਊਧਮ ਸਿੰਘ ਬਿਹਤਰੀਨ ਫਾਰਵਰਡ ਐਵਾਰਡ ਦਿੱਤਾ ਗਿਆ। ਇਨ੍ਹਾਂ ਚਾਰਾਂ ਖਿਡਾਰੀਆਂ ਨੂੰ 5100-5100 ਰੁਪਏ ਨਕਦ ਇਨਾਮ ਦਿੱਤਾ ਗਿਆ। ਇਹ ਨਕਦ ਇਨਾਮ ਫਲੈਸ਼ ਹਾਕੀ ਵੱਲੋਂ ਦਿੱਤੇ ਗਏ।