ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਬੰਧਨ’ ਦਾ ਇਕ ਮਸ਼ਹੂਰ ਗੀਤ ਹੈ ‘ਯੇ ਬੰਧਨ ਦਿਲੋਂ ਕੇ ਬੰਧਨ, ਯੇ ਨਾਤੇ ਦਿਲੋਂ ਕੇ ਨਾਤੇ, ਤੈਅ ਹੋਤੇ ਹੈਂ ਅੰਬਰ ਪਰ, ਧਰਤੀ ਪੇ ਜੋੜੇ ਜਾਤੇ’ ਤੇ ਇਹ ਗੱਲ ਸੱਚ ਵੀ ਮੰਨੀ ਜਾਂਦੀ ਹੈ ਕਿ ਜੋੜੀਆਂ ਤਾਂ ਧੁਰੋਂ ਹੀ ਲਿਖ ਕੇ ਆਉਂਦੀਆਂ ਹਨ। ਇੱਥੇ ਸੰਸਾਰ ’ਚ ਆ ਕੇ ਸੰਜੋਗ ਜ਼ੋਰਾਵਰ ਹੋ ਨਿੱਬੜਦੇ ਹਨ। ਵੈਸੇ ਵੀ ਕਿਹਾ ਜਾਂਦਾ ਹੈ, ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ। ਬਾਲੀਵੱੁਡ ਦੇ ਕਈ ਕਲਾਕਾਰਾਂ ਨਾਲ ਵੀ ਇੰਝ ਹੀ ਵਾਪਰਿਆ ਹੈ। ਬਾਲੀਵੱੁਡ ਦੇ ਉਨ੍ਹਾ ਫ਼ਨਕਾਰਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਆਪਣੇ ਜੀਵਨ ਸਾਥੀ ਬਾਲੀਵੱੁਡ ’ਚੋਂ ਹੀ ਚੁਣੇ ਸਨ ਤੇ ਫਿਰ ਕਈ ਬਲਾਕਬਸਟਰ ਫਿਲਮਾਂ ਬਾਲੀਵੱੁਡ ਦੀ ਝੋਲੀ ਪਾਈਆਂ ਸਨ।

ਸੁਨੀਲ ਦੱਤ-ਨਰਗਿਸ

ਅਦਾਕਾਰੀ ਅਤੇ ਸਿਆਸਤ ਦੋਵਾਂ ਖੇਤਰਾਂ ਵਿਚ ਬਰਾਬਰ ਮਕਬੂਲੀਅਤ ਹਾਸਲ ਕਰਨ ਵਾਲੇ ਸੂਝਵਾਨ ਅਦਾਕਾਰ ਸੁਨੀਲ ਦੱਤ ਨੇ ਫ਼ਿਲਮ ‘ਮਦਰ ਇੰਡੀਆ’ ਦੇ ਸੈੱਟ ’ਤੇ ਲੱਗੀ ਅੱਗ ਦੌਰਾਨ ਆਪਣੀ ਜਾਨ ’ਤੇ ਖੇਡ ਕੇ ਨਰਗਿਸ ਦੀ ਜਾਨ ਬਚਾਈ ਸੀ ਤੇ ਇਸ ਫਿਲਮ ਤੋਂ ਬਾਅਦ ਇਨ੍ਹਾਂ ਦੋਵਾਂ ਨੇ 11 ਮਾਰਚ 1958 ਨੂੰ ਵਿਆਹ ਕਰਵਾ ਲਿਆ ਸੀ। ਨਰਗਿਸ ਨੇ 1935 ਵਿਚ ਜਦ ਪਹਿਲੀ ਵਾਰ ਫਿਲਮ ‘ਤਲਾਸ਼-ਏ-ਹੱਕ’ ਲਈ ਕੈਮਰੇ ਮੂਹਰੇ ਅਦਾਕਾਰੀ ਕੀਤੀ ਸੀ ਤਾਂ ਉਦੋਂ ਉਹ ਕੇਵਲ ਛੇ ਵਰ੍ਹਿਆਂ ਦੀ ਸੀ। ਉਸ ਨੇ ਬਾਲੀਵੱੁਡ ਨੂੰ ‘ਤਕਦੀਰ’, ‘ਅਣਬਣ’, ‘ਆਗ’, ‘ਬਰਸਾਤ’, ‘ਆਧੀ ਰਾਤ’, ‘ਖੇਲ’, ‘ਜੋਗਨ’, ‘ਬਾਬੁਲ’, ‘ਅਵਾਰਾ’, ‘ਹਲਚਲ’, ‘ਦੀਦਾਰ’, ‘ਸ੍ਰੀ 420’, ‘ਅੰਬਰ’, ‘ਬੇਵਫ਼ਾ’, ‘ਜਾਗਤੇ ਰਹੋ’, ‘ਮਦਰ ਇੰਡੀਆ’, ‘ਕਾਲਾ ਬਾਜ਼ਾਰ’, ‘ਪਰਦੇਸੀ’ ਅਤੇ ‘ਰਾਤ ਔਰ ਦਿਨ’ ਜਿਹੀਆਂ ਸਫ਼ਲ ਫਿਲਮਾਂ ਦੇ ਕੇ ਮਾਲਾਮਾਲ ਕਰ ਦਿੱਤਾ ਸੀ। ਕੈਂਸਰ ਨਾਲ ਜੂਝਦਿਆਂ 3 ਮਈ 1981 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਰੇਡੀਓ ਸਟੇਸ਼ਨ ‘ਸੀਲੋਨ’ ’ਤੇ ਬਤੌਰ ਅਨਾਊਂਸਰ ਪ੍ਰਸਿੱਧੀ ਖੱਟਣ ਵਾਲੇ ਬਲਰਾਜ ਦੱਤ ਉਰਫ਼ ਸੁਨੀਲ ਦੱਤ ਨੇ 1955 ਵਿਚ ਫਿਲਮ ‘ਪਲੇਟਫ਼ਾਰਮ’ ਰਾਹੀਂ ਬਾਲੀਵੱੁਡ ’ਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਦੀਆਂ ਸਫ਼ਲ ਫ਼ਿਲਮਾਂ ਦੀ ਲੰਮੀ ਸੂਚੀ ਵਿਚੋਂ ‘ਏਕ ਹੀ ਰਾਸਤਾ’, ‘ਸਾਧਨਾ’, ‘ਮਦਰ ਇੰਡੀਆ’, ‘ਸੁਜਾਤਾ’, ‘ਇਨਸਾਨ ਜਾਗ ਉਠਾ’, ‘ਮੁਝੇ ਜੀਨੇ ਦੋ’, ‘ਮਿਲਨ’, ‘ਖ਼ਾਨਦਾਨ’, ‘ਵਕਤ’, ‘ਗੁਮਰਾਹ’, ‘ਹਮਰਾਜ਼’, ‘ਪ੍ਰਾਣ ਜਾਏ ਪਰ ਵਚਨ ਨਾ ਜਾਏ’, ‘ਨਾਗਿਨ’, ‘ਜਾਨੀ ਦੁਸ਼ਮਨ’, ‘ਰਾਜ ਤਿਲਕ’, ‘ਮਨ ਜੀਤੇ ਜਗ ਜੀਤ’, ‘ਸ਼ਾਨ’ ਅਤੇ ‘ਮੁੰਨਾ ਭਾਈ ਐੱਮਬੀਬੀਐਸ’ ਦਾ ਤਾਂ ਜ਼ਿਕਰ ਕਰਨਾ ਬਣਦਾ ਹੀ ਹੈ। ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿਚ ਸ਼ਾਂਤੀ ਹਿਤ ‘ਪੈਦਲ ਯਾਤਰਾ’ ਕਰਨ ਦਾ ਹੀਲਾ ਕਰਨ ਵਾਲੇ ਸਫ਼ਲ ਸਿਆਸਤਦਾਨ ਅਤੇ ਹਰਦਿਲ ਅਜ਼ੀਜ਼ ਅਭਿਨੇਤਾ ਸੁਨੀਲ ਦੱਤ ਦਾ 25 ਮਈ 2005 ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ।

ਧਰਮਿੰਦਰ-ਹੇਮਾ ਮਾਲਿਨੀ

ਅਦਾਕਾਰ ਧਰਮਿੰਦਰ ਤੇ ਅਦਾਕਾਰਾ ਹੇਮਾ ਮਾਲਿਨੀ ਦੇ ਨਾਂ ਬਾਲੀਵੱੁਡ ਵਿਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਬਾਲੀਵੱੁਡ ਵਿਚ ਇਨ੍ਹਾਂ ਨੂੰ ਕ੍ਰਮਵਾਰ ‘ਹੀ ਮੈਨ’ ਅਤੇ ‘ਡਰੀਮ ਗਰਲ’ ਵਜੋਂ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ। ਸੰਨ 1954 ਵਿਚ ਪ੍ਰਕਾਸ਼ ਕੌਰ ਨਾਲ ਪਹਿਲੀ ਸ਼ਾਦੀ ਕਰਵਾ ਕੇ ਸੰਨੀ ਦਿਓਲ ਤੇ ਬੌਬੀ ਦਿਓਲ ਜਿਹੇ ਪੁੱਤਰਾਂ ਅਤੇ ਅਜਿਤਾ ਦਿਓਲ ਤੇ ਵਿਜੇਤਾ ਦਿਓਲ ਜਿਹੀਆਂ ਧੀਆਂ ਨੂੰ ਜਨਮ ਦੇਣ ਵਾਲੇ ਅਦਾਕਾਰ ਧਰਮਿੰਦਰ ਨੇ 2 ਮਈ 1980 ਨੂੰ ਹੇਮਾ ਮਾਲਿਨੀ ਨਾਲ ਦੂਸਰੀ ਸ਼ਾਦੀ ਕਰ ਲਈ ਸੀ, ਜਿਸ ਉਪਰੰਤ ਉਸ ਦੇ ਘਰ ਈਸ਼ਾ ਦਿਓਲ ਅਤੇ ਆਹਨਾ ਦਿਓਲ ਨਾਮਕ ਦੋ ਬੇਟੀਆਂ ਨੇ ਜਨਮ ਲਿਆ ਸੀ। 1960 ਵਿਚ ਬਾਲੀਵੱੁਡ ਨੂੰ ਆਪਣੀ ਪਹਿਲੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਦੇਣ ਵਾਲੇ ਧਰਮ ਭਾਅ ਜੀ ਦੀ ਪਤਨੀ ਹੇਮਾ ਨੇ ਆਪਣਾ ਕਰੀਅਰ 1963 ਵਿਚ ਆਈ ਤਾਮਿਲ ਫ਼ਿਲਮ ‘ਸਾਥੀਆਮ’ ਨਾਲ ਅਤੇ ਹਿੰਦੀ ਸਿਨੇਮਾ ਵਿਚ 1968 ’ਚ ਆਈ ਫਿਲਮ ‘ਸਪਨੋਂ ਕਾ ਸੌਦਾਗਰ’ ਨਾਲ ਕੀਤਾ ਸੀ। ਇਨ੍ਹਾਂ ਦੋਵਾਂ ਫ਼ਨਕਾਰਾਂ ਨੇ ਇਕੱਠਿਆਂ ਕੰਮ ਕਰਦਿਆਂ ‘ਪ੍ਰਤਿੱਗਿਆ’, ‘ਸ਼ੋਅਲੇ’, ‘ਰਾਜਾ ਜਾਨੀ’, ‘ਸੀਤਾ ਔਰ ਗੀਤਾ’, ‘ਰਜ਼ੀਆ ਸੁਲਤਾਨ’, ‘ਦਿਲਲਗੀ’, ‘ਕਿਨਾਰਾ’, ‘ਤੁਮ ਹਸੀਨ ਮੈਂ ਜਵਾਨ’, ‘ਸ਼ਰਾਫ਼ਤ’, ‘ਮਾਂ’, ‘ਨਇਆ ਜ਼ਮਾਨਾ’, ‘ਡਰੀਮ ਗਰਲ’, ‘ਚਰਸ’, ‘ਚਾਚਾ ਭਤੀਜਾ’, ‘ਸਮਰਾਟ’, ‘ਰਾਜਪੂਤ’, ‘ਆਸਪਾਸ’, ‘ਕ੍ਰੋਧੀ’, ‘ਦਿ ਬਰਨਿੰਗ ਟ੍ਰੇਨ’, ‘ਨਸੀਬ’, ‘ਦੋਸਤ’ ਅਤੇ ‘ਬਗ਼ਾਵਤ’ ਸਣੇ 45 ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹਿੱਟ ਰਹੀਆਂ।

ਗਾਇਕ, ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਕਿਸ਼ੋਰ ਕੁਮਾਰ ਨੇ ਹਜ਼ਾਰਾਂ ਹੀ ਸੁਰੀਲੇ ਤੇ ਯਾਦਗਾਰੀ ਨਗ਼ਮੇ ਅਤੇ ਆਪਣੀ ਦਿਲਫ਼ਰੇਬ ਅਦਾਕਾਰੀ ਨਾਲ ਸਜੀਆਂ ਸੈਂਕੜੇ ਹੀ ਫਿਲਮਾਂ ਬਾਲੀਵੱੁਡ ਦੀ ਝੋਲੀ ਪਾਈਆਂ ਸਨ। 16 ਅਕਤੂਬਰ 1960 ਨੂੰ ਉਨ੍ਹਾਂ ਬਾਲੀਵੱੁਡ ਦੀ ਹੁਣ ਤੱਕ ਦੀ ਸਭ ਤੋਂ ਹਸੀਨ ਅਦਾਕਾਰਾ ਕਹੀ ਜਾਂਦੀ ‘ਮਧੂਬਾਲਾ’ ਨਾਲ ਸ਼ਾਦੀ ਕਰ ਲਈ ਸੀ। ਇਹ ਦੋਵੇਂ 1958 ਵਿਚ ਬਣੀ ਫਿਲਮ ‘ਚਲਤੀ ਕਾ ਨਾਮ ਗਾੜੀ’ ਦੇ ਸੈੱਟ ’ਤੇ ਇਕ ਦੂਜੇ ਨੂੰ ਮਿਲੇ ਸਨ ਤੇ ਦਿਲ ਦੇ ਬੈਠੇ ਸਨ। ਸੰਨ 1969 ਵਿਚ ਮਧੂਬਾਲਾ ਕੇਵਲ 36 ਵਰ੍ਹਿਆਂ ਦੀ ਉਮਰ ਵਿਚ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਈ ਸੀ। ਕਿਸ਼ੋਰ ਨੇ 1976 ਵਿਚ ਅਦਾਕਾਰਾ ਯੋਗਿਤਾ ਬਾਲੀ ਨਾਲ ਸ਼ਾਦੀ ਕਰਵਾ ਲਈ ਸੀ, ਜੋ ਸਿਰਫ਼ ਦੋ ਸਾਲ ਤੱਕ ਚੱਲੀ ਤੇ ਫਿਰ 1978 ਵਿਚ ਯੋਗਿਤਾ ਤੋਂ ਤਲਾਕ ਲੈ ਕੇ ਕਿਸ਼ੋਰ ਨੇ 1980 ਵਿਚ ਅਦਾਕਾਰਾ ਲੀਨਾ ਚੰਦਰਾਵਰਕਰ ਨਾਲ ਵਿਆਹ ਕਰ ਲਿਆ ਸੀ, ਜੋ ਆਖ਼ਰੀ ਸਾਹਾਂ ਤੱਕ ਨਿਭਾਇਆ। ਇਕ ਦਿਲਚਸਪ ਤੱਥ ਇਹ ਵੀ ਹੈ ਕਿ ਕਿਸ਼ੋਰ ਕੁਮਾਰ ਨੇ ਸਭ ਤੋਂ ਪਹਿਲੀ ਸ਼ਾਦੀ ਬੰਗਾਲੀ ਫ਼ਨਕਾਰਾ ਰੂਮਾ ਘੋਸ਼ ਨਾਲ 1950 ਵਿਚ ਕਰਵਾਈ ਸੀ ਤੇ 1958 ਵਿਚ ਰੂਮਾ ਨੂੰ ਤਲਾਕ ਦੇ ਦਿੱਤਾ ਸੀ।

ਦਿਲੀਪ ਕੁਮਾਰ-ਸਾਇਰਾ ਬਾਨੋ

1944 ਵਿਚ ਫ਼ਿਲਮ ‘ਜਵਾਰਭਾਟਾ’ ਰਾਹੀਂ ਬਾਲੀਵੁੱਡ ਵਿਚ ਆਪਣੀ ਐਂਟਰੀ ਦਰਜ ਕਰਨ ਵਾਲੇ ਸੁਪਰ ਸਟਾਰ ਜਨਾਬ ਯੂਸਫ਼ ਖ਼ਾਨ ਉਰਫ਼ ਦਿਲੀਪ ਕੁਮਾਰ ਨੂੰ ਬਾਲੀਵੱੁਡ ਵਿਚ ‘ਟ੍ਰੈਜਿਡੀ ਕਿੰਗ’ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ 44 ਵਰ੍ਹਿਆਂ ਦੀ ਉਮਰ ਵਿਚ 11 ਅਕਤੂਬਰ 1966 ਨੂੰ ਅਦਾਕਾਰਾ ਸਾਇਰਾ ਬਾਨੋ ਨਾਲ ਨਿਕਾਹ ਪੜ੍ਹਿਆ ਸੀ। ਸਾਇਰਾ ਬਾਨੋ ਨੇ 1961 ਵਿਚ ਫ਼ਿਲਮ ‘ਜੰਗਲੀ’ ਰਾਹੀਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ। ਦੋਵਾਂ ਨੇ ਇਕੱਠਿਆਂ ‘ਬੈਰਾਗ’, ‘ਦੁਨੀਆ’, ‘ਗੋਪੀ’, ‘ਸਗੀਨਾ’ ਆਦਿ ਫ਼ਿਲਮਾਂ ਕੀਤੀਆਂ ਸਨ। 7 ਜੁਲਾਈ 2021 ਨੂੰ ਦਿਲੀਪ ਕੁਮਾਰ ਦੇ ਦੇਹਾਂਤ ਨਾਲ ਇਸ ਜੋੜੀ ਦੇ 55 ਸਾਲਾ ਵਿਆਹੁਤਾ ਜੀਵਨ ਦਾ ਅੰਤ ਹੋ ਗਿਆ ਸੀ। ਜ਼ਿਕਰਯੋਗ ਹੈ ਕਿ 1981 ਵਿਚ ਕਿਸੇ ਕਾਰਨ ਦਿਲੀਪ ਸਾਹਿਬ ਨੇ ਆਸਮਾ ਰਹਿਮਾਨ ਨਾਮਕ ਔਰਤ ਨਾਲ ਸ਼ਾਦੀ ਕਰ ਲਈ ਸੀ ਪਰ 1983 ਵਿਚ ਉਨ੍ਹਾਂ ਆਸਮਾ ਨੂੰ ਤਲਾਕ ਦੇ ਦਿੱਤਾ ਸੀ ਤੇ ਫਿਰ ਆਖ਼ਰੀ ਸਾਹ ਤੱਕ ਉਹ ਸਾਇਰਾ ਬਾਨੋ ਦੇ ਸ਼ੌਹਰ ਹੀ ਰਹੇ।

ਸ਼ਸ਼ੀ ਕਪੂਰ-ਜੈਨੀਫ਼ਰ ਕੈਂਡਲ

ਪਿ੍ਰਥਵੀ ਰਾਜ ਕਪੂਰ ਦੇ ਬੇਟੇ ਸ਼ਸ਼ੀ ਕਪੂਰ ਨੇ ਆਪਣੇ ਭਰਾ ਸ਼ੰਮੀ ਕਪੂਰ ਤੇ ਗੀਤਾ ਬਾਲੀ ਦੇ ਪ੍ਰੇਮ ਵਿਆਹ ਦਾ ਫ਼ਾਇਦਾ ਚੱੁਕਦਿਆਂ ਹੋਇਆ 1958 ਵਿਚ ਅੰਗਰੇਜ਼ੀ ਅਦਾਕਾਰ ਜੈਨੀਫ਼ਰ ਕੈਂਡਲ ਨਾਲ ਸ਼ਾਦੀ ਕਰ ਲਈ ਸੀ। ਉਨ੍ਹਾਂ ਦੋਵਾਂ ਨੇ ਇਕੱਠਿਆਂ ‘ਹੀਟ ਐਂਡ ਡਸਟ’, ‘ਜਨੂੰਨ’, ‘ਸ਼ੈਕਸਪੀਅਰ ਵਾਲਾ’ ਅਤੇ ‘ਬਾਂਬੇ ਟਾਕੀਜ਼’ ਆਦਿ ਫਿਲਮਾਂ ਵਿਚ ਮੁੱਖ ਭੂਮਿਕਾਵਾਂ ਨਿਭਾਈਆਂ ਸਨ।

ਅਮਿਤਾਬ ਬੱਚਨ-ਜਯਾ ਬੱਚਨ

ਬਾਲੀਵੱੁਡ ਦੇ ਮਹਾਨਾਇਕ ਤੇ ਸ਼ਹਿਨਸ਼ਾਹ ਜਿਹੇ ਅਨੇਕਾਂ ਲਕਬਾਂ ਨਾਲ ਜਾਣੇ ਜਾਂਦੇ ਮਹਾਨ ਅਦਾਕਾਰ ਅਮਿਤਾਬ ਬੱਚਨ ਨੇ 1969 ਵਿਚ ਫਿਲਮ ‘ਸਾਤ ਹਿੰਦੁਸਤਾਨੀ’ ਰਾਹੀਂ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਦੀ ਸ਼ੁਰੂਆਤ ਕੀਤੀ ਸੀ ਜਦੋਂਕਿ ਜਯਾ ਭਾਦੁੜੀ ਨੇ 1963 ਵਿਚ ਬਣੀ ਬੰਗਾਲੀ ਫਿਲਮ ‘ਮਹਾਨਗਰ’ ਵਿਚ ਪਹਿਲੀ ਵਾਰ ਅਦਾਕਾਰੀ ਕੀਤੀ ਸੀ। ਉਸ ਵੇਲੇ ਉਸ ਦੀ ਉਮਰ ਕੇਵਲ 15 ਸਾਲ ਸੀ। 1971 ਵਿਚ ਫਿਲਮ ‘ਗੱੁਡੀ’ ਨਾਲ ਬਾਲੀਵੱੁਡ ’ਚ ਕਦਮ ਰੱਖਣ ਵਾਲੀ ਜਯਾ 3 ਜੂਨ 1973 ਨੂੰ ਅਮਿਤਾਬ ਬੱਚਨ ਨਾਲ ਸ਼ਾਦੀ ਕਰ ਕੇ ਜਯਾ ਭਾਦੁੜੀ ਤੋਂ ਜਯਾ ਬੱਚਨ ਹੋ ਗਈ ਸੀ। ਜਯਾ ਤੇ ਅਮਿਤਾਬ ਨੇ ਬਾਲੀਵੱੁਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਦੋਵਾਂ ਨੇ ਜਿਨ੍ਹਾਂ ਫਿਲਮਾਂ ਵਿਚ ਇਕੱਠਿਆਂ ਕੰਮ ਕੀਤਾ, ਉਨ੍ਹਾਂ ਵਿਚੋਂ ‘ਜ਼ੰਜ਼ੀਰ’, ‘ਅਭਿਮਾਨ’, ‘ਸ਼ੋਅਲੇ’, ‘ਸਿਲਸਿਲਾ’, ‘ਕਭੀ ਖ਼ੁਸ਼ੀ ਕਭੀ ਗ਼ਮ’ਆਦਿ ਦੇ ਨਾਂ ਪ੍ਰਮੱੁਖ ਹਨ। ਇਹ ਜੋੜੀ ਅੱਜ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ।

ਰਣਧੀਰ ਕਪੂਰ-ਬਬੀਤਾ

ਬਾਲੀਵੱੁਡ ਦਾ ‘ਸ਼ੋਅਮੈਨ’ ਕਹੇ ਜਾਂਦੇ ਰਾਜ ਕਪੂਰ ਦੇ ਹੋਣਹਾਰ ਫ਼ਰਜ਼ੰਦ ਰਣਧੀਰ ਕਪੂਰ ਨੇ 24 ਸਾਲ ਦੀ ਉਮਰੇ 6 ਨਵੰਬਰ 1971 ਨੂੰ ਅਦਾਕਾਰਾ ਬਬੀਤਾ ਨਾਲ ਵਿਆਹ ਕਰਵਾ ਲਿਆ ਸੀ। ਬਤੌਰ ਬਾਲ ਕਲਾਕਾਰ ਆਪਣੇ ਪਿਤਾ ਦੀਆਂ ਕਈ ਫਿਲਮਾਂ ਵਿਚ ਕੰਮ ਕਰਨ ਵਾਲੇ ਰਣਧੀਰ ਨੇ 1971 ਵਿਚ ਆਈ ਆਪਣੇ ਦਾਦਾ ਤੇ ਪਿਤਾ ਦੀ ਫਿਲਮ ‘ਕਲ ਆਜ ਔਰ ਕਲ’ ਨਾਲ ਬਤੌਰ ਨਾਇਕ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ‘ਚਾਚਾ ਭਤੀਜਾ’, ‘ਰਾਮਪੁਰ ਕਾ ਲਕਸ਼ਮਣ’, ‘ਹਾਥ ਕੀ ਸਫ਼ਾਈ’ ਅਤੇ ‘ਹਾਊਸਫੱੁਲ’ ਜਿਹੀਆਂ ਹਿੱਟ ਫ਼ਿਲਮਾਂ ਦੇਣ ਵਾਲੇ ਰਣਧੀਰ ਨੇ 1991 ਵਿਚ ਫਿਲਮ ‘ਹਿਨਾ’ ਦਾ ਨਿਰਦੇਸ਼ਨ ਕਰ ਕੇ ਭਰਪੂਰ ਸ਼ਲਾਘਾ ਖੱਟੀ ਸੀ। ਉਸ ਨੇ ਆਪਣੀ ਪਤਨੀ ਬਬੀਤਾ ਨਾਲ ‘ਕਲ ਆਜ ਔਰ ਕਲ’ ਅਤੇ ‘ਜੀਤ’ ਨਾਮਕ ਫ਼ਿਲਮਾਂ ਵਿਚ ਜਾਨਦਾਰ ਅਦਾਕਾਰੀ ਵਿਖਾਈ ਸੀ। ਉਂਜ ਬਬੀਤਾ ਨੇ ਵੀ ਬਾਲੀਵੱੁਡ ਨੂੰ ‘ਕਾਲਾ ਪਾਨੀ’, ‘ਏਕ ਹਸੀਨਾ ਦੋ ਦੀਵਾਨੇ’, ‘ਪਹਿਚਾਨ’, ‘ਅਨਮੋਲ ਮੋਤੀ’, ‘ਅਨਜਾਨਾ’, ‘ਡੋਲੀ’, ‘ਫ਼ਰਜ਼’, ‘ਰਾਜ਼’, ‘ਹਸੀਨਾ ਮਾਨ ਜਾਏਗੀ’ ਅਤੇ ‘ਦਸ ਲਾਖ’ ਜਿਹੀਆਂ ਕਾਮਯਾਬ ਫ਼ਿਲਮਾਂ ਦਿੱਤੀਆਂ ਸਨ।

ਸ਼ੰਮੀ ਕਪੂਰ-ਗੀਤਾ ਬਾਲੀ

ਬਾਲੀਵੱੁਡ ਨੂੰ ਕਪੂਰ ਖ਼ਾਨਦਾਨ ਦੇ ਯੋਗਦਾਨ ਤੋਂ ਬਿਨਾ ਅਧੂਰਾ ਹੀ ਮੰਨਿਆ ਜਾਂਦਾ ਹੈ। ਪਿ੍ਰਥਵੀ ਰਾਜ ਕਪੂਰ ਦੇ ਬੇਟੇ ਸ਼ਮਸ਼ੇਰ ਰਾਜ ਕਪੂਰ ਉਰਫ਼ ਸ਼ੰਮੀ ਕਪੂਰ ਦੀ ਬਾਲੀਵੱੁਡ ਵਿਚ ਵੱਖਰੀ ਪਛਾਣ ਸੀ। ਉਨ੍ਹਾਂ ਆਪਣੀ ਪਹਿਲੀ ਫ਼ਿਲਮ ‘ਜੀਵਨ ਜੋਤੀ’ ਦੇ ਕਾਮਯਾਬ ਨਾ ਹੋਣ ਮਗਰੋਂ ਭਰਪੂਰ ਮਿਹਨਤ ਕੀਤੀ ਸੀ ਤੇ ਹਿੰਦੀ ਸਿਨੇਮਾ ਨੂੰ ‘ਜੰਗਲੀ’, ‘ਪ੍ਰੋਫ਼ੈਸਰ’, ‘ਤੁਮਸਾ ਨਹੀਂ ਦੇਖਾ’, ‘ਰਾਜਕੁਮਾਰ’, ‘ਕਸ਼ਮੀਰ ਕੀ ਕਲੀ’, ‘ਪਿ੍ਰੰਸ’, ‘ਬ੍ਰਹਮਚਾਰੀ’ ਅਤੇ ‘ਤੀਸਰੀ ਮੰਜ਼ਿਲ’ ਜਿਹੀਆਂ ਕਈਆਂ ਨਾਯਾਬ ਫਿਲਮਾਂ ਦਿੱਤੀਆਂ ਸਨ। ਸੰਨ 1955 ਵਿਚ ਫਿਲਮ ‘ਮਿਸ ਕੋਕਾ ਕੋਲਾ’ ਦੇ ਸੈੱਟ ’ਤੇ ਪਹਿਲੀ ਵਾਰ ਅਦਾਕਾਰਾ ਗੀਤਾ ਬਾਲੀ ਨੂੰ ਮਿਲੇ ਸ਼ੰਮੀ ਕਪੂਰ ਨੇ ਆਪਣੇ ਖ਼ਾਨਦਾਨ ਦੀਆਂ ਰਵਾਇਤਾਂ ਦੇ ਉਲਟ ਜਾ ਕੇ ਉਸੇ ਸਾਲ ਹੀ ਗੀਤ ਬਾਲੀ ਨਾਲ ਸ਼ਾਦੀ ਕਰਵਾ ਲਈ ਸੀ। ਆਪਣੇ ਫਿਲਮੀ ਕਰੀਅਰ ਦੌਰਾਨ 75 ਤੋਂ ਵੱਧ ਸ਼ਾਨਦਾਰ ਫਿਲਮਾਂ ਦੇਣ ਵਾਲੀ ਗੀਤਾ ਬਾਲੀ ਦਾ ਅਸਲ ਨਾਂ ਹਰਕੀਰਤਨ ਕੌਰ ਸੀ ਤੇ ਉਹ 1930 ਵਿਚ ਅੰਮਿ੍ਰਤਸਰ ਵਿਖੇ ਪੈਦਾ ਹੋਈ ਸੀ। 1942 ਵਿਚ ਬਾਲ ਕਲਾਕਾਰ ਵਜੋਂ ‘ਦਿ ਕੋਬਲਰ’ ਅਤੇ 1948 ਵਿਚ ‘ਸੁਹਾਗ ਰਾਤ’ ਨਾਲ ਫਿਲਮੀ ਪਿੜ ਵਿਚ ਉਤਰਨ ਵਾਲੀ ਗੀਤਾ ਬਾਲੀ ਦੀਆਂ ਹਿੱਟ ਫਿਲਮਾਂ ਵਿਚੋਂ ‘ਦੁਲਾਰੀ’, ‘ਬੜੀ ਬਹਿਨ’, ‘ਨਿਸ਼ਾਨਾ’, ‘ਬਾਵਰੇ ਨੈਨ’, ‘ਬੜੀ ਬਹਿਨ’, ‘ਬਾਜ਼ੀ’, ‘ਅਲਬੇਲਾ’, ‘ਜਾਲ’, ‘ਆਨੰਦ ਮੱਠ’, ‘ਵਚਨ’, ‘ਫ਼ਰਾਰ’, ‘ਸੈਲਾਬ’ ਅਤੇ ‘ਮਿਸਟਰ ਇੰਡੀਆ’ ਦੇ ਨਾਂ ਕਾਬਿਲੇ ਜ਼ਿਕਰ ਹਨ।

ਗੁਰੂ ਦੱਤ-ਗੀਤਾ ਦੱਤ

‘ਬਾਜ਼ੀ’, ‘ਜਾਲ’, ‘ਬਾਜ਼’, ‘ਆਰਪਾਰ’, ‘ਪਿਆਸਾ’, ‘ਕਾਗ਼ਜ਼ ਕੇ ਫੂਲ’, ‘ਸੈਲਾਬ’ ਅਤੇ ‘ਮਿਸਟਰ ਐਂਡ ਮਿਸਿਜ਼ 55’ ਜਿਹੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਦੇ ਨਾਲ-ਨਾਲ ‘ਸੀਆਈਡੀ’, ‘ਸਾਹਿਬ ਬੀਵੀ ਔਰ ਗ਼ੁਲਾਮ’, ‘ਚੌਦ੍ਹਵੀਂ ਕਾ ਚਾਂਦ’ ਅਤੇ ‘ਬਹਾਰੇਂ ਫਿਰ ਭੀ ਆਏਂਗੀ’ ਵਰਗੀਆਂ ਸਫ਼ਲ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਗੁਰੂਦੱਤ ਸਾਹਿਬ ਇਕ ਵਧੀਆ ਅਦਾਕਾਰ ਵੀ ਸਨ। 1946 ਵਿਚ ਫ਼ਿਲਮ ‘ਹਮ ਏਕ ਹੈਂ’ ਤੋਂ ਬਤੌਰ ਸਹਾਇਕ ਨਿਰਦੇਸ਼ਕ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਗੁਰੂਦੱਤ ਨੇ 26 ਮਈ 1953 ਨੂੰ ਬਾਲੀਵੱੁਡ ਦੀ ਨਾਮਵਰ ਗਾਇਕਾ ਗੀਤਾ ਰਾਏ ਨਾਲ ਸ਼ਾਦੀ ਕਰਵਾ ਲਈ ਸੀ। 1951 ਵਿਚ ਫਿਲਮ ‘ਬਾਜ਼ੀ’ ਦੇ ਗੀਤਾਂ ਦੀ ਰਿਕਾਰਡਿੰਗ ਸਮੇਂ ਇਹ ਜੋੜਾ ਮੁਹੱਬਤ ’ਚ ਪੈ ਗਿਆ ਸੀ ਤੇ ਸਗਾਈ ਦੇ ਦੋ ਸਾਲ ਬਾਅਦ ਇਨ੍ਹਾਂ ਨੇ ਵਿਆਹ ਕਰਵਾ ਲਿਆ ਸੀ। ਗੀਤਾ ਦੱਤ ਦੇ ਗਾਏ ਸੈਂਕੜੇ ਯਾਦਗਾਰੀ ਗੀਤਾਂ ਵਿਚੋਂ ‘ਤਦਬੀਰ ਸੇ ਬਿਗੜੀ ਹੂਈ ਤਕਦੀਰ ਬਨਾ ਲੇ’, ‘ਜਾਨੇ ਕਿਆ ਤੂਨੇ ਕਹੀ ਜਾਨੇ ਕਿਆ ਮੈਂਨੇ ਸੁਨੀ’, ‘ਮੇਰਾ ਸੰੁਦਰ ਸਪਨਾ ਬੀਤ ਗਿਆ’, ‘ਹਮ ਆਪ ਕੀ ਆਂਖੋਂ ਮੇਂ’, ‘ਬਾਬੂ ਜੀ ਧੀਰੇ ਚਲਨਾ’, ‘ਜਾਨੇ ਕਹਾਂ ਮੇਰਾ ਜਿਗਰ ਗਿਆ ਜੀ’, ‘ਨਾ ਜਾਓ ਸਈਆਂ ਛੁੜਾ ਕੇ ਬਈਆਂ ਕਸਮ ਤੁਮਹਾਰੀ ਮੈਂ ਰੋ ਪੜੂੰਗੀ’ ਆਦਿ ਤਾਂ ਬਾਕਮਾਲ ਹਨ।

ਹੋਰ ਪ੍ਰਮੁੱਖ ਜੋੜੀਆਂ

ਬਾਲੀਵੁੱਡ ਦੀਆਂ ਪ੍ਰਮੁੱਖ ਜੋੜੀਆਂ ਤੋਂ ਇਲਾਵਾ ਹੋਰ ਵੀ ਕਈ ਅਹਿਮ ਜੋੜੀਆਂ ਹਨ, ਜਿਨ੍ਹਾਂ ਵਿਚ ਪਤੀ ਤੇ ਪਤਨੀ ਦੋਵੇਂ ਹੀ ਬਾਲੀਵੱੁਡ ਦੀ ਨਾਮੀ ਹਸਤੀਆਂ ਹਨ। ਇਨ੍ਹਾਂ ਜੋੜੀਆਂ ਵਿਚੋਂ ਕੁਝ ਨਾਂ ਇਸ ਪ੍ਰਕਾਰ ਹਨ : ਵਹੀਦਾ ਰਹਿਮਾਨ-ਕਮਲਜੀਤ, ਨਸੀਰੂਦੀਨ ਸ਼ਾਹ-ਰਤਨਾ ਪਾਠਕ, ਅਨੁਪਮ ਖੇਰ-ਕਿਰਨ ਖੇਰ, ਓਮ ਪੁਰੀ-ਸੀਮਾ ਕਪੂਰ, ਬਿੰਦੂ ਸਿੰਘ-ਫ਼ਰਹਾ, ਰਿਤੇਸ਼ ਦੇਸ਼ਮੱੁਖ-ਜੈਨੇਲੀਆ, ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ, ਵਿੱਕੀ ਕੌਸ਼ਲ-ਕੈਟਰੀਨਾ ਕੈਫ਼, ਰਣਬੀਰ ਕਪੂਰ-ਆਲੀਆ ਭੱਟ, ਅਜੇ ਦੇਵਗਨ-ਕਾਜੋਲ, ਸੈਫ਼ ਅਲੀ ਖ਼ਾਨ-ਕਰੀਨਾ ਕਪੂਰ ਤੇ ਅੰਮਿ੍ਰਤਾ ਸਿੰਘ, ਸੰਜੇ ਦੱਤ-ਮਾਨਿਅਤਾ ਦੱਤ, ਰਿਸ਼ੀ ਕਪੂਰ-ਨੀਤੂ ਸਿੰਘ, ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ, ਰਣਵੀਰ ਸਿੰਘ-ਦੀਪਿਕਾ ਪਾਦੂਕੋਣ, ਬਿਪਾਸ਼ਾ ਬਾਸੂ-ਕਰਨ ਗਰੋਵਰ, ਪਰਮੀਤ ਸੇਠੀ-ਅਰਚਨਾ ਪੂਰਨ ਸਿੰਘ, ਕੁਨਾਲ ਖੇਮੂ-ਸੋਹਾ ਅਲੀ ਖ਼ਾਨ, ਅਰਸ਼ਦ ਵਾਰਸੀ-ਮਾਰੀਆ ਗੋਰੇਟੀ, ਵਿਦਿਆ ਬਾਲਨ-ਸਿਧਾਰਥ ਰਾਏ ਕਪੂਰ, ਨੇਹਾ ਧੂਪੀਆ-ਅੰਗਦ ਸਿੰਘ ਬੇਦੀ, ਸ਼੍ਰੇਆ ਘੋਸ਼ਾਲ-ਐੱਸ ਮੁੱਖੋਪਾਧਿਆਏ, ਨੇਹਾ ਕੱਕੜ-ਰੋਹਨਪ੍ਰੀਤ ਸਿੰਘ, ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ, ਸ੍ਰੀਦੇਵੀ-ਬੋਨੀ ਕਪੂਰ, ਰਾਣੀ ਮੁਖਰਜੀ-ਅਦਿੱਤਿਆ ਚੋਪੜਾ, ਯਾਮੀ ਗੌਤਮ-ਆਦਿੱਤਿਆ ਧਰ, ਅਲੀ ਫ਼ਜ਼ਲ-ਰਿਚਾ ਚੱਢਾ, ਫ਼ਰਹਾਨ ਅਖ਼ਤਰ-ਸ਼ਿਬਾਨੀ ਦਾਂਡੇਕਰ, ਮਲਾਇਕਾ ਅਰੋੜਾ-ਅਰਬਾਜ਼ ਖ਼ਾਨ, ਆਮਿਰ ਖ਼ਾਨ-ਕਿਰਨ ਰਾਓ, ਕਮਲ ਹਾਸਨ-ਸਾਰਿਕਾ, ਸਚਿਨ ਪਿਲਗਾਉਂਕਰ-ਸੁਪਿ੍ਰਆ ਪਿਲਗਾਉਂਕਰ, ਪੰਕਜ ਕਪੂਰ-ਸੁਪਿ੍ਰਆ ਪਾਠਕ ਤੇ ਨੀਲਿਮਾ ਅਜ਼ੀਮ ਅਤੇ ਪੁਲਕਿਤ ਸਮਰਾਟ-ਸ਼ਵੇਤਾ ਆਦਿ।

– ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ