ਪੰਜਾਬੀ ਫਿਲਮ ਇੰਡਸਟਰੀ ਵਿਚ ਜਿਨ੍ਹਾਂ ਕਲਾਕਾਰਾਂ ਦੀ ਇਕ ਵੇਲੇ ਤੂਤੀ ਬੋਲਦੀ ਹੁੰਦੀ ਸੀ ਉਨ੍ਹਾਂ ਵਿਚੋਂ ਅਦਾਕਾਰ, ਪ੍ਰੋਡਿਊਸਰ ਤੇ ਡਾਇਰੈਕਟਰ ਯੋਗੇਸ ਛਾਬੜਾ ਦਾ ਅਕਸਰ ਜ਼ਿਕਰ ਛਿੜਦਾ ਹੈ। ਉਨ੍ਹਾਂ ਆਪਣੇ ਕੰਮ ਦੀ ਬਦੌਲਤ ਇਕ ਵੱਖਰੀ ਪਛਾਣ ਬਣਾਈ। ਯੋਗੇਸ਼ ਛਾਬੜਾ ਭਾਵੇਂ ਇਸ ਵੇਲੇ ਫਿਲਮਾਂ ਵਿਚ ਬਹੁਤ ਘੱਟ ਨਜ਼ਰ ਆਉਦਾ ਹੈ ਪਰ ਉਨ੍ਹਾਂ ਹਿੰਦੀ ਤੋਂ ਲੈ ਕੇ ਪੰਜਾਬੀ ਸਿਨੇਮੇ ਵਿਚ ਜਿੰਨਾ ਵੀ ਕੰਮ ਕੀਤਾ ਉਹ ਚਰਚਿਤ ਹੋਇਆ। ਉਹ ਅੱਜ ਵੀ ਪੰਜਾਬੀ ਫਿਲਮ ਇੰਡਸਟਰੀ ਲਈ ਫਿਕਰਮੰਦ ਹਨ। ਇਸ ਨਿੱਘੇ ਸੁਭਾਅ ਤੇ ਮਿਲਣਸਾਰ ਸ਼ਖ਼ਸੀਅਤ ਦੇ ਮਾਲਕ ਨਾਲ ਪਿਛਲੇ ਦਿਨੀਂ ਗੱਲਬਾਤ ਹੋਈ, ਪੇਸ਼ ਹਨ ਉਸ ਦੇ ਕੁਝ ਅੰਸ਼ :-

– ਆਪਣੇ ਪਿਛੋਕੜ ਬਾਰੇ ਕੁਝ ਦੱਸੋ?

ਸਾਡਾ ਪਰਿਵਾਰਕ ਪਿਛੋਕੜ ਤਾਂ ਪਾਕਿਸਤਾਨ ਦਾ ਹੈ। ਵੰਡ ਵੇਲੇ ਸਾਡਾ ਪਰਿਵਾਰ ਪਹਿਲਾਂ ਕਰਨਾਲ ਫਿਰ ਕੁਰੂਕਸ਼ੇਤਰ ਆ ਕੇ ਵਸਿਆ ਸੀ ਪਰ ਫਿਰ ਪੱਕੇ ਤੌਰ ’ਤੇ ਗੰਗਾਨਗਰ ਆ ਵਸ ਗਿਆ ਸੀ। ਜਿੱਥੇ ਮੇਰੀ ਮੁੱਢਲੀ ਤੋਂ ਲੈ ਕੇ ਬੀਏ ਤੱਕ ਦੀ ਪੜ੍ਹਾਈ ਖ਼ਾਲਸਾ ਸਕੂਲ ਤੇ ਕਾਲਜ ਤੋਂ ਪੂਰੀ ਹੋਈ।

– ਤੁਹਾਨੂੰ ਕਲਾ ਖੇਤਰ ਨਾਲ ਕਿਵੇਂ ਲਗਾਅ ਹੋਇਆ?

ਮੇਰੇ ਪਿਤਾ ਮਦਨ ਲਾਲ ਛਾਬੜਾ ਜੀ ਸੰਗੀਤ ਨੂੰ ਬੇਹੱਦ ਪਿਆਰ ਕਰਦੇ ਸਨ, ਜਿਸ ਕਰ ਕੇ ਉਹ ਵੰਡ ਵੇਲੇ ਆਪਣੀ ਪਿੱਠ ’ਤੇ ਕੱਪੜੇ ’ਚ ਬੰਨ੍ਹ ਕੇ ਸਿਰਫ਼ ਵਾਜਾ ਹੀ ਲੈ ਕੇ ਆਏ ਸਨ। ਅਕਸਰ ਘਰ ਵਿਚ ਵੀ ਉਨ੍ਹਾਂ ਦੀ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਤਾਤਾ ਲੱਗਿਆ ਰਹਿੰਦਾ ਸੀ। ਉਨ੍ਹਾਂ ਦਾ ਸੰਗੀਤ ਨਾਲ ਐਨਾ ਲਗਾਅ ਦੇਖ ਕੇ ਹੀ ਮੈਂ ਕਲਾ ਖੇਤਰ ਵਿਚ ਦਾਖ਼ਲ ਹੋਇਆ ਸੀ।

– ਤੁਸੀਂ ਬਕਾਇਦਾ ਐਕਟਿੰਗ ਦੀ ਪੜ੍ਹਾਈ ਕੀਤੀ, ਇਹ ਸਬੱਬ ਕਿਵੇਂ ਬਣਿਆ?

ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਰਿਣੀ ਹਾਂ ਖ਼ਾਸ ਕਰ ਕੇ ਪਿਤਾ ਜੀ ਦਾ ਜੋ ਮੈਨੂੰ ਹੀਰੋ ਬਣਾਉਣਾ ਚਾਹੁੰਦੇ ਸਨ, ਜਿਨ੍ਹਾਂ ਦੀ ਬਦੌਲਤ ਮੈਂ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਇੰਡੀਆ ਪੂਨਾ ਵਿਖੇ ਦਾਖ਼ਲਾ ਲੈ ਲਿਆ। ਐਕਟਿੰਗ ਕੋਰਸ ਵਿਚ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਸੀ। ਮੇਰੇ ਨਾਲ ਚੋਟੀ ਦੇ ਕਲਾਕਾਰਾਂ ਜਯਾ ਬੱਚਨ, ਅਨਿਲ ਧਵਨ, ਡੈਨੀ ਸਾਹਿਬ, ਮਿਥੁਨ ਚੱਕਰਵਰਤੀ ਆਦਿ ਨੇ ਕੋਰਸ ਕੀਤਾ ਸੀ।

– ਤੁਸੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਿੱਥੋਂ ਕੀਤੀ?

ਮੈਂ ਜਿਵੇਂ ਹੀ ਆਪਣਾ ਐਕਟਿੰਗ ਕੋਰਸ ਪੂਰਾ ਕੀਤਾ ਤਾਂ ਮੈਨੂੰ ਸਭ ਤੋਂ ਪਹਿਲਾਂ ਗੁਲਜ਼ਾਰ ਸਾਹਿਬ ਦੀ ਹਿੰਦੀ ਫਿਲਮ ‘ਮੇਰੇ ਅਪਨੇ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਵਿਚ ਮੀਨਾ ਕੁਮਾਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਹ ਫਿਲਮ ਉਨ੍ਹਾਂ ਦੀ ਆਖ਼ਰੀ ਫਿਲਮ ਸੀ। ਇਸ ਤੋਂ ਬਾਅਦ ਹਿੰਦੀ ਦੀਆਂ ਚਰਚਿਤ ਫਿਲਮਾਂ ਜਿਵੇਂ ‘ਗੰਗਾ ਕੀ ਸੌਗੰਧ’, ‘ਗੁੰਮਰਾਹ’, ‘ਨਮਕ ਹਰਾਮ’, ‘ਜ਼ਹਿਰੀਲੇ ਇਨਸਾਨ’ ਤੇ ‘ਜੰਗਲ ਮੇਂ ਮੰਗਲ’ ਵਿਚ ਵੀ ਦਿੱਗਜ ਹਸਤੀਆਂ ਨਾਲ ਕੰਮ ਕੀਤਾ।

– ਤੁਸੀਂ ਪੰਜਾਬੀ ਵਾਲੇ ਪਾਸੇ ਕਿਵੇਂ ਆਏ?

ਉਨ੍ਹਾਂ ਸਮਿਆਂ ’ਚ ਮੇਰਾ ਹਿੰਦੀ ਫਿਲਮਾਂ ਵਿਚ ਚੰਗਾ ਨਾਮ ਬਣ ਗਿਆ ਸੀ ਅਤੇ ਮੈਨੂੰ ਪੰਜਾਬੀ ਫਿਲਮ ਇੰਡਸਟਰੀ ਵਿਚ ਅੱਸੀ ਦੇ ਦਹਾਕੇ ’ਚ ਮੇਹਰ ਮਿੱਤਲ ਸਾਹਿਬ ਲੈ ਕੇ ਆਏ, ਜਿਨ੍ਹਾਂ ਮੈਨੂੰ ਕਿਹਾ ਸੀ ਕਿ ਛਾਬੜਾ ਸਾਹਿਬ ਤੁਹਾਨੂੰ ਬਤੌਰ ਹੀਰੋ ਲੈ ਕੇ ਫਿਲਮ ਬਣਾਉਣੀ ਹੈ। ਉਨ੍ਹਾਂ ਮੈਨੂੰ ਪੰਜਾਬੀ ਦੀ ਧਾਰਮਿਕ ਫਿਲਮ ‘ਜੈ ਮਾਤਾ ਸ਼ੇਰਾਂ ਵਾਲੀ’ ਵਿਚ ਕੰਮ ਕਰਨ ਦਾ ਮੌਕਾ ਦਿੱਤਾ। ਇਸ ਫਿਲਮ ਵਿਚ ਕੰਮ ਕਰਨ ਬਦਲੇ ਮੈਨੂੰ ਸ਼ਗਨ ਵਜੋਂ ਇਕਵੰਜਾ ਰੁਪਏ ਮਿਲੇ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ। ਉਨ੍ਹਾਂ ਸਮਿਆਂ ਵਿਚ ਫਿਲਮ ਨੇ 18-19 ਲੱਖ ਰੁਪਏ ਕਮਾਏ ਸੀ, ਜੋ ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹਨ। ਫਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਚੱਲ ਸੋ ਚੱਲ ਰਹੀ। ਦੂਜੀ ਪੰਜਾਬੀ ਫਿਲਮ ‘ਵਲੈਤੀ ਬਾਬੂ’ ਕੀਤੀ। ਅਮਿਤਾਭ ਬੱਚਨ ਸਾਹਿਬ ਨਾਲ ਦੋਸਤਾਨਾ ਸਬੰਧ ਹੋਣ ਕਰ ਕੇ ਉਨ੍ਹਾਂ ਨੇ ਵੀ ਪਹਿਲੀ ਵਾਰ ਇਸ ਵਿਚ ਟਾਂਗੇ ਵਾਲੇ ਦਾ ਰੋਲ ਅਦਾ ਕੀਤਾ ਸੀ। ਇਹ ਫਿਲਮ ਵੀ ਸੁਪਰਹਿੱਟ ਰਹੀ ਸੀ।

– ਤੁਸੀਂ ਪੰਜਾਬੀ ਦੀਆਂ ਕਈ ਦਰਜਨ ਫਿਲਮਾਂ ’ਚ ਕੰਮ ਕੀਤਾ, ਕੋਈ ਯਾਦਗਾਰੀ ਭੂਮਿਕਾ?

ਉਂਝ ਤਾਂ ਇਕ ਕਲਾਕਾਰ ਲਈ ਉਸ ਦੀਆਂ ਸਾਰੀਆਂ ਹੀ ਫਿਲਮਾਂ ਚਾਹੇ ਪੰਜਾਬੀ ਹੋਣ ਜਾ ਹਿੰਦੀ ਹਿੱਟ ਹੁੰਦੀਆਂ ਹਨ ਪਰ ਮੇਰੇ ਲਈ ਪੰਜਾਬੀ ਫਿਲਮ ਇੰਡਸਟਰੀ ਵਿਚ ਸਭ ਤੋਂ ਵੱਧ ਚਰਚਿਤ ਪੰਜਾਬੀ ਫਿਲਮ ‘ਸਰਪੰਚ’ ਰਹੀ ਹੈ। ਇਸ ਤੋਂ ਮੈਨੂੰ ਰਾਤੋਂ ਰਾਤ ਪਛਾਣ ਮਿਲੀ। ਇਸ ਫਿਲਮ ਵਿਚਲੇ ਇਕ ਗੀਤ ਜੋ ਮੇਰੇ ’ਤੇ ਫਿਲਮਾਇਆ ਗਿਆ ਸੀ ‘ਨਈਉਂ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ’ ਨੇ ਉਨ੍ਹਾਂ ਸਮਿਆਂ ’ਚ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਪਿੱਛੋਂ ਤਾਂ ਮੈਨੂੰ ਸਾਰੇ ‘ਨਈਉਂ ਭੁੱਲਣਾ ਵਿਛੋੜਾ

ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ’ ਵਾਲੇ ਯੋਗੇਸ਼ ਛਾਬੜਾ ਦੇ ਨਾਂ ਨਾਲ ਜ਼ਿਆਦਾ ਜਾਨਣ ਲੱਗ ਪਏ ਸੀ।

– ਤੁਸੀਂ ਕਿਹੜੀਆਂ ਪ੍ਰਮੁੱਖ ਹਿੰਦੀ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ?

ਸਾਰੀਆਂ ਫਿਲਮਾਂ ਦੇ ਨਾਂ ਤਾਂ ਇਸ ਵੇਲੇ ਮੈਨੂੰ ਵੀ ਪੂਰੀ ਤਰ੍ਹਾਂ ਯਾਦ ਨਹੀਂ ਹੋਣੇ ਪਰ ਚੋਣਵੀਆਂ ਫਿਲਮਾਂ ਦੇ ਨਾਂ ਮੈਨੂੰ ਯਾਦ ਹਨ, ਜਿਨ੍ਹਾਂ ਵਿਚ ‘ਜਵਾਨੀ ਦੀਵਾਨੀ’, ‘ਅੰਧੀ ਜਵਾਨੀ’, ‘ਜ਼ਹਿਰੀਲੇ ਇਨਸਾਨ’, ‘ਜੰਗਲ ਮੇਂ ਮੰਗਲ’, ‘ਨਮਕ ਹਰਾਮ’, ‘ਜੱਗ ਵਾਲਾ ਮੇਲਾ’, ‘ਪੀਂਘਾਂ ਪਿਆਰ ਦੀਆਂ’, ‘ਵੈਰੀ ਜੱਟ’, ‘ਮਾਮਲਾ ਗੜਬੜ ਹੈ’, ‘ਨੈਣ ਪ੍ਰੀਤੋ ਦੇ’, ‘ਅਨੋਖਾ ਮੋੜ’, ‘ਬਟਵਾਰਾ’, ‘ਜੱਟੀ’, ‘ਪਟਵਾਰੀ’, ‘ਲਾਜੋ’, ‘ਮਾਂ ਦਾ ਲਾਡਲਾ’ ਆਦਿ ਹਨ।

– ਅੱਜ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਖੜ੍ਹੀ ਹੈ ਅਤੇ ਤੁਹਾਡੀਆਂ ਭਵਿੱਖੀ ਯੋਜਨਾਵਾਂ ਕੀ ਹਨ?

ਦੇਖੋ ਜੀ ਸਮੇਂ ਦੇ ਨਾਲ ਹੀ ਚੱਲਣਾ ਚਾਹੀਦਾ ਹੈ। 40-50 ਸਾਲ ਪਹਿਲਾਂ ਪੰਜਾਬੀ ਫਿਲਮਾਂ ਦੀ ਹੋਰ ਗੱਲ ਸੀ। ਉਨ੍ਹਾਂ ਸਮਿਆਂ ਵਿਚ ਨਾ ਤਾਂ ਫਿਲਮਾਂ ਦਾ ਬਜਟ ਵੱਡਾ ਸੀ ਤੇ ਨਾ ਹੀ ਕਲਾਕਾਰਾਂ ਨੂੰ ਬਹੁਤਾ ਮਿਹਨਤਾਨਾ ਮਿਲਦਾ ਸੀ ਪਰ ਉਨ੍ਹਾਂ ਸਮਿਆਂ ’ਚ ਹਰ ਕੋਈ ਸੰਤੁਸ਼ਟ ਸੀ। ਫਿਲਮਾਂ ਵੀ ਬਾਕਮਾਲ ਬਣਦੀਆ ਸਨ, ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਪਸੰਦ ਕਰਦੇ ਹਨ। ਮੌਜੂਦਾ ਸਮੇਂ ਪੰਜਾਬੀ ਫਿਲਮ ਇੰਡਸਟਰੀ ਨੇ ਕਾਫੀ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਭਵਿੱਖ ਵਿਚ ਪੰਜਾਬ ਆ ਕੇ ਕੁਝ ਨਵੇਂ ਪ੍ਰਾਜੈਕਟ ਦੀ ਗੱਲ ਫਾਈਨਲ ਕਰਾਂਗੇ।

– ਜੌਹਰੀ ਮਿੱਤਲ