ਏਜੰਸੀ, ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਹਾੜ੍ਹੀ ਦੇ ਸੀਜ਼ਨ ਲਈ ਫਾਸਫੇਟਯੁਕਤ ਤੇ ਪੋਟਾਸ਼ਯੁਕਤ ਖਾਦਾਂ ਲਈ 22,303 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ।

ਕੈਬਨਿਟ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਸ਼ਵ ਭਰ ‘ਚ ਡੀਏਪੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ, ਪਰ ਸਾਡੀ ਸਰਕਾਰ ਪਹਿਲਾਂ ਵਾਂਗ ਹੀ ਕਿਸਾਨਾਂ ਨੂੰ 1350 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਡੀਏਪੀ ਦੇਣਾ ਜਾਰੀ ਰੱਖੇਗੀ।

ਕਿਸਾਨਾਂ ਦੇ ਹਿੱਤ ‘ਚ ਸਰਕਾਰ ਦਾ ਫੈਸਲਾ : ਅਨੁਰਾਗ ਠਾਕੁਰ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਸਰਕਾਰ ਨੇ ਕਿਸਾਨਾਂ ਦੇ ਹਿੱਤ ‘ਚ ਇਹ ਫੈਸਲਾ ਲਿਆ ਹੈ। ਕਿਸਾਨ ਹਿਤੈਸ਼ੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਅੰਤਰਰਾਸ਼ਟਰੀ ਮੰਡੀ ਵਿੱਚ ਖਾਦਾਂ ਦੀਆਂ ਵਧਦੀਆਂ ਕੀਮਤਾਂ ਦਾ ਭਾਰਤ ਦੇ ਕਿਸਾਨਾਂ ‘ਤੇ ਕੋਈ ਅਸਰ ਨਹੀਂ ਪੈਣ ਦੇਵਾਂਗੇ।

ਹਾੜ੍ਹੀ ਦੇ ਸੀਜ਼ਨ ਲਈ ਹਨ ਇਹ ਕੀਮਤਾਂ

ਅਨੁਰਾਗ ਠਾਕੁਰ ਨੇ ਦੱਸਿਆ ਕਿ ਆਉਣ ਵਾਲੇ ਹਾੜ੍ਹੀ ਸੀਜ਼ਨ ‘ਚ ਨਾਈਟ੍ਰੋਜਨ ਲਈ 47.2 ਰੁਪਏ ਪ੍ਰਤੀ ਕਿਲੋ, ਫਾਸਫੋਰਸ ਲਈ 20.42 ਰੁਪਏ ਪ੍ਰਤੀ ਕਿਲੋ, ਪੋਟਾਸ਼ ਲਈ 2.38 ਰੁਪਏ ਪ੍ਰਤੀ ਕਿਲੋ ਅਤੇ ਸਲਫਰ ਲਈ 1.89 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਲਈ ਕੁੱਲ 22 ਹਜ਼ਾਰ 303 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਡੀ-ਅਮੋਨੀਅਮ ਫਾਸਫੇਟ (ਡੀਏਪੀ) ਪੁਰਾਣੇ ਰੇਟ ਅਨੁਸਾਰ ਸਿਰਫ 1350 ਰੁਪਏ ਪ੍ਰਤੀ ਥੈਲਾ ਮਿਲੇਗਾ। ਇਸ ਤੋਂ ਇਲਾਵਾ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ (ਐਨ.ਪੀ.ਕੇ.) 1470 ਰੁਪਏ ਪ੍ਰਤੀ ਥੈਲਾ ਦੇ ਹਿਸਾਬ ਨਾਲ ਮਿਲੇਗਾ।