ਪੰਜਾਬੀ ਜਾਗਰਣ ਪ੍ਰਤੀਨਿਧੀ, ਸਿੱਧਵਾਂ ਬੇਟ : ਸਿੱਧਵਾਂ ਬੇਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਟੀਟੂ ਨੂੰ ਧੋਖਾਧੜੀ ਦੇ ਇਕ ਮਾਮਲੇ ’ਚ ਸਿੱਧਵਾਂ ਬੇਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ’ਚ ਜਾ ਰਲਣ ਵਾਲੇ ਸਾਬਕਾ ਚੇਅਰਮੈਨ ਦੀ ਕਿਸੇ ਸਮੇਂ ਜਿਸ ਥਾਣੇ ’ਚ ਤੂਤੀ ਬੋਲਦੀ ਸੀ, ਉਸੇ ਥਾਣੇ ਸਿੱਧਵਾਂ ਬੇਟ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਥਾਣੇ ਰਾਤ ਕਟਾਈ।

ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਪੁਲਿਸ ਨੇ ਸ਼ਿਕਾਇਤਕਰਤਾ ਰਮਨ ਕੁਮਾਰ ਵਾਸੀ ਸਿੱਧਵਾਂ ਬੇਟ ਨੇ ਉਨ੍ਹਾਂ ਦੇ ਜੱਦੀ ਘਰ ਦੇ ਕਾਗਜ਼ਾਤ ’ਚ ਧੋਖਾਧੜੀ ਕਰਦਿਆਂ ਉਸ ਦੀ ਭਤੀਜੀ ਵੱਲੋਂ ਵੇਚਣ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵੱਲੋਂ ਖ਼ਰੀਦਣ ਦੇ ਮਾਮਲੇ ’ਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ’ਤੇ ਸਿੱਧਵਾਂ ਬੇਟ ਪੁਲਿਸ 15 ਅਪ੍ਰੈਲ, 2023 ਨੂੰ ਰਮਨ ਕੁਮਾਰ ਦੀ ਹੀ ਭਤੀਜੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ।

ਬੀਤੇ ਦਿਨ ਇਸੇ ਮਾਮਲੇ ’ਚ ਮਕਾਨ ਖ਼ਰੀਦਣ ’ਤੇ ਸਾਬਕਾ ਚੇਅਰਮੈਨ ਟੀਟੂ ਨੂੰ ਵੀ ਨਾਮਜ਼ਦ ਕਰ ਲਿਆ। ਸੂਤਰਾਂ ਦੀ ਮੰਨੀਏ ਤਾਂ ਉਕਤ ਮਾਮਲੇ ’ਚ ਸਾਬਕਾ ਚੇਅਰਮੈਨ ਨੂੰ ਨਾਮਜ਼ਦ ਕਰਨ ਤੋਂ ਬਾਅਦ ਪੁਲਿਸ ਨੇ ਫਿਲਮੀ ਅੰਦਾਜ਼ ’ਚ ਇੱਕ ਸ਼ਿਕਾਇਤ ਦੀ ਸੁਣਵਾਈ ਲਈ ਥਾਣੇ ਸੱਦਿਆ। ਜਿਉਂ ਹੀ ਸਾਬਕਾ ਚੇਅਰਮੈਨ ਥਾਣੇ ਪੁੱਜੇ ਤਾਂ ਉਨ੍ਹਾਂ ਦੀ ਉਕਤ ਮਾਮਲੇ ਵਿਚ ਗ੍ਰਿਫ਼ਤਾਰੀ ਪਾ ਦਿੱਤੀ ਗਈ। ਅਜਿਹੇ ’ਚ ਸਾਬਕਾ ਚੇਅਰਮੈਨ ਨੂੰ ਥਾਣੇ ’ਚ ਰਾਤ ਕੱਟਣੀ ਪਈ। ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਕੇਸ ਦੇ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਅੱਜ ਸਾਬਕਾ ਚੇਅਰਮੈਨ ਨੂੰ ਅਦਾਲਤ ਪੇਸ਼ ਕਰਕੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਬਚਾਉਣ ਲਈ ਆਪ ਆਗੂ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ

ਸਾਬਕਾ ਚੇਅਰਮੈਨ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਜਗਰਾਓਂ ਦੇ ਆਪ ਆਗੂ ਅੱਡੀ ਚੋਟੀ ਦਾ ਜ਼ੋਰ ਲਗਾਉੁਂਦੇ ਰਹੇ। ਇਥੇ ਇਹ ਵੀ ਵਰਣਨਯੋਗ ਹੈ ਕਿ ਮੁੱਲਾਂਪੁਰ ਦੇ ਆਪ ਆਗੂ ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਲਈ ਅੜੇ ਰਹੇ ਅਤੇ ਅਖੀਰ ਮੁੱਲਾਂਪੁਰ ਦੇ ਆਪ ਆਗੂ ਇਸ ਜੱਦੋਜਹਿਦ ’ਚ ਕਾਮਯਾਬ ਰਹੇ। ਸੂਤਰਾਂ ਅਨੁਸਾਰ ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ਦੀ ਸਰਕਾਰ ਸਮੇਂ ਪਲਟੀ ਮਾਰ ਸਾਬਕਾ ਚੇਅਰਮੈਨ ਨੇ ਆਪ ਸਰਕਾਰ ’ਚ ਵੀ ਆਪਣੀ ਸਰਦਾਰੀ ਕਾਇਮ ਰੱਖਣ ਲਈ ਜਗਰਾਓਂ ਦੇ ਆਪ ਆਗੂਆਂ ਦੇ ਸੰਪਰਕ ’ਚ ਸਨ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਹਾਵੀ ਹੋ ਗਏ।