ਨੋਟਬੰਦੀ ਦੀ ਆਲੋਚਨਾ ਕਰਨ ਅਤੇ ਭਾਰਤੀ ਜਨਤਾ ਪਾਰਟੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਦਾ ਇਕ ਪੁਰਾਣਾ ਟਵੀਟ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਸਾਹੂ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੇ ਕੇਂਦਰ ‘ਚ ਰਹੇ ਹਨ, ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਦੇ ਅਹਾਤੇ ਤੋਂ ਲਗਭਗ 300 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਉੱਥੇ ਹੀ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਮਜ਼ਾਕੀਆ ਪੋਸਟ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਆਈਟੀ ਸੈੱਲ ਦੇ ਰਾਸ਼ਟਰੀ ਕਨਵੀਨਰ ਅਮਿਤ ਮਾਲਵੀਆ ਨੇ ਨੋਟਬੰਦੀ ਅਤੇ ਭ੍ਰਿਸ਼ਟਾਚਾਰ ‘ਤੇ ਸਾਹੂ ਦੇ 2022 ਦੇ ਟਵੀਟ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ।

ਟਵੀਟ ਵਿੱਚ, ਝਾਰਖੰਡ ਦੇ ਸਾਂਸਦ ਨੇ ਕਿਹਾ ਕਿ ਉਹ ਨੋਟਬੰਦੀ ਦੇ ਬਾਵਜੂਦ ਭ੍ਰਿਸ਼ਟਾਚਾਰ ਨੂੰ ਵੇਖ ਕੇ “ਦੁਖੀ” ਹਨ। ਸਾਹੂ ਨੇ ਟਵੀਟ ਕੀਤਾ, “ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇੰਨਾ ਕਾਲਾ ਧਨ ਕਿਵੇਂ ਇਕੱਠਾ ਕਰਦੇ ਹਨ। ਸਿਰਫ਼ ਕਾਂਗਰਸ ਪਾਰਟੀ ਹੀ ਭ੍ਰਿਸ਼ਟਾਚਾਰ ਨੂੰ ਜੜ੍ਹਾਂ ਤੋਂ ਹਟਾ ਸਕਦੀ ਹੈ।”

ਇੱਕ ਵੱਡੀ ਕਾਰਵਾਈ ਵਿੱਚ ਆਮਦਨ ਕਰ ਵਿਭਾਗ ਨੇ ਤਿੰਨ ਰਾਜਾਂ ਵਿੱਚ ਤਾਲਮੇਲ ਨਾਲ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਸਾਹੂ ਨਾਲ ਜੁੜੀਆਂ ਜਾਇਦਾਦਾਂ ਤੋਂ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ।

ਛਾਪੇਮਾਰੀ ਓਡੀਸ਼ਾ ਵਿੱਚ ਸਥਿਤ ਸ਼ਰਾਬ ਡਿਸਟਿਲਰੀ ਸਮੂਹ ਬੌਧ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ (ਬੀਡੀਪੀਐਲ) ਨੂੰ ਨਿਸ਼ਾਨਾ ਬਣਾਇਆ ਗਿਆ। ਜ਼ਬਤ ਕੀਤੀ ਗਈ ਨਕਦੀ ਦੀ ਗਿਣਤੀ ਦੀ ਪ੍ਰਕਿਰਿਆ ਅਜੇ ਜਾਰੀ ਹੈ। ਆਮਦਨ ਕਰ ਅਧਿਕਾਰੀਆਂ ਨੇ ਛੇਵੇਂ ਦਿਨ ਵਿੱਚ ਦਾਖ਼ਲ ਹੋਏ ਇਸ ਆਪ੍ਰੇਸ਼ਨ ਦੀ ਗੰਭੀਰਤਾ ਨੂੰ ਦਰਸਾਉਂਦਿਆਂ ਹੋਇਆਂ ਵਾਧੂ ਮੈਨਪਾਵਰ ਅਤੇ ਮਸ਼ੀਨਰੀ ਤਾਇਨਾਤ ਕੀਤੀ ਹੈ।