ਪੀਟੀਆਈ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ’ਚ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਮੁਲਜ਼ਮ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ ਹੈ। ਕਾਰੋਬਾਰੀ ਨੇ ਸਿਹਤ ਦੇ ਆਧਾਰ ’ਤੇ ਜ਼ਮਾਨਤ ਦੀ ਬੇਨਤੀ ਕੀਤੀ ਸੀ। ਜੱਜ ਸੰਜੀਵ ਖੰਨਾ ਤੇ ਜੱਜ ਐੱਸਵੀਐੱਨ ਭੱਟੀ ਦੇ ਬੈਂਚ ਨੇ ਏਮਜ਼, ਦਿੱਲੀ ਦੀ ਰਿਪੋਰਟ ’ਤੇ ਵਿਚਾਰ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਮਹਿੰਦਰੂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਨਹੀਂ ਹਨ। ਕੋਰਟ ਨੇ 11 ਦਸੰਬਰ ਨੂੰ ਏਮਜ਼ ਤੋਂ ਮਹਿੰਦਰੂ ਦੀ ਸਿਹਤ ਜਾਂਚ ਲਈ ਮੈਡੀਕਲ ਬੋਰਡ ਗਠਿਤ ਕਰਨ ਲਈ ਕਿਹਾ ਸੀ। ਮੁਲਜ਼ਮ ਨੇ ਦਾਅਵਾ ਕੀਤਾ ਸੀ ਕਿ ਉਹ ਪਿੱਠ ਅਤੇ ਗੋਡੇ ਦੀ ਸਮੱਸਿਆ ਸਮੇਤ ਹੋਰ ਬਿਮਾਰੀਆਂ ਤੋਂ ਪੀੜਤ ਹੈ। ਬੈਂਚ ਨੇ ਏਮਜ਼ ਤੋਂ ਇਹ ਵੀ ਪੁੱਛਿਆ ਸੀ ਕਿ ਉਹ ਆਪਣੀ ਰਿਪੋਰਟ ਵਿਚ ਇਹ ਦੱਸੇ ਕਿ ਕੀ ਉਸ ਨੂੰ ਕਿਸੇ ਇਲਾਜ ਦੀ ਜ਼ਰੂਰਤ ਹੈ ਅਤੇ ਕੀ ਇਹ ਜੇਲ੍ਹ ਵਿਚ ਮੁਹੱਈਆ ਕਰਵਾਇਆ ਜਾ ਸਕਦਾ ਹੈ। ਬੈਂਚ ਨੇ 15 ਦਸੰਬਰ ਨੂੰ ਮੈਡੀਕਲ ਰਿਪੋਰਟ ’ਤੇ ਵਿਚਾਰ ਕਰਦੇ ਹੋਏ ਮਹਿੰਦਰੂ ਵੱਲੋਂ ਪੇਸ਼ ਸੀਨੀਅਰ ਵਕੀਲ ਸਿਧਾਰਥ ਦਵੇ ਨੂੰ ਕਿਹਾ ਕਿ ਹੁਣ ਸਾਡੇ ਕੋਲ ਏਮਜ਼ ਦੀ ਰਿਪੋਰਟ ਹੈ। ਇਸ ਵਿਚ ਕੁਝ ਵੀ ਗੰਭੀਰ ਨਹੀਂ ਹੈ। ਇਸ ’ਤੇ ਸੁਪਰੀਮ ਕੋਰਟ ਨੇ ਜ਼ਮਾਨਤ ਦੇਣੋਂ ਇਨਕਾਰ ਕਰ ਦਿੱਤਾ।