ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਭਿ੍ਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦਾ ਨਵਾਂ ਦਫਤਰ ਜੋ ਕਿ ਭਗਵਾਨਪੁਰਾ ਰੋਡ ਸਮਰਾਲਾ ਵਿਖੇ ਬਣ ਕੇ ਤਿਆਰ ਹੋ ਗਿਆ ਹੈ, ਦਾ ਉਦਘਾਟਨ ਅੱਜ 11 ਦਸੰਬਰ ਨੂੰ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ ਸਮਰਾਲਾ ਦੁਆਰਾ ਆਪਣੇ ਕਰ ਕਮਲਾਂ ਨਾਲ ਸਵੇਰੇ 10:30 ਵਜੇ ਰਿਬਨ ਕੱਟ ਕੇ ਕਰਨਗੇ। ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਤੇ ਲੈਕ. ਬਿਹਾਰੀ ਲਾਲ ਸੱਦੀ ਨੇ ਦੱਸਿਆ ਕਿ ਸਮਰਾਲਾ ਸ਼ਹਿਰ ‘ਚ ਭਿ੍ਸ਼ਟਾਚਾਰ ਵਿਰੋਧੀ ਫਰੰਟ ਪਹਿਲੀ ਅਜਿਹੀ ਸੰਸਥਾ ਹੈ, ਜਿਸਦਾ ਖੁਦ ਦਾ ਆਪਣਾ ਦਫਤਰ ਬਣਾਇਆ ਗਿਆ ਹੈ, ਜਿੱਥੇ ਬੈਠ ਕੇ ਬਿਨਾਂ ਕਿਸੇ ਭੇਦਭਾਵ ਤੋਂ ਆਮ ਲੋਕਾਂ ਦੇ ਮਸਲੇ ਹੱਲ ਕੀਤੇ ਜਾਂਦੇ ਹਨ। ਉਨ੍ਹਾਂ ਫਰੰਟ ਦੀ ਸਥਾਪਨਾ ਸਬੰਧੀ ਦੱਸਦੇ ਹੋਏ ਕਿਹਾ ਕਿ ਫਰੰਟ ਦੀ ਸਥਾਪਨਾ 1998 ‘ਚ ਸਵ: ਮਹਿਮਾ ਸਿੰਘ ਕੰਗ ਨੇ ਆਮ ਲੋਕਾਂ ਨੂੰ ਇਨਸਾਫ ਦੇਣ ਤੇ ਸਮਾਜ ‘ਚ ਫੈਲੇ ਭਿ੍ਸ਼ਟਾਚਾਰ ਨੂੰ ਦੂਰ ਕਰਨ ਦੇ ਮੰਤਵ ਨਾਲ ਕੀਤੀ ਸੀ। ਅੱਜ ਤੱਕ ਫਰੰਟ ਵੱਲੋਂ ਆਮ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾਏ ਅਤੇ ਸੈਂਕੜੇ ਧੀਆਂ ਦੇ ਘਰਾਂ ਦੇ ਕਲੇਸ਼ ਖਤਮ ਕਰਕੇ, ਉਨਾਂ੍ਹ ਨੂੰ ਸਹੁਰੇ ਘਰ ਵਸਾਇਆ। ਉਦਘਾਟਨੀ ਸਮਾਗਮ ‘ਚ ਸਮਰਾਲਾ ਦੇ ਪ੍ਰਸਾਸ਼ਨਿਕ ਅਧਿਕਾਰੀ ਵੀ ਉਚੇਚੇ ਤੌਰ ‘ਤੇ ਪੁੱਜ ਰਹੇ ਹਨ, ਜੋ ਫਰੰਟ ਦੇ ਅਹਾਤੇ ‘ਚ ਲੱਗੇ ਸੁਤੰਤਰਤਾ ਸੈਨਾਨੀ ਕਾਮਰੇਡ ਜਗਜੀਤ ਸਿੰਘ ਬਾਗੀ ਦੇ ਬੁੱਤ ਨੂੰ ਵੀ ਨਤਮਸਤਕ ਹੋਣਗੇ। ਲੈਕ. ਬਿਹਾਰੀ ਲਾਲ ਸੱਦੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਿ੍ਸ਼ਟਾਚਾਰ ਵਿਰੋਧੀ ਫਰੰਟ ਦੀ ਨਵੀਂ ਬਣੇ ਦਫਤਰ ਦੇ ਉਦਘਾਟਨ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ।