ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ ਨੂੰ ਭਾਰਤ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਆਯੋਜਿਤ ਕਰਨ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਇਸ ਪਲੇਟਫਾਰਮ ਤੋਂ ਮੈਂ ਭਾਰਤ ਵਿਚ COP33 ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਰੱਖਦਾ ਹਾਂ। ਇਸ ਦੌਰਾਨ ਪੀਐੱਮ ਮੋਦੀ ਨੇ ਵਾਤਾਵਰਨ ਨੂੰ ਲੈ ਕੇ ਭਾਰਤ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਪੀਐੱਮ ਮੋਦੀ ਨੇ ਦੁਬਈ ਵਿਚ ਸੀਓਪੀ 28 ਵਿੱਚ ਕਿਹਾ, “ਭਾਰਤ ਨੇ ਵਾਤਾਵਰਣ ਅਤੇ ਆਰਥਿਕਤਾ ਵਿੱਚ ਸੰਪੂਰਨ ਸੰਤੁਲਨ ਬਣਾ ਕੇ ਵਿਸ਼ਵ ਨੂੰ ਵਿਕਾਸ ਦਾ ਇੱਕ ਮਾਡਲ ਪੇਸ਼ ਕੀਤਾ ਹੈ।”

ਗ੍ਰੀਨ ਕ੍ਰੈਡਿਟ ਇਨੀਸ਼ੀਏਟਿਵ ਦੀ ਕੀਤੀ ਸ਼ੁਰੂਆਤ

ਇਸ ਦੌਰਾਨ ਪੀਐੱਮ ਮੋਦੀ ਨੇ ਲੋਕਾਂ ਦੀ ਭਾਗੀਦਾਰੀ ਰਾਹੀਂ ਕਾਰਬਨ ਸਿੰਕ ਬਣਾਉਣ ‘ਤੇ ਕੇਂਦਰਿਤ ਗ੍ਰੀਨ ਕ੍ਰੈਡਿਟ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਦੁਬਈ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਰਾਜਾਂ ਤੇ ਸਰਕਾਰਾਂ ਦੇ ਮੁਖੀਆਂ ਦੇ ਇੱਕ ਉੱਚ-ਪੱਧਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਵਿਸ਼ਵ ਲਈ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ।

ਵਾਸਤਵ ਵਿਚ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇਕ ਹੈ, ਜੋ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਲਈ ਰਾਸ਼ਟਰੀ ਪੱਧਰ ‘ਤੇ ਨਿਰਧਾਰਤ ਰਾਸ਼ਟਰੀ ਯੋਜਨਾਵਾਂ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਹੈ।

ਸੀਓਪੀ 28 ਦੇ ਪ੍ਰਧਾਨ ਸੁਲਤਾਨ ਅਲ ਜਾਬੇਰ ਅਤੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਪ੍ਰਧਾਨ ਸਾਈਮਨ ਸਟਿਲ ਦੇ ਨਾਲ ਉਦਘਾਟਨੀ ਪੂਰਣ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਧਾਨ ਮੰਤਰੀ ਮੋਦੀ ਇੱਕੋ ਇੱਕ ਨੇਤਾ ਸਨ। ਪ੍ਰਧਾਨ ਮੰਤਰੀ ਨੇ ਕਟੌਤੀ ਅਤੇ ਅਨੁਕੂਲਤਾ ਵਿਚਕਾਰ ਸੰਤੁਲਨ ਬਣਾਈ ਰੱਖਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਸ਼ਵ ਭਰ ਵਿੱਚ ਊਰਜਾ ਤਬਦੀਲੀ ਬਰਾਬਰ ਅਤੇ ਸਮਾਵੇਸ਼ੀ ਹੋਣੀ ਚਾਹੀਦੀ ਹੈ।

ਲਾਈਫ ਅੰਦੋਲਨ ਦਾ ਕੀਤਾ ਜ਼ਿਕਰ

ਪੀਐੱਮ ਮੋਦੀ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਅਮੀਰ ਦੇਸ਼ਾਂ ਤੋਂ ਤਕਨਾਲੋਜੀ ਟ੍ਰਾਂਸਫਰ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਵਾਤਾਵਰਨ ਲਈ ਜੀਵਨ ਸ਼ੈਲੀ (ਲਾਈਫ ਮੂਵਮੈਂਟ) ਦਾ ਸਮਰਥਨ ਕਰ ਰਹੇ ਹਨ ਅਤੇ ਦੇਸ਼ਾਂ ਨੂੰ ਗ੍ਰਹਿ-ਅਨੁਕੂਲ ਜੀਵਨ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕਰ ਰਹੇ ਹਨ।

ਜਲਵਾਯੂ ਲਈ ਏਕਤਾ ਜ਼ਰੂਰੀ

ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ, ਪੀਐੱਮ ਮੋਦੀ ਨੇ ਕਿਹਾ ਕਿ ਇਹ ਪਹੁੰਚ ਕਾਰਬਨ ਨਿਕਾਸ ਨੂੰ 2 ਬਿਲੀਅਨ ਟਨ ਤੱਕ ਘਟਾ ਸਕਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਹਰ ਕਿਸੇ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿਚ ਸਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ।