Ad-Time-For-Vacation.png

ਭਾਈਚਾਰਕ ਸਾਂਝ ਨੂੰ ਪਲੀਤਾ ਲਾਉਣ ਦੇ ਕੋਝੇ ਜਤਨ

ਬਿਹਾਰ ਦੇ ਭਾਗਲਪੁਰ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਸਪੁੱਤਰ ਅਰਜਿਤ ਸ਼ਾਸਵਤ ਚੌਬੇ ਦੀ ਅਗਵਾਈ ਵਿੱਚ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਢੇ ਗਏ ਜਲੂਸ ਦੌਰਾਨ ਨੰਗੀਆਂ ਤਲਵਾਰਾਂ ਤੇ ਦੂਜੇ ਹਥਿਆਰਾਂ ਦਾ ਖ਼ੂਬ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਵਿੱਚ ਅਮਨ-ਕਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਾਸਵਤ ਚੌਬੇ ਨੂੰ ਜਲੂਸ ਕੱਢਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਦੇ ਬਾਵਜੂਦ ਉਸ ਦੀ ਅਗਵਾਈ ਹੇਠ ਨਾ ਕੇਵਲ ਜਲੂਸ ਕੱਢਿਆ ਗਿਆ, ਸਗੋਂ ਭੜਕਾਊ ਨਾਹਰੇ ਵੀ ਲਾਏ ਗਏ।

ਇਸ ਦੌਰਾਨ ਹਿੰਸਾ ਦਾ ਤਾਂਡਵ ਨਾਚ ਸ਼ੁਰੂ ਹੋ ਗਿਆ। ਜਲੂਸ ਦੇ ਨਾਲ ਚੱਲ ਰਹੀ ਪੁਲਸ ਮੂਕ ਦਰਸ਼ਕ ਬਣੀ ਰਹੀ ਤੇ ਹਥਿਆਰਾਂ ਨਾਲ ਲੈਸ ਜਲੂਸ ਵਿਚਲੇ ਦਗੱਈਆਂ ਨੇ ਸਾੜ-ਫੂਕ ਸ਼ੁਰੂ ਕਰ ਦਿੱਤੀ ਤੇ ਦੁਕਾਨਾਂ ਵੀ ਲੁੱਟ ਲਈਆਂ, ਪਰ ਰਾਜ ਪ੍ਰਸ਼ਾਸਨ ਨੇ ਇਸ ਭੜਕਾਊ ਕਾਰਵਾਈ ਨੂੰ ਰੋਕਣ ਲਈ ਕੋਈ ਕਾਰਵਾਈ ਨਾ ਕੀਤੀ। ਇਸ ਤੋਂ ਮਗਰੋਂ ਰਾਮਨੌਮੀ ਦੇ ਮੌਕੇ ‘ਤੇ ਹਿੰਦੂਤੱਵੀ ਜਥੇਬੰਦੀਆਂ ਵੱਲੋਂ ਸਮਸਤੀਪੁਰ, ਔਰੰਗਾਬਾਦ, ਨਾਲੰਦਾ ਤੇ ਔਰੀਆ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਜਲੂਸ ਕੱਢਣ ਮੌਕੇ ਘੱਟ-ਗਿਣਤੀ ਭਾਈਚਾਰੇ ਦੀ ਵੱਸੋਂ ਵਾਲੇ ਇਲਾਕਿਆਂ ਵਿੱਚ ਭੰਨ-ਤੋੜ ਦੀਆਂ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ। ਨੌਬਤ ਏਥੋਂ ਤੱਕ ਪਹੁੰਚ ਗਈ ਕਿ ਕਈ ਥਾਂਵਾਂ ‘ਤੇ ਰਾਜ ਪ੍ਰਸ਼ਾਸਨ ਨੂੰ ਕਰਫਿਊ ਲਾਉਣਾ ਪਿਆ।

ਗੱਲ ਏਥੇ ਹੀ ਨਹੀਂ ਰੁਕੀ, ਇਸ ਤੋਂ ਬਾਅਦ ਹਿੰਦੂਤੱਵੀ ਜਥੇਬੰਦੀਆਂ ਵੱਲੋਂ ਪੱਛਮੀ ਬੰਗਾਲ ਦੇ ਰਾਣੀਗੰਜ, ਆਸਨਸੋਲ ਦੀਆਂ ਕੋਲਾ ਖ਼ਾਨਾਂ ਵਾਲੇ ਖੇਤਰਾਂ ਵਿੱਚ ਭੜਕਾਊ ਜਲੂਸ ਕੱਢ ਕੇ ਅਮਨ-ਅਮਾਨ ਨੂੰ ਪਲੀਤਾ ਲਾਉਣ ਦੇ ਉਪਰਾਲੇ ਕੀਤੇ ਗਏ। ਇਸ ਨਾਲ ਅਜਿਹੀ ਹਿੰਸਾ ਵਾਪਰੀ ਕਿ ਚਾਰ ਲੋਕਾਂ ਦੀ ਜਾਨ ਚਲੀ ਗਈ ਤੇ ਮਜਬੂਰੀ ਵੱਸ ਰਾਜ ਪ੍ਰਸ਼ਾਸਨ ਨੂੰ ਅਣਮਿੱਥੇ ਸਮੇਂ ਦਾ ਕਰਫਿਊ ਲਾਉਣਾ ਪਿਆ। ਇਸ ਤੋਂ ਵੀ ਵੱਧ ਅਫ਼ਸੋਸਨਾਕ ਗੱਲ ਇਹ ਵਾਪਰੀ ਕਿ ਮੋਦੀ ਸਰਕਾਰ ਵਿਚਲੇ ਕੇਂਦਰੀ ਮੰਤਰੀ ਬਾਬੁਲ ਸੁਪਰੀਓ, ਜਿਹੜੇ ਆਸਨਸੋਲ ਪਾਰਲੀਮਾਨੀ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਸਰਕਾਰ ਵੱਲੋਂ ਲਾਈ ਦਫ਼ਾ ਚੁਤਾਲੀ ਤੇ ਕਰਫ਼ਿਊ ਦੀ ਉਲੰਘਣਾ ਕਰ ਕੇ ਮਾਹੌਲ ਨੂੰ ਹੋਰ ਵਿਗਾੜਨ ਦਾ ਜਤਨ ਕੀਤਾ। ਜਦੋਂ ਪ੍ਰਸ਼ਾਸਨ ਵੱਲੋਂ ਉਨ੍ਹਾ ਨੂੰ ਦੰਗਾ ਪੀੜਤ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾ ਨੇ ਅਜਿਹੀ ਭੜਕਾਊ ਬਿਆਨਬਾਜ਼ੀ ਕੀਤੀ ਕਿ ਉਸ ਕਾਰਨ ਅਮਨ-ਸ਼ਾਂਤੀ ਦੀ ਬਹਾਲੀ ਦੇ ਚਾਹਵਾਨ ਲੋਕਾਂ ਨੂੰ ਭਾਰੀ ਨਿਰਾਸ਼ਾ ਹੋਈ।

ਭਾਜਪਾ ਤੇ ਸੰਘ ਪਰਵਾਰ ਨਾਲ ਜੁੜੇ ਲੋਕਾਂ ਨੇ ਰਾਜ ਸਰਕਾਰ ਦੀਆਂ ਅਮਨ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਕਰਨ ਦੀ ਥਾਂ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ। ਰਾਜ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਰਾਜ ਸਰਕਾਰ ਦੀ ਇਸ ਸਲਾਹ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਉੱਥੇ ਉਨ੍ਹਾ ਦੇ ਜਾਣ ਨਾਲ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਕਾਬੂ ਪਾਉਣ ਦੇ ਜਤਨਾਂ ਵਿੱਚ ਰੁਕਾਵਟ ਪੈਦਾ ਹੋਵੇਗੀ। ਉਨ੍ਹਾ ਨੇ ਆਸਨਸੋਲ ਦਾ ਦੌਰਾ ਵੀ ਕੀਤਾ। ਉਹ ਕੈਂਪਾਂ ਵਿੱਚ ਵੀ ਗਏ ਤੇ ਦੰਗਾ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ, ਪਰ ਉਨ੍ਹਾ ਨੇ ਮੁਸਲਿਮ ਵੱਸੋਂ ਵਾਲੇ ਦੰਗਾ ਪੀੜਤ ਇਲਾਕਿਆਂ ਵਿੱਚ ਜਾਣ ਵੱਲ ਮੂੰਹ ਨਾ ਕੀਤਾ।

ਹਾਲੇ ਕੇਸਰੀ ਨਾਥ ਤ੍ਰਿਪਾਠੀ ਦੇ ਆਸਨਸੋਲ ਦੌਰੇ ਨੂੰ ਲੈ ਕੇ ਵਿਵਾਦ ਚੱਲ ਹੀ ਰਿਹਾ ਸੀ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਾਹ ਨਵਾਜ਼ ਹੁਸੈਨ, ਪਾਰਲੀਮੈਂਟ ਮੈਂਬਰ ਰੂਪ ਗੰਗੋਲੀ, ਓਮ ਪ੍ਰਕਾਸ਼ ਮਾਥੁਰ ਤੇ ਵਿਸ਼ਣੂ ਦਿਆਲ ਰਾਮ ਨੂੰ ਆਸਨਸੋਲ ਵਿਚਲੇ ਹਾਲਾਤ ਦਾ ਜਾਇਜ਼ਾ ਲੈਣ ਲਈ ਭੇਜ ਦਿੱਤਾ। ਭਾਜਪਾ ਦੇ ਇਸ ਉੱਚ-ਪੱਧਰੀ ਵਫ਼ਦ ਨੇ ਵੀ ਪ੍ਰਸ਼ਾਸਨ ਵੱਲੋਂ ਦਫ਼ਾ 144 ਦੇ ਤਹਿਤ ਲਾਈਆਂ ਪਾਬੰਦੀਆਂ ਦੇ ਬਾਵਜੂਦ ਧੱਕੇ ਨਾਲ ਆਸਨਸੋਲ ਦਾ ਦੌਰਾ ਕੀਤਾ ਤੇ ਭੜਕਾਊ ਕਾਰਵਾਈਆਂ ਕਰਨ ਵਾਲੇ ਆਪਣੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਦੀ ਭੜਕਾਊ ਕਾਰਵਾਈ ਦੀ ਨਿਖੇਧੀ ਕਰਨ ਦੀ ਥਾਂ ਰਾਜ ਸਰਕਾਰ ਨੂੰ ਹੀ ਦੋਸ਼ੀ ਕਰਾਰ ਦੇ ਕੇ ਪੱਖ-ਪਾਤ ਦਾ ਖੁੱਲ੍ਹ ਕੇ ਵਿਖਾਵਾ ਕਰ ਦਿੱਤਾ।

ਭਾਜਪਾ ਦੇ ਕੇਂਦਰੀ ਆਗੂਆਂ ਨੇ ਬਿਹਾਰ ਦੇ ਦੰਗਾ ਪੀੜਤ ਇਲਾਕਿਆਂ ਵਿੱਚ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਕੋਈ ਟੀਮ ਭੇਜਣ ਦਾ ਹੀਆ ਨਾ ਕੀਤਾ। ਭਾਗਲਪੁਰ ਤੋਂ ਲੈ ਕੇ ਦੂਜੇ ਸ਼ਹਿਰਾਂ ਵਿੱਚ ਹਿੰਸਾ ਫੈਲਾਉਣ ਵਾਲੇ ਉਨ੍ਹਾਂ ਦੀ ਆਪਣੀ ਪਾਰਟੀ ਤੇ ਜਥੇਬੰਦੀਆਂ ਦੇ ਕਾਰਕੁਨਾਂ ਦੀ ਭੂਮਿਕਾ ਜੱਗ-ਜ਼ਾਹਰ ਹੋ ਚੁੱਕੀ ਹੈ। ਸੁਸ਼ਾਸਨ ਦਾ ਨਾਹਰਾ ਲਾਉਣ ਵਾਲੇ ਨਿਤੀਸ਼ ਕੁਮਾਰ, ਜਿਹੜੇ ਜਨਤਾ ਦਲ (ਯੂ) ਤੇ ਭਾਜਪਾ ਦੀ ਸਾਂਝੀ ਸਰਕਾਰ ਦੇ ਮੁਖੀ ਵੀ ਹਨ, ਨੂੰ ਮਜਬੂਰ ਹੋ ਕੇ ਭਾਜਪਾ ਆਗੂਆਂ ਵਿਰੁੱਧ ਪੁਲਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਆਦੇਸ਼ ਦੇਣੇ ਪਏ। ਜਦੋਂ ਅਸ਼ਵਨੀ ਚੌਬੇ ਦੇ ਸਪੁੱਤਰ ਅਰਜਿਤ ਸ਼ਾਸਵਤ ਚੌਬੇ ਵਿਰੁੱਧ ਪੁਲਸ ਨੂੰ ਐੱਫ਼ ਆਈ ਆਰ ਦਰਜ ਕਰ ਕੇ ਕਨੂੰਨੀ ਕਾਰਵਾਈ ਆਰੰਭਣੀ ਪਈ ਤਾਂ ਉਸ ਦੇ ਪਿਤਾ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਇਹ ਐੱਫ਼ ਆਈ ਆਰ ਕਾਗ਼ਜ਼ ਦੇ ਟੁਕੜੇ ਤੋਂ ਵੱਧ ਕੁਝ ਨਹੀਂ, ਪਰ ਹੁਣ ਉਸ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਹੋਣ ‘ਤੇ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।

ਹੁਣ ਰਾਜਸਥਾਨ ਤੋਂ ਇਹ ਖ਼ਬਰ ਆਈ ਹੈ ਕਿ ਪਾਲੀ ਜ਼ਿਲ੍ਹੇ ਦੇ ਜੈਤਾਰਨ ਕਸਬੇ ਵਿੱਚ ਸੰਘ ਪਰਵਾਰ ਨਾਲ ਜੁੜੀਆਂ ਸੰਸਥਾਵਾਂ; ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਵੱਲੋਂ ਹਨੂੰਮਾਨ ਜਯੰਤੀ ਦੇ ਨਾਂਅ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਭੜਕਾਊ ਜਲੂਸ ਕੱਢਿਆ ਗਿਆ। ਇਸ ਸਮੇਂ ਹਿੰਸਾ ਦਾ ਉਹੋ ਤਾਂਡਵ ਨਾਚ ਨੱਚਿਆ ਗਿਆ, ਜਿਹੋ ਜਿਹਾ ਉਨ੍ਹਾਂ ਦੇ ਭਾਈਬੰਦਾਂ ਵੱਲੋਂ ਬਿਹਾਰ ਦੇ ਭਾਗਲਪੁਰ, ਔਰੀਆ, ਨਾਲੰਦਾ, ਔਰੰਗਾਬਾਦ, ਮੁੰਗੇਰ, ਸਮਸਤੀਪੁਰ ਤੇ ਨਵਾਦਾ, ਜਿਹੜਾ ਕੇਂਦਰੀ ਮੰਤਰੀ ਗਿਰੀਰਾਜ ਕਿਸ਼ੋਰ ਸਿੰਘ ਦਾ ਪਾਰਲੀਮਾਨੀ ਹਲਕਾ ਹੈ, ਅਤੇ ਪੱਛਮੀ ਬੰਗਾਲ ਦੇ ਰਾਣੀਗੰਜ, ਆਸਨਸੋਲ ਵਿੱਚ ਨੱਚਿਆ ਗਿਆ ਸੀ।

ਇਸ ਤੋਂ ਕੁਝ ਦਿਨ ਪਹਿਲਾਂ ਜੋਧਪੁਰ ਜੇਲ੍ਹ ਵਿੱਚ ਬੰਦ ਪੱਛਮੀ ਬੰਗਾਲ ਦੇ ਇੱਕ ਮੁਸਲਮਾਨ ਕਿਰਤੀ ਨੂੰ ਕੋਹ-ਕੋਹ ਕੇ ਮਾਰਨ ਤੇ ਇਸ ਦਾ ਵੀਡੀਓ ਵਾਇਰਲ ਕਰਨ ਦੇ ਦੋਸ਼ੀ ਸ਼ੰਭੂ ਲਾਲ ਰੈਗਰ ਦੀਆਂ ਵੱਡੀਆਂ ਤਸਵੀਰਾਂ ਇੱਕ ਮਿੰਨੀ ਟਰੱਕ ‘ਤੇ ਲਾ ਕੇ ਭੜਕਾਊ ਨਾਹਰਿਆਂ ਨਾਲ ਜਲੂਸ ਕੱਢਿਆ ਗਿਆ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਜੇ ਗਹੁ ਨਾਲ ਵੇਖਿਆ ਜਾਵੇ ਤਾਂ ਇੰਜ ਜਾਪਦਾ ਹੈ ਕਿ ਭਾਜਪਾ, ਸੰਘ ਪਰਵਾਰ ਤੇ ਉਸ ਦੀਆਂ ਸਹਾਇਕ ਸੰਸਥਾਵਾਂ ਦੇ ਕਾਰਕੁਨਾਂ ਵੱਲੋਂ ਭਾਈਚਾਰਕ ਸਾਂਝ ਨੂੰ ਪਲੀਤਾ ਲਾਉਣ ਦੇ ਇਹ ਜਤਨ 2019 ਵਿੱਚ ਹੋਣ ਜਾ ਰਹੀਆਂ ਪਾਰਲੀਮਾਨੀ ਚੋਣਾਂ ਵਿੱਚ ਵੋਟਾਂ ਦੇ ਧਰੁਵੀਕਰਨ ਨੂੰ ਨੇਪਰੇ ਚਾੜ੍ਹਨ ਲਈ ਰਚੀ ਸਾਜ਼ਿਸ਼ ਦਾ ਹਿੱਸਾ ਹਨ।

ਏਥੇ ਇਹ ਗੱਲ ਵਰਨਣ ਯੋਗ ਹੈ ਕਿ ਨਿਤੀਸ਼ ਕੁਮਾਰ ਨੇ ਜਦੋਂ ਤੋਂ ਮਹਾਂ-ਗੱਠਬੰਧਨ ਨਾਲ ਨਾਤਾ ਤੋੜ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਹੈ, ਉਸ ਮਗਰੋਂ ਬਿਹਾਰ ਵਿੱਚ ਦੋ ਸੌ ਦੇ ਕਰੀਬ ਫ਼ਿਰਕੂ ਫ਼ਸਾਦ ਵਾਪਰ ਚੁੱਕੇ ਹਨ। ਹੁਣ ਮਜਬੂਰ ਹੋ ਕੇ ਨਿਤੀਸ਼ ਕੁਮਾਰ ਨੂੰ ਵੀ ਆਪਣੇ ਭਾਈਵਾਲ ਭਾਜਪਾ ਵਾਲਿਆਂ ਵਿਰੁੱਧ ਜ਼ਬਾਨ ਖੋਲ੍ਹਣੀ ਪਈ ਹੈ। ਅਫ਼ਸੋਸ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਆਗੂਆਂ ਨੇ ਸੰਵਿਧਾਨ ਦੀ ਰਾਖੀ ਦੀ ਸਹੁੰ ਖਾ ਕੇ ਕੇਂਦਰ ਤੇ ਰਾਜਾਂ ਵਿੱਚ ਸੱਤਾ ਸੰਭਾਲੀ ਹੈ, ਉਹ ਖ਼ੁਦ ਹੀ ਸੰਵਿਧਾਨਕ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾ ਕੇ ਅਮਨ-ਕਨੂੰਨ ਦੀ ਵਿਵਸਥਾ ਨੂੰ ਪਲੀਤਾ ਲਾਉਣ ਦੇ ਰਾਹ ਪਏ ਹੋਏ ਹਨ। ਉਨ੍ਹਾਂ ਨੂੰ ਇਸ ਤੋਂ ਤੌਬਾ ਕਰਨੀ ਚਾਹੀਦੀ ਹੈ, ਨਹੀਂ ਤਾਂ 2019 ਵਿੱਚ ਉਨ੍ਹਾਂ ਦੇ ਮੁੜ ਸੱਤਾ ਦੀ ਪ੍ਰਾਪਤੀ ਦੇ ਸੁਫ਼ਨੇ ਧਰੇ-ਧਰਾਏ ਰਹਿ ਜਾਣਗੇ। ਯੂ ਪੀ ਦੇ ਗੋਰਖਪੁਰ ਤੇ ਫ਼ੂਲਪੁਰ ਅਤੇ ਰਾਜਸਥਾਨ ਦੇ ਅਲਵਰ ਤੇ ਅਜਮੇਰ ਦੀਆਂ ਸੀਟਾਂ ‘ਤੇ ਹੋਈਆਂ ਉੱਪ-ਚੋਣਾਂ ਵਿੱਚ ਵੋਟਰਾਂ ਨੇ ਫਤਵਾ ਦੇ ਕੇ ਆਪਣੀ ਨਾਰਾਜ਼ਗੀ ਦੇ ਸਪੱਸ਼ਟ ਸੰਕੇਤ ਦੇ ਵੀ ਦਿੱਤੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.