Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Blog

ਬੱਚਿਆਂ ਵਿਚ ਅਨੁਸ਼ਾਸਨ ਕਿਵੇਂ ਲਿਆਂਦਾ ਜਾਵੇ?

By uscreative Published 3 min read

ਮਾਪੇ ਅਸਲ ਵਿਚ ਬਗੈਰ ਸੋਚੇ ਆਪਣੇ ਬੱਚਿਆਂ ਦੇ ਨੁਕਸ ਕੱਢਣ ਲੱਗ ਪੈਂਦੇ ਹਨ ਤੇ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਬੱਚਾ ਵੀ ਆਪਣੀ ਅਹਿਮੀਅਤ ਸਮਝਦਾ ਹੈ ਤੇ ਬੇਇੱਜ਼ਤੀ ਮਹਿਸੂਸ ਕਰਦਾ ਹੈ, ਖਾਸ ਤੌਰ ‘ਤੇ ਉਦੋਂ, ਜਦੋਂ ਕਿ ਉਸ ਦੇ ਨੁਕਸ ਦੂਜਿਆਂ ਦੇ ਸਾਹਮਣੇ ਕੱਢੇ ਜਾਣ। ਪਰ ਉਹੀ ਬੱਚਾ ਹੋਰ ਵੀ ਮਜ਼ਬੂਤ ਹੋ ਜਾਂਦਾ, ਜਦੋਂ ਉਸ ਦੀ ਤਾਰੀਫ ਕੀਤੀ ਜਾਵੇ, ਖਾਸ ਤੌਰ ‘ਤੇ ਉਦੋਂ ਜਦੋਂ ਕਿ ਉਸ ਨੇ ਕੋਈ ਐਕਸ਼ਨ ਕੀਤਾ ਹੈ ਤੇ ਉਹ ਵੀ ਠੀਕ ਢੰਗ ਨਾਲ। ਅਕਸਰ ਅਜਿਹੇ ਮੌਕੇ ਵਾਰ-ਵਾਰ ਆਉਂਦੇ ਹਨ ਪਰ ਮਾਪੇ ਉਨ੍ਹਾਂ ਨੂੰ ਬੇਧਿਆਨੀ ਵਿਚ ਵਿਸਾਰ ਦਿੰਦੇ ਹਨ।

ਜੇਕਰ ਤੁਹਾਡਾ ਬੱਚਾ ਕਦੀ ਨਹਾਉਣ ਤੋਂ ਕੰਨੀ ਕਤਰਾਉਂਦਾ ਹੈ ਤੇ ਮਾਂ ਉਸ ਨੂੰ ਡਾਂਟਣ ਦੀ ਬਜਾਏ ਜੇਕਰ ਇਹ ਕਹਿੰਦੀ ਹੈ ਕਿ ਚੰਗੇ ਬੱਚੇ ਆਪਣੇ-ਆਪ ਹੀ ਨਹਾਉਣ ਵਾਸਤੇ ਤਿਆਰ ਹੋ ਜਾਂਦੇ ਹਨ, ਤਾਂ ਵੇਖੋ ਕਿ ਉਹ ਕਿਵੇਂ ਨਹੀਂ ਨਹਾਉਣ ਵਾਸਤੇ ਤਿਆਰ ਹੁੰਦਾ? ਜਾਂ ਜੇਕਰ ਤੁਹਾਡਾ ਬੱਚਾ ਕਮਰੇ ਦੇ ਪੱਖੇ ਜਾਂ ਲਾਈਟਾਂ ਬਗੈਰ ਮਕਸਦ ਦੇ ਜਗਦੀਆਂ ਛੱਡ ਦਿੰਦਾ ਹੈ ਤਾਂ ਉਸ ਨੂੰ ਸਿਰਫ ਇਕ ਸ਼ਬਦ ‘ਪੱਖਾ’ ਜਾਂ ‘ਲਾਈਟ’ ਕਹਿ ਕੇ ਬੋਲੋ ਤੇ ਫਿਰ ਵੇਖੋ ਉਹ ਕੀ ਕਰਦਾ ਹੈ। ਸਾਡੀ ਗ਼ਲਤੀ ਇਹ ਹੁੰਦੀ ਹੈ ਕਿ ਅਸੀਂ ਬੜੇ ਹੀ ਬੇਢੰਗੇ ਸ਼ਬਦ ਬੋਲ ਕੇ ਬੱਚਿਆਂ ਨੂੰ ਗਧੀ ਗੇੜ ‘ਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ।

ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਅਸੀਂ ਬੱਚੇ ਨੂੰ ਅਨੁਸ਼ਾਸਨ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਬੱਚਾ ਅਸਲ ਵਿਚ ਅਨੁਸ਼ਾਸਨ ਨੂੰ ਇਕ ਤਰ੍ਹਾਂ ਦੀ ਸਜ਼ਾ ਹੀ ਸਮਝਦਾ ਹੈ। ਜੇਕਰ ਤੁਸੀਂ ਆਪਣੇ ਬੱਚੇ ਨੂੰ ਇਹ ਅਹਿਸਾਸ ਕਰਵਾ ਦਿੰਦੇ ਹੋ ਕਿ ਅਸੀਂ ਕੋਈ ਉਸ ਨੂੰ ਬੰਦਿਸ਼ ਵਿਚ ਨਹੀਂ ਪਾ ਰਹੇ, ਸਗੋਂ ਉਸ ਦਾ ਬੋਝ ਹਲਕਾ ਕਰ ਰਹੇ ਹਾਂ, ਵਾਕਿਆ ਹੀ ਤੁਹਾਡਾ ਮਕਸਦ ਤਾਂ ਉਸ ਦਾ ਬੋਝ ਹਲਕਾ ਕਰਨਾ ਹੀ ਹੁੰਦਾ ਹੈ, ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਸਹੀ ਲਾਈਨ ‘ਤੇ ਹੀ ਤਾਂ ਲਿਆ ਰਹੇ ਹੁੰਦੇ ਹੋ। ਪਰ ਤੁਹਾਡੇ ਕਹਿਣ ਤੇ ਕਰਨ ਦਾ ਫਰਕ ਉਸ ਨੂੰ ਉਲਟੇ ਪਾਸੇ ਲੈ ਜਾਂਦਾ ਹੈ।

ਬੱਚੇ ਨੂੰ ਨਵੀਂ ਦਿਸ਼ਾ ਦਿਖਾਉਣ ਵਾਸਤੇ ਅਜਿਹੀਆਂ ਉਦਾਹਰਨਾਂ ਦੇਵੋ ਕਿ ਉਸ ਦੇ ਖਾਨੇ ਵਿਚ ਬਹਿ ਜਾਣ। ਜਿਵੇਂ ਕਿ ਤੁਹਾਡਾ ਬੱਚਾ ਕਿਸੇ ਗੁਆਂਢੀ ਦੇ ਬੱਚੇ ਨੂੰ ਕੁਝ ਚੁੱਕ ਕੇ ਮਾਰ ਦਿੰਦਾ ਹੈ। ਮਾਪੇ ਜਾਂ ਤਾਂ ਆਪਣੇ ਬੱਚੇ ਦੀ ਖਾਹ-ਮਖਾਹ ਸਾਈਡ ਲੈਣੀ ਸ਼ੁਰੂ ਕਰ ਦਿੰਦੇ ਹਨ ਤੇ ਜਾਂ ਉਸ ਨੂੰ ਖੁਦ ਮਾਰਨ ਲੱਗ ਪੈਂਦੇ ਹਨ। ਇਹ ਦੋਵੇਂ ਕਦਮ ਠੀਕ ਨਹੀਂ ਹਨ, ਬਲਕਿ ਬੱਚੇ ਨੂੰ ਇਹ ਕਹੋ ਕਿ ਜਿਸ ਬੱਚੇ ਨੂੰ ਤੂੰ ਮਾਰਿਆ ਹੈ, ਉਸ ਨੂੰ ਕਿੰਨੀ ਪੀੜ ਲੱਗੀ ਹੋਵੇਗੀ। ਜੇਕਰ ਤੁਸੀਂ ਆਪਣੇ ਬੱਚੇ ਨੂੰ ਇਹ ਪੀੜ ਦਾ ਅਹਿਸਾਸ ਕਰਵਾ ਦਿੰਦੇ ਹੋ ਤਾਂ ਦੇਖਣਾ ਤੁਹਾਡਾ ਬੱਚਾ ਕਦੇ ਭੁੱਲ ਕੇ ਵੀ ਕਿਸੇ ਬੱਚੇ ਨੂੰ ਨਹੀਂ ਮਾਰੇਗਾ। ਇਹ ਤੁਹਾਡੇ ਬੱਚੇ ਵਾਸਤੇ ਕੋਈ ਸਜ਼ਾ ਨਹੀਂ, ਸਗੋਂ ਇਕ ਲਾਭਦਾਇਕ ਸੰਦੇਸ਼ ਹੋਵੇਗਾ। ਜ਼ਰਾ ਕਰਕੇ ਤਾਂ ਵੇਖੋ। ਤੁਸੀਂ ਖੁਦ ਹੀ ਮਹਿਸੂਸ ਕਰੋਗੇ ਕਿ ਤੁਸੀਂ ਆਪਣੇ ਬੱਚੇ ਲਈ ਕਿੰਨਾ ਕੁਝ ਹੋਰ ਇਸੇ ਤਰ੍ਹਾਂ ਬੱਚੇ ਨੂੰ ਨਵੀਂ ਦਿਸ਼ਾ ਦਿਖਾਉਣ ਵਾਸਤੇ ਕਰ ਸਕਦੇ ਹੋ।

ਪ੍ਰੋ: ਡੀ. ਸੀ. ਸ਼ਰਮਾ

uscreative Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp