ਬ੍ਰਿਟਿਸ਼ ਕੋਲੰਬੀਆ(ਏਜੰਸੀ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਾਲੇ ਇਕ ਪਿੰਡ ਕਲੀਅਰ ਵਾਟਰ ‘ਚ ਇਕ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਹੈ। 40 ਸਾਲਾਂ ਤੋਂ ਸਥਾਪਤ ਇਸ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦਾ ਕਾਰਨ ਹੈ ਪਿੰਡ ਵਾਸੀਆਂ ਦਾ ਸ਼ਹਿਰਾਂ ‘ਚ ਜਾ ਕੇ ਵੱਸਣਾ। ਜਾਣਕਾਰੀ ਮੁਤਾਬਕ ਉੱਥੇ ਰਹਿੰਦੇ ਬਹੁਤੇ ਸਿੱਖ ਪਰਿਵਾਰ ਵੱਡੇ ਸ਼ਹਿਰਾਂ ਵਿੱਚ ਵਸ ਗਏ ਤੇ ਕਈ ਸਾਲਾਂ ਤੋਂ ਸੇਵਾ-ਸੰਭਾਲ ਕਰਦੇ ਆ ਰਹੇ 100 ਸਾਲਾ ਸਵਰਨ ਸਿੰਘ ਹੀਰ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਹੈ।
ਮਰਹੂਮ ਸਵਰਨ ਸਿੰਘ ਹੀਰ ਦੇ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਦਹਾਕੇ ਪਹਿਲਾਂ ਕਲੀਅਰ ਵਾਟਰ ਨਾਂ ਦੇ ਇਸ ਪਿੰਡ ਵਿੱਚ 60-70 ਸਿੱਖ ਪਰਿਵਾਰ ਰਹਿੰਦੇ ਸਨ ਪਰ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਬੱਚੇ ਵੱਡੇ ਹੋ ਕੇ ਸ਼ਹਿਰਾਂ ‘ਚ ਜਾ ਕੇ ਵੱਸ ਗਏ। ਇਸੇ ਕਾਰਨ ਪਰਿਵਾਰਾਂ ਦੀ ਗਿਣਤੀ ਹੁਣ ਤਿੰਨ ਕੁ ਰਹਿ ਗਈ ਹੈ। ਉਸ ਦੇ ਪਿਤਾ ਜੀ ਦੀ ਉਮਰ 100 ਸਾਲ ਤੋਂ ਵੱਧ ਸੀ ਅਤੇ ਉਨ੍ਹਾਂ ਨੇ ਆਖਰੀ ਸਾਹਾਂ ਤਕ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ।
ਪਿਛਲੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਰਿਆਦਾ ਅਨੁਸਾਰ ਨੇੜਲੇ ਸ਼ਹਿਰ ਕਾਮਲੂਪ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਸੌਂਪਿਆ ਗਿਆ। ਇਸ ਮਗਰੋਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਉਤਾਰਿਆ ਗਿਆ ਤੇ ਅਰਦਾਸ ਕੀਤੀ ਗਈ। ਨਰਿੰਦਰ ਸਿੰਘ ਹੀਰ ਅਨੁਸਾਰ ਉਸ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਕਰੀਬ 80 ਸਾਲ ਪਹਿਲਾਂ ਕੈਨੇਡਾ ਆਏ ਸਨ। ਉਸ ਸਮੇਂ ਸੂਬੇ ਦੇ ਅੰਦਰੂਨੀ ਖੇਤਰ ਵਿੱਚ ਲੱਕੜੀ ਦੀਆਂ ਵੱਡੀਆਂ ਮਿੱਲਾਂ ਹੁੰਦੀਆਂ ਸਨ।