ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਟਾਂਡਾ ਇਲਾਕੇ ‘ਚ ਬਿਆਸ ਦਰਿਆ, ਕਾਲੀ ਵੇਈ ਅਤੇ ਬਰਸਾਤੀ ਚੋਅ ਓਵਰਫਲੋ ਹੋ ਕੇ ਵਗ ਰਹੇ ਹਨ, ਜਿਸ ਨੂੰ ਲੈ ਕੇ ਅਲਰਟ ਜਾਰੀ ਕਰਦੇ ਹੋਏ ਵੇਈ ਅਤੇ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਇਸ ਦੌਰਾਨ ਸੋਮਵਾਰ ਸਵੇਰੇ ਉਸ ਸਮੇਂ ਵੱਡਾ ਹਾਦਸਾ ਹੋਣੇ ਬਚ ਗਿਆ ਜਦੋਂ ਪਿੰਡ ਝਾਂਵਾ ‘ਚ ਜਲੰਧਰ ਦੇ ਨਿੱਜੀ ਕਾਲਜ ਦੀ ਵੈਨ ਬਰਸਾਤੀ ਚੋਅ ‘ਚ ਫੱਸ ਗਈ, ਜਿਸ ‘ਚ ਲਗਭਗ 8-9 ਵਿਦਿਆਰਥਣਾਂ ਸਨ। ਪਾਣੀ ਦੇ ਤੇਜ਼ ਵਹਾਅ ‘ਚ ਫਸੀ ਵੈਨ ‘ਚੋਂ ਪਿੰਡ ਵਾਸੀਆਂ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਵਿਦਿਆਰਥਣਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮੌਕੇ ‘ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵੈਨ ਡਰਾਈਵਰ ਨੇ ਲਾਪਰਵਾਹੀ ਨਾਲ ਵੈਨ ਨੂੰ ਪਾਣੀ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ‘ਚ ਫਸ ਗਈ।
ਉਧਰ ਬਿਆਸ ਦਰਿਆ ‘ਚ ਪਾਣੀ ਨਾਲ ਲਗਦੀ ਜ਼ਮੀਨ ‘ਚ ਦਾਖਲ ਹੋ ਰਿਹਾ ਹੈ, ਇਸ ਦੇ ਨਾਲ ਹੀ ਕਾਲੀ ਵੇਈ ਦਾ ਪਾਣੀ ਵੀ ਓਵਰ ਫਲੋ ਹੋ ਕੇ ਖੇਤਾਂ ‘ਚ ਦਾਖਲ ਹੋ ਗਿਆ ਹੈ। ਹਲਾਤਾਂ ਬਾਰੇ ਜਦੋਂ ਐੱਸ .ਡੀ. ਐੱਮ . ਹਰਚਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਕੰਢੇ ਰਹਿੰਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ਾਸ਼ਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੌਕਸ ਹੈ। ਫਿਲਹਾਲ ਦਰਿਆ ਦਾ ਪਾਣੀ ਖਤਰੇ ਦੇ ਲੈਵਲ ਤੱਕ ਨਹੀਂ ਹੈ ਜੇਕਰ ਬਰਸਾਤ ਲਗਤਾਰ ਹੁੰਦੀ ਹੈ ਤਾਂ ਹੀ ਹਲਾਤ ਗੰਭੀਰ ਹੋ ਸਕਦੇ ਹਨ ਫਿਲਹਾਲ ਕੋਈ ਖਤਰਾ ਨਹੀਂ ਹੈ।