ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਮੁੱਖ ਮੰਤਰੀ ਤੇ ਸਮਾਗਮ ਦੇ ਮੁੱਖ ਮਹਿਮਾਨ ਭਗਵੰਤ ਸਿੰਘ ਮਾਨ ਨੇ ਪੀਏਯੂ ਕਿਸਾਨ ਮੇਲੇ ਦੇ ਦੂਜੇ ਅਤੇ ਆਖ਼ਰੀ ਦਿਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਰਕਾਰ ਖੇਤੀ ਨੂੰ ਉੱਤਮ ਬਣਾਉਣ ਲਈ ਯਤਨਸ਼ੀਲ ਹੈ। ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪੀਏਯੂ ਪੰਜਾਬ ਦੀ ਕਿਸਾਨੀ ਦੀ ਆਨ, ਬਾਨ ਤੇ ਸ਼ਾਨ ਹੈ ਅਤੇ ਪੀਏਯੂ ਦੇ ਕਿਸਾਨ ਮੇਲੇ ਕਿਸਾਨੀ ਦੇ ਰਾਹ ਦਸੇਰੇ ਹਨ। ਉਨ੍ਹਾਂ ਬੀਤੇ ਸਮੇਂ ਵਿੱਚ ਮੇਲਿਆਂ ‘ਚ ਆਉਣ ਦੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਪੀਏਯੂ ਉਨ੍ਹਾਂ ਲਈ ਕੋਈ ਓਪਰੀ ਜਗ੍ਹਾ ਨਹੀਂ ਉਹ ਪਹਿਲਾਂ ਵੀ ਬਤੌਰ ਕਲਾਕਾਰ ਇਸ ਵਿਚ ਸ਼ਾਮਲ ਹੋ ਚੁੱਕੇ ਹਨ।

ਮੁੱਖ ਮੰਤਰੀ ਨੇ ਮੌਜੂਦਾ ਖੇਤੀ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਖੇਤੀ ਦੇ ਤਰੀਕੇ ਬਦਲ ਗਏ ਹਨ। ਖੇਤੀ ਵਿਗਿਆਨਕ ਹੋਈ ਹੈ। ਬਿਜਾਈ ਅਤੇ ਸਿੰਚਾਈ ਤੋਂ ਲੈ ਕੇ ਪੌਦ ਸੁਰੱਖਿਆ ਅਤੇ ਵਢਾਈ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ ਅਤੇ ਖੇਤੀ ਵਿਚ ਬਦਲਾਅ ਮੌਜੂਦਾ ਸਮੇਂ ਦੀ ਅਹਿਮ ਲੋੜ ਹੈ। ਕਿਸਾਨਾਂ ਵੱਲੋਂ ਭਰਵੀਂ ਗਿਣਤੀ ਵਿਚ ਮੇਲੇ ‘ਚ ਸ਼ਾਮਲ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਪਹਿਲੇ ਦਿਨ 1 ਲੱਖ 9 ਹਜ਼ਾਰ ਕਿਸਾਨਾਂ ਦੀ ਹਾਜ਼ਰੀ ਦਰਜ ਹੋਈ ਹੈ। ਅੱਜ ਦੂਸਰੇ ਦਿਨ ਵੀ ਮੇਲੇ ਵਿਚ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਯੂਨੀਵਰਸਿਟੀ ਨਾਲ ਸਾਂਝ ਅਤੇ ਵਿਸ਼ਵਾਸ਼ ਦਾ ਪ੍ਰਤੀਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਅਤੇ ਖੇਤੀ ਦੀ ਬਿਹਤਰੀ ਲਈ ਉਨਾਂ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ। ਖੇਤੀ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨਿਰਯਾਤ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਰਸਾਇਣਾਂ ਦੀ ਵਰਤੋਂ ਨਿਸ਼ਚਿਤ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਕਰਦਿਆਂ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਘਾਣ ਹੋਇਆ ਹੈ ਜਿਨਾਂ੍ਹ ਦੀ ਮੁੜ ਸੁਰਜੀਤੀ ਲਈ ਸਰਕਾਰ ਵੱਲੋਂ ਢੁਕਵੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਰਿਆਈ ਪਾਣੀਆਂ ਦੀ ਵਰਤੋਂ ਵਧਾਉਣ ਲਈ ਨਹਿਰਾਂ ਤੇ ਖਾਲਿਆਂ ਨੂੰ ਹੋਰ ਸੁਚਾਰੂ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਕਰਨ ਵਿਚ ਸਫਲ ਹੋਵਾਂਗੇ। ਉਨ੍ਹਾਂ ਵਾਢੀ ਤੋਂ ਬਾਅਦ ਮੁੱਲਵਾਧੇ ਅਤੇ ਪੋ੍ਸੈਸਿੰਗ ਯੂਨਿਟ ਸਥਾਪਿਤ ਕਰ ਕੇ ਖੇਤੀ ਨੂੰ ਨਵੀਂ ਦਿਸ਼ਾ ਵਿਚ ਤੋਰਨ ਦੇ ਸੰਕੇਤ ਦਿੱਤੇ। ਇਸ ਤੋਂ ਪਹਿਲਾਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਯੂਨੀਵਰਸਿਟੀ ਵੱਲੋਂ ਯਾਦ ਚਿੰਨ੍ਹ ਵੀ ਭੇਟ ਕੀਤੇ। ਅੰਤ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਸਾਨ ਮੇਲੇ ਵਿਚ ਹਿੱਸਾ ਲੈ ਰਹੇ ਪਤਵੰਤਿਆਂ, ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰਰੀਤ ਵਿਰਕ ਨੇ ਕੀਤਾ।

ਇਸ ਸਮਾਰੋਹ ਵਿੱਚ ਕੇਪੀ ਸਿਨਹਾ ਆਈਏਐੱਸ ਮੁੱਖ ਸਕੱਤਰ ਮਾਲ ਵਿਭਾਗ ਪੰਜਾਬ, ਪੀਏਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਕਿਰਨਜੋਤ ਕੌਰ ਗਿੱਲ, ਹਰਿਦਆਲ ਸਿੰਘ ਗਜ਼ਨੀਪੁਰ, ਅਮਨਦੀਪ ਸਿੰਘ ਬਰਾੜ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੋਂ ਇਲਾਵਾ ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਯੂਨੀਵਰਸਿਟੀ ਵਿਗਿਆਨੀ ਵੀ ਮੌਜੂਦ ਸਨ।

ਕਿਸਾਨਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ‘ਤੇ ਪਹਿਲੀ ਵਾਰ ਲਾਗੂ ਹੋਣ ਜਾ ਰਹੀ ਹੈ ਸੂਬੇ ਦੀ ਖੇਤੀ ਨੀਤੀ-ਵਾਈਸ ਚਾਂਸਲਰ

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਦੱਸਿਆ ਕਿ ਪੀਏਯੂ ਨੂੰ ਨਿਫ ਰੇਟਿੰਗ ਅਨੁਸਾਰ ਦੇਸ਼ ਦੀਆਂ 63 ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਐਲਾਨਿਆ ਗਿਆ ਹੈ ਅਤੇ ਇਸਦਾ ਸਿਹਰਾ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਸਾਂਝ ਅਤੇ ਮਿਹਨਤ ਦੇ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਕਾਸ਼ਤ ਯੋਗ ਡੇਢ ਫੀਸਦੀ ਰਕਬੇ ਦੇ ਬਾਵਜੂਦ ਦੇਸ਼ ਦੇ ਅੰਨ-ਭੰਡਾਰ ਵਿਚ ਸਭ ਤੋਂ ਵਧੇਰੇ ਕਣਕ ਦਾ ਯੋਗਦਾਨ ਪਾ ਰਿਹਾ ਹੈ। ਉਨਾਂ ਵਾਤਾਵਰਨ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਤਕਨੀਕਾਂ ਬਾਰੇ ਗੱਲ ਕਰਦਿਆ ਕਿਹਾ ਇਸ ਸਬੰਧ ਵਿਚ ਵਿਸ਼ਵ ਬੈਂਕ ਦੀ ਇਮਦਾਦ ਨਾਲ ਹੋਰ ਖੋਜ ਕੀਤੀ ਜਾਵੇਗੀ। ਡਾ. ਗੋਸਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਯਤਨਾਂ ਨਾਲ ਪੀਏਯੂ. ਵਿਚ ਸਰਕਾਰ-ਕਿਸਾਨ ਮਿਲਣੀਆਂ ਕਰਵਾਈਆਂ ਗਈਆਂ ਅਤੇ ਕਿਸਾਨਾਂ ਤੋਂ ਮਿਲੀਆਂ ਰਾਵਾਂ ਅਤੇ ਸੁਝਾਵਾਂ ਦੇ ਅਧਾਰ ਤੇ ਪਹਿਲੀ ਵਾਰ ਸੂਬੇ ਦੀ ਖੇਤੀ ਨੀਤੀ ਲਾਗੂ ਹੋਣ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਕਾਰ ਦੀਆਂ ਸੰਜੀਦਾ ਕੋਸ਼ਿਸ਼ਾਂ ਸਦਕਾ ਫਰੀਦਕੋਟ ਦੇ ਬੀੜ ਸਿੱਖਾਂਵਾਲਾ ਬੀਜ ਫਾਰਮ ਨੂੰ ਮੁੜ ਪੀਏਯੂ. ਨੂੰ ਸੌਂਪ ਦਿੱਤਾ ਗਿਆ ਹੈ। ਇਸ ਸਦਕਾ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲਣ ਦੀ ਆਸ ਹੈ।

ਇਹ ਹਨ ਮੁੱਖ ਮੰਤਰੀ ਵੱਲੋਂ ਸਨਮਾਨੇ ਗਏ ਕਿਸਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀ ਕਿਸਾਨੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਸਦਕਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁੱਕਣ ਦੇ ਪਰਮਜੀਤ ਸਿੰਘ ਜਿੜ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਦੇ ਧਨੇਠਾ ਪਿੰਡ ਦੇ ਅੰਮਿ੍ਤ ਸਿੰਘ ਜਿਨ੍ਹਾਂ ਨੂੰ ਉਜਾਗਰ ਸਿੰਘ ਧਾਲੀਵਾਲ ਪੁਰਸਕਾਰ, ਜ਼ਿਲ੍ਹਾ ਪਟਿਆਲਾ ਦੇ ਪਿੰਡ ਦਿਤੂਪੁਰ ਦੇ ਨਰਿੰਦਰ ਸਿੰਘ ਟਿਵਾਣਾ ਜਿਨ੍ਹਾਂ ਨੂੰ ਦਲੀਪ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਮਾਨਸਾ ਦੇ ਪਿੰਡ ਮੌਜੋ ਖੁਰਦ ਦੇ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਨੂੰ ਸੁਰਜੀਤ ਸਿੰਘ ਿਢੱਲੋਂ ਪੁਰਸਕਾਰ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਝੰਡੇਵਾਲਾ ਦੀ ਕਿਸਾਨ ਬੀਬੀ ਗੁਰਬੀਰ ਕੌਰ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਵਾਰ ਦਾ ਭਾਈ ਬਾਬੂ ਸਿੰਘ ਬਰਾੜ ਬੈਸਟ ਛੱਪੜ ਐਵਾਰਡ ਮੁੱਖ ਮੰਤਰੀ ਦੇ ਕਰ-ਕਮਲਾਂ ਨਾਲ ਪਿੰਡ ਕਲ੍ਹਾ ਬਲਾਕ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਦੇ ਹਿੱਸੇ ਆਇਆ।

ਕਿਸਾਨ ਮੇਲੇ ਦੇ ਦੂਸਰੇ ਤੇ ਆਖ਼ਰੀ ਦਿਨ ਵੀ ਗਾਇਕਾਂ ਨੇ ਕੀਤਾ ਕਿਸਾਨਾਂ ਦਾ ਮਨੋਰੰਜਨ

ਕਿਸਾਨ ਮੇਲੇ ਦੇ ਦੂਸਰੇ ਅਤੇ ਆਖ਼ਰੀ ਦਿਨ ਗਾਇਕ ਰਾਮ ਸਿੰਘ ਅਲਬੇਲਾ, ਗੁਰਵਿੰਦਰ ਬਰਾੜ ਅਤੇ ਗੁਰਸੇਵਕ ਸਿੰਘ ਵੱਲੋਂ ਲੋਕ ਤੱਥ ਅਤੇ ਹੋਰ ਸਭਿਆਚਾਰਕ ਗੀਤਾਂ ਨਾਲ ਕਿਸਾਨਾਂ ਦਾ ਮਨੋਰੰਜਨ ਕੀਤਾ ਗਿਆ।