ਨਵੀਂ ਦਿੱਲੀ (ਆਈਏਐੱਨਐੱਸ) : ਭਾਰਤ ਵਿਚ 42 ਫ਼ੀਸਦ ਮੁਲਾਜ਼ਮ ਬਿਹਤਰ ਤਨਖ਼ਾਹ ਤੇ ਤਰੱਕੀ ਲਈ ਅਗਲੇ ਵਰ੍ਹੇ ਨੌਕਰੀ ਬਦਲਣ ਲਈ ਵਿਚਾਰ ਕਰ ਰਹੇ ਹਨ ਜਦਕਿ ਆਲਮੀ ਪੱਧਰ ’ਤੇ ਇਹ ਅੰਕੜਾ 26 ਫ਼ੀਸਦ ਹੈ। ਆਲਮੀ ਸਲਾਹ-ਮਸ਼ਵਰਾ ਕੰਪਨੀ ਪੀਡਬਲਿਊਸੀ ਵੱਲੋਂ ਸੋਮਵਾਰ ਨੂੰ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਅਨੁਸਾਰ 74 ਫ਼ੀਸਦ ਮੁਲਾਜ਼ਮ ਆਪਣੀ ਤਨਖ਼ਾਹ ਵਿਚ ਵਾਧੇ ਤੇ ਤਰੱਕੀ ਦੀ ਇਛੁੱਕ ਹਨ।

ਰਿਪੋਰਟ ਮੁਤਾਬਕ ਅਗਲੇ ਵਰ੍ਹੇ 73 ਫ਼ੀਸਦ ਸੀਨੀਅਰ ਅਧਿਕਾਰੀ, 70 ਫ਼ੀਸਦ ਪ੍ਰਬੰਧਕ ਤੇ 63 ਫ਼ੀਸਦ ਗ਼ੈਰ-ਪ੍ਰਬੰਧਕਾਂ ਵੱਲੋਂ ਤਨਖ਼ਾਹ ਵਿਚ ਵਾਧੇ ਦੀ ਮੰਗ ਕੀਤੀ ਜਾਣੀ ਹੈ। ਪੀਡਬਲਿਊਸੀ ਇੰਡੀਆ ਦੇ ਭਾਈਵਾਲ ਕਾਰਤਕ ਰਿਸ਼ੀ ਮੁਤਾਬਕ ਬਹੁਤੇ ਭਾਰਤੀ ਵਪਾਰੀ ਆਪਣੇ ਭਵਿੱਖ ਵਿਚ ਸਫਲ ਹੋਣ ਲਈ ਸਟਾਫ ਬਦਲਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ। ਇਵੇਂ ਹੀ ਜਿਉਂ-ਜਿਉਂ ਕੰਮ ਤੇ ਦਫ਼ਤਰਾਂ ਵਿਚ ਤਬਦੀਲੀ ਆਉਂਦੀ ਹੈ ਤਾਂ ਮੁਲਾਜ਼ਮ ਆਪਣਾ ਹੁਨਰ ਨਿਖਾਰਣ ਬਾਰੇ ਜ਼ਰੂਰ ਸੋਚਦੇ ਹਨ। ਉਨ੍ਹਾਂ ਦੇ ਕਰੀਅਰ ਸਬੰਧੀ ਫ਼ੈਸਲੇ ਵਿਚ ਇਹੋ ਜਿਹੇ ਕਦਮ ਅਹਿਮ ਹੁੰਦੇ ਹਨ। ਰਿਪੋਰਟ ਤੋਂ ਪਤਾ ਚੱਲਦਾ ਹੈ ਕਿ 51 ਫ਼ੀਸਦ ਭਾਰਤੀ ਮੁਲਾਜ਼ਮ ਮੰਨਦੇ ਹਨ ਕਿ ਏਆਈ (ਮਸਨੂਈ ਬੋਧਿਕਤਾ) ਉਨ੍ਹਾਂ ਦੀ ਉਤਪਾਦਕਤਾ ਨੂੰ ਵਧਾਏਗੀ ਜਦਕਿ ਆਲਮੀ ਪੱਧਰ ’ਤੇ ਇਹ ਅੰਕੜਾ 31 ਫ਼ੀਸਦ ਹੈ। ਕਰੀਬ 62 ਫ਼ੀਸਦ ਮੁਲਾਜ਼ਮ ਮੰਨਦੇ ਹਨ ਕਿ ਅਗਲੇ ਪੰਜ ਵਰਿ੍ਹਆਂ ਦੌਰਾਨ ਕੰਮ ਕਰਨ ਲਈ ਲੋੜੀਂਦੇ ਹੁਨਰ ਵਿਚ ਅਹਿਮ ਤਬਦੀਲੀ ਆਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 24 ਫ਼ੀਸਦ ਭਾਰਤੀ ਮੁਲਾਜ਼ਮ ਮੰਨਦੇ ਹਨ ਕਿ ਏਆਈ ਉਨ੍ਹਾਂ ਦੇ ਕੰਮ ਦੀ ਫ਼ਿਤਰਤ ਨੂੁੰ ਨਾਂਹ-ਪੱਖੀ ਤਰੀਕੇ ਨਾਲ ਪ੍ਰਭਾਵਤ ਕਰੇਗੀ। ਇਹ ਆਲਮੀ ਔਸਤ ਨਾਲੋਂ 10 ਫ਼ੀਸਦ ਵੱਧ ਹੈ। ਉਥੇ, ਇੰਡੀਡ ਦੀ ਰਿਪੋਰਟ ਅਨੁਸਾਰ 2023 ਵਿਚ ਮੁਲਕ ਵਿਚ ਬਲੂ-ਕਾਲਰ ਨਾਲ ਜੁੜੀਆਂ ਨੌਕਰੀਆਂ ਸਬੰਧੀ ਮੁਲਾਜ਼ਮ ਰੱਖਣ ਵਿਚ 7.4 ਫ਼ੀਸਦ ਦਾ ਵਾਧਾ ਹੋ ਰਿਹਾ ਹੈ। ਇਸ ਦੌਰਾਨ ਲਾਜਿਸਟਿਕਸ, ਉਸਾਰੀ ਤੇ ਮਕਾਨ ਖ਼ਰੀਦ-ਵੇਚ, ਸੈਰ-ਸਪਾਟਾ ਤੇ ਮਹਿਮਾਨਨਵਾਜ਼ੀ ਦੇ ਖੇਤਰਾਂ ਵਿਚ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਮਿਲਣ ਵਾਲੇ ਹਨ।