ਜਾਗਰਣ ਸੰਵਾਦਦਾਤਾ, ਪੂਰਬੀ ਦਿੱਲੀ : ਨੰਦ ਨਗਰੀ ਥਾਣੇ ਦੀ ਪੁਲਿਸ ਨੇ ਇਕ ਬਜ਼ੁਰਗ ਔਰਤ ਦੀ ਕਤਲ ਕੀਤੀ ਲਾਸ਼ ਨੂੰ ਬੈੱਡ ‘ਚ ਲੁਕਾਉਣ ਦਾ ਭੇਤ ਸੁਲਝਾ ਲਿਆ ਹੈ। ਪੁਲਿਸ ਨੇ ਬਜ਼ੁਰਗ ਦੇ ਕਿਰਾਏਦਾਰ ਦੇਵੇਂਦਰ ਕੁਮਾਰ (33) ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਧੀਮਰਪੁਰਾ, ਅਲੀਗੜ੍ਹ ਦਾ ਰਹਿਣ ਵਾਲਾ ਹੈ। ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ 13 ਹਜ਼ਾਰ ਰੁਪਏ ਤੇ ਉਸ ਦੇ ਪਹਿਨੇ ਹੋਏ ਗਹਿਣੇ ਲੈ ਕੇ ਅਲੀਗੜ੍ਹ ਭੱਜ ਗਿਆ ਸੀ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਬਜ਼ੁਰਗ ਔਰਤ ਨਹੀਂ ਚਾਹੁੰਦੀ ਸੀ ਕਿ ਉਹ ਵਿਆਹ ਕਰੇ, ਕਿਉਂਕਿ ਬਜ਼ੁਰਗ ਔਰਤ ਤੇ ਉਸ ਦੇ ਨਜ਼ਦੀਕੀ ਦੋਸਤਾਨਾ ਸਬੰਧ ਸਨ। ਇਸੇ ਗੱਲ ਨੂੰ ਲੈ ਕੇ ਹੋਏ ਝਗੜੇ ‘ਚ ਪਹਿਲਾਂ ਉਸ ਦੇ ਸਿਰ ‘ਤੇ ਇੱਟ ਨਾਲ ਵਾਰ ਕੀਤਾ ਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਕਿਰਾਇਆ ਵਸੂਲਣ ਗਈ, ਪਰ ਵਾਪਸ ਨਹੀਂ ਆਈ

ਉੱਤਰ ਪੂਰਬੀ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ ਡਾ. ਜੋਏ ਟਿਰਕੀ ਨੇ ਦੱਸਿਆ ਕਿ 13 ਦਸੰਬਰ ਨੂੰ ਬਜ਼ੁਰਗ ਆਸ਼ਾ ਦੇਵੀ (60) ਦੇ ਲਾਪਤਾ ਹੋਣ ਸਬੰਧੀ ਉਨ੍ਹਾਂ ਦੇ ਬੇਟੇ ਨੇ ਨੰਦਨਗਰੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਬੇਟੇ ਨੇ ਦੱਸਿਆ ਕਿ ਉਸ ਦੀ ਮਾਂ 10 ਦਸੰਬਰ ਨੂੰ ਨੰਦਨਗਰੀ ਸਥਿਤ ਆਪਣੇ ਘਰ ਦਾ ਕਿਰਾਇਆ ਲੈਣ ਗਈ ਸੀ ਪਰ ਉਹ ਘਰ ਵਾਪਸ ਨਹੀਂ ਪਰਤੀ।

ਘਰ ਦੇ ਅੰਦਰੋਂ ਆ ਰਹੀ ਸੀ ਬਦਬੂ

ਇਸ ਤੋਂ ਬਾਅਦ ਪੁਲਿਸ ਨੇ ਅਗਵਾ ਮਾਮਲੇ ‘ਚ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਰਿਸ਼ਤੇਦਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਰਸ਼ ਵਿਹਾਰ ਸਥਿਤ ਉਨ੍ਹਾਂ ਦੇ ਘਰ ‘ਚ ਰੱਖੇ ਬੈੱਡ ਦੇ ਅੰਦਰੋਂ ਬਦਬੂ ਆ ਰਹੀ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੈੱਡ ਨੂੰ ਚੁੱਕਿਆ ਤਾਂ ਉਸ ਦੇ ਅੰਦਰ ਪਲਾਸਟਿਕ ਦੇ ਪੋਲੀਥੀਨ ‘ਚ ਲਪੇਟੀ ਹੋਈ ਔਰਤ ਦੀ ਲਾਸ਼ ਮਿਲੀ।

ਕਿਰਾਏਦਾਰ ਵੀ ਸੀ ਲਾਪਤਾ

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਨੰਦਨਗਰ ‘ਚ ਬਜ਼ੁਰਗ ਔਰਤ ਦੇ ਘਰ ‘ਚ ਕਿਰਾਏਦਾਰ ਰਹਿਣ ਵਾਲਾ ਦੇਵੇਂਦਰ ਜਿਸ ਦਿਨ ਤੋਂ ਲਾਪਤਾ ਹੋਇਆ ਸੀ, ਉਸੇ ਦਿਨ ਤੋਂ ਬਜ਼ੁਰਗ ਔਰਤ ਵੀ ਲਾਪਤਾ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਅਲੀਗੜ੍ਹ ‘ਚ ਹੈ। ਇਸ ਤੋਂ ਬਾਅਦ ਟੀਮ ਨੇ ਸ਼ਨੀਵਾਰ ਸਵੇਰੇ ਉਸ ਨੂੰ ਅਲੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ।

ਮੁਲਜ਼ਮ ਦਾ ਹੋ ਰਿਹਾ ਸੀ ਵਿਆਹ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਕਿਸੇ ਹੋਰ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ। 4 ਦਸੰਬਰ ਨੂੰ ਅਲੀਗੜ੍ਹ ‘ਚ ਉਸ ਦਾ ਰੋਕਾ ਰੱਖਿਆ ਗਿਆ ਸੀ ਤੇ ਵਿਆਹ ਫਰਵਰੀ 2024 ‘ਚ ਹੋਣ ਵਾਲਾ ਸੀ। ਜਦੋਂ ਆਸ਼ਾ ਨੂੰ ਉਸ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਹਰਸ਼ ਵਿਹਾਰ ਦੇ ਘਰ ਮਿਲਣ ਲਈ ਬੁਲਾਇਆ।

ਜਿਊਂਦੇ ਜੀਅ ਨਹੀਂ ਕਰਨ ਦਿਆਂਗੀ ਵਿਆਹ

ਬਜ਼ੁਰਗ ਔਰਤ ਉਸ ਦੇ ਵਿਆਹ ਤੋਂ ਨਾਖੁਸ਼ ਸੀ ਜਿਸ ਕਾਰਨ ਦੋਵਾਂ ਵਿਚਾਲੇ ਕਾਫੀ ਤਕਰਾਰ ਹੁੰਦੀ ਰਹਿੰਦੀ ਸੀ। ਇਸ ਦੌਰਾਨ ਬਜ਼ੁਰਗ ਔਰਤ ਨੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤਕ ਉਹ ਜ਼ਿੰਦਾ ਹੈ, ਉਹ ਉਸਨੂੰ ਵਿਆਹ ਨਹੀਂ ਕਰਨ ਦੇਵੇਗੀ। ਝਗੜੇ ਦੌਰਾਨ ਔਰਤ ਨੇ ਉਸ ਨੂੰ ਥੱਪੜ ਮਾਰ ਦਿੱਤਾ।

ਇਸ ਤੋਂ ਬਾਅਦ ਮੁਲਜ਼ਮ ਨੇ ਬਜ਼ੁਰਗ ਔਰਤ ਦੇ ਸਿਰ ’ਤੇ ਇੱਟ ਨਾਲ ਵਾਰ ਕਰ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਉਸ ਨੇ ਨੇੜੇ ਦੀ ਦੁਕਾਨ ਤੋਂ ਪੋਲੀਥੀਨ ਲਿਆ ਤੇ ਆਸ਼ਾ ਦੀ ਲਾਸ਼ ਨੂੰ ਬੈੱਡ ‘ਚ ਸੁੱਟ ਦਿੱਤਾ।

ਚਾਰ ਸਾਲਾਂ ਤੋਂ ਬਜ਼ੁਰਗ ਔਰਤ ਦੇ ਮਕਾਨ ‘ਚ ਰਿਹਾ ਰਿਹਾ ਸੀ ਮੁਲਜ਼ਮ, ਇਸੇ ਦੌਰਾਨ ਹੋਈ ਦੋਸਤੀ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸਾਲ 2015 ‘ਚ ਕੰਮ ਦੀ ਭਾਲ ‘ਚ ਦਿੱਲੀ ਆਇਆ ਸੀ। ਉਹ ਤਾਂਬੇ ਦੀਆਂ ਤਾਰਾਂ ਦੀ ਪੈਕਿੰਗ ਦਾ ਕਾਰੋਬਾਰ ਕਰਦਾ ਸੀ ਪਰ ਕੋਰੋਨਾ ਦੌਰਾਨ ਉਸ ਨੂੰ ਨੁਕਸਾਨ ਹੋਇਆ ਤੇ ਕੰਮ ਬੰਦ ਕਰ ਦਿੱਤਾ। ਉਹ ਪਿਛਲੇ ਦੋ ਸਾਲਾਂ ਤੋਂ ਬੇਰੁਜ਼ਗਾਰ ਸੀ। ਉਸ ਨੇ ਆਪਣੇ ਪਿਤਾ ਤੋਂ ਜਰਮਨੀ ‘ਚ ਪੜ੍ਹਨ ਦੇ ਨਾਂ ‘ਤੇ ਪੈਸੇ ਮੰਗੇ, ਜਿਸ ਲਈ ਉਸ ਦੇ ਕਿਸਾਨ ਪਿਤਾ ਨੇ ਤਿੰਨ ਵਿੱਘੇ ਜ਼ਮੀਨ ਵੇਚ ਦਿੱਤੀ ਸੀ।

ਚਾਰ ਸਾਲ ਪਹਿਲਾਂ ਉਹ ਨੰਦ ਨਗਰੀ ਸਥਿਤ ਮਹਿਲਾ ਦੇ ਘਰ ਕਿਰਾਏਦਾਰ ਵਜੋਂ ਰਹਿਣ ਲਈ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋ ਗਈ। ਉਹ ਵੀ ਇਕ ਦੂਜੇ ਦੇ ਨੇੜੇ ਆ ਗਏ। ਇਸ ਦੇ ਨਾਲ ਹੀ 2 ਸਾਲ ਪਹਿਲਾਂ ਉਸ ਦੀ ਦੋਸਤੀ ਘਰ ਦੇ ਹੇਠਾਂ ਰਹਿੰਦੀ ਇਕ ਲੜਕੀ ਨਾਲ ਹੋ ਗਈ। ਉਸਨੇ ਉਸਨੂੰ ਦੱਸਿਆ ਕਿ ਉਹ ਸੀਬੀਆਈ ‘ਚ ਕੰਮ ਕਰ ਰਿਹਾ ਹੈ ਅਤੇ ਉਸਦੇ ਭਰਾ ਨੂੰ ਨੌਕਰੀ ਦਿਵਾ ਸਕਦਾ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਨੇੜਤਾ ਵਧ ਗਈ ਤੇ ਦੋਵੇਂ ਵਿਆਹ ਲਈ ਤਿਆਰ ਹੋ ਗਏ।