ਰਾਜੀਵ ਕੁਮਾਰ, ਨਵੀਂ ਦਿੱਲੀ : ਕੁਝ ਮਹੀਨੇ ਪਹਿਲਾਂ ਵਾਰਾਨਸੀ ਤੋਂ ਕੇਲੇ ਦੇ ਫੁੱਲ, ਪੱਤੇ ਤੇ ਫਲਾਂ ਨੂੰ ਪਹਿਲੀ ਵਾਰ ਯੂਏਈ ਭੇਜਿਆ ਜਾ ਰਿਹਾ ਹੈ। ਇਸ ਨਾਲ ਸਥਾਨਕ ਕਿਸਾਨਾਂ ਨੂੰ ਕੇਲੇ ਦੀ ਚੰਗੀ ਕੀਮਤ ਮਿਲੀ ਤੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਵਿਦੇਸ਼ ਵਿਚ ਬਾਜ਼ਾਰ ਵੀ ਮਿਲ ਗਿਆ। ਦਸੰਬਰ ਮਹੀਨੇ ਦੀ ਸ਼ੁਰੂਆਤ ਦੌਰਾਨ ਪੂਰਵਾਂਚਲ ਤੋਂ ਪਹਿਲੀ ਵਾਰ ਖਾੜੀ ਦੇ ਮੁਲਕਾਂ ਵਿਚ ਆਲੂ ਬਰਾਮਦ ਕੀਤਾ ਗਿਆ। ਇਸ ਸਾਲ ਅਗਸਤ ਵਿਚ ਅਲੀਗੜ੍ਹ ਤੋਂ ਗੁਆਨਾ ਵਿਚ ਆਲੂ ਭੇਜਿਆ ਗਿਆ ਸੀ। ਉਂਝ ਵੀ ਇਨ੍ਹੀਂ ਦਿਨੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੇਲਾ, ਗੇਂਦੇ ਦੇ ਫੁੱਲ, ਪਾਣੀ-ਫਲ (ਸਿੰਘਾੜਾ), ਅੰਜੀਰ, ਬੇਰ, ਕ੍ਰੇਨਬਾਰੇ ਜਿਹੀਆਂ ਜਿਣਸਾਂ ਐਕਸਪੋਰਟ ਕੀਤੀਆਂ ਜਾ ਰਹੀਆਂ ਹਨ। ਇਹ ਸਭ ਵਣਜ ਤੇ ਉਦਯੋਗ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੇ ਖੇਤੀ ਤੇ ਪ੍ਰਾਸੈਸਿੰਗ ਪਦਾਰਥ ਉਤਪਾਦ ਨਿਰਯਾਤ ਵਿਕਾਸ ਕੇਂਦਰ (ਏਪਿਡਾ) ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ। ਪਿਛਲੇ ਸਾਲ ਭਾਰਤ ਨੇ ਸੰਸਾਰ ਦੇ 102 ਮੁਲਕਾਂ ਵਿਚ ਫਲ ਤੇ ਸਬਜ਼ੀਆਂ ਐਕਸਪੋਰਟ ਕੀਤੀਆਂ ਸਨ ਜੋ ਕਿ ਇਸ ਸਾਲ ਵੱਧ ਕੇ 111 ਹੋ ਗਏ ਹਨ।

ਸਰਕਾਰੀ ਸੰਸਥਾ ਏਪਿਡਾ ਮੁਤਾਬਕ ਵਾਰਾਨਸੀ ਤੋਂ ਕਈ ਜਿਣਸਾਂ ਦਾ ਐਕਸਪੋਰਟ ਸ਼ੁਰੂ ਹੋਣ ਪਿੱਛੇ ਬਨਾਰਸ ਆਰਗੇਨੋ ਫਾਰਮਰ ਪ੍ਰੋਡਿਊਸਿੰਗ ਕੰਪਨੀ ਦਾ ਹੱਥ ਹੈ, ਜਿਸ ਦੀ ਸਥਾਪਨਾ ਏਪਿਡਾ ਦੇ ਸਹਿਯੋਗ ਨਾਲ ਚੱਲ ਰਹੀ ਹੈ। ਏਪਿਡਾ ਮੁਤਾਬਕ ਉਥੋਂ ਦੇ ਪੇਂਡੂ ਇਲਾਕਿਆਂ ਵਿਚ ਚੰਗੀ ਪਕੜ ਰੱਖਣ ਵਾਲੇ ਅਭਿਸ਼ੇਕ ਸਿੰਹ ਨੇ ਪਿੰਡਾਂ ਦੇ ਕਿਸਾਨਾਂ ਨਾਲ ਸਮੱਸਿਆਵਾਂ ਸਬੰਧੀ ਸੰਪਰਕ ਕੀਤਾ ਸੀ। ਕਿਸਾਨਾਂ ਦੇ ਮਸਲੇ ਗੌਲਣ ’ਤੇ ਪਤਾ ਚੱਲਿਆ ਕਿ ਵਿਚੋਲੇ, ਕਿਸਾਨਾਂ ਨੂੰ ਸਹੀ ਕੀਮਤ ਨਹੀਂ ਦੇ ਰਹੇ ਹਨ। ਇਸ ਮਗਰੋਂ ਕੰਪਨੀ ਦੀ ਸਥਾਪਨਾ ਹੋਈ ਤੇ ਏਪਿਡਾ ਨੇ ਉਥੋਂ ਦੇ ਕਿਸਾਨਾਂ ਦੀਆਂ ਜਿਣਸਾਂ ਨੂੰ ਕੌਮਾਂਤਰੀ ਮੰਚ ਦਿੱਤਾ ਤੇ ਨਤੀਜਾ ਸਭ ਦੇ ਸਾਹਮਣੇ ਹੈ।

ਅੰਬ ਦਾ ਐਕਸਪੋਰਟ ਹੋਇਆ ਦੁੱਗਣਾ

ਅਮਰੀਕਾ ਵਿਚ ਅਨਾਰ ਤੇ ਅੰਬ ਦੇ ਐਕਸਪੋਰਟ ਲਈ ਏਪਿਡਾ ਦੇ ਅਹਿਮਦਾਬਾਦ, ਨਾਸਿਕ, ਬੈਂਗਲੁਰੂ ਜਿਹੀਆਂ ਥਾਵਾਂ ’ਤੇ ਅਮਰੀਕੀ ਅਧਿਕਾਰੀਆਂ ਦਾ ਦੌਰਾ ਕਰਵਾਇਆ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਖੇਤੀ ਜਿਣਸਾਂ ਨੂੰ ਬਾਹਰਲੇ ਮੁਲਕ ਭੇਜਣ ਸਬੰਧੀ ਪ੍ਰੀ-ਲਾਇਸੈਂਸ ਮਿਲ ਸਕੇ। ਏਪਿਡਾ ਨੇ ਦੱਖਣ ਕੋਰੀਆ ਦੇ ਅਧਿਕਾਰੀਆਂ ਨੂੰ ਵੀ ਭਾਰਤ ਦਾ ਦੌਰਾ ਕਰਵਾਇਆ ਤੇ ਇਸ ਦਾ ਨਤੀਜਾ ਇਹ ਹੋਇਆ ਕਿ ਵਰ੍ਹਾ 2022 ਦੇ ਮੁਕਾਬਲੇ ਇਸ ਵਰ੍ਹੇ ਅੰਬਾਂ ਦੇ ਐਕਸਪੋਰਟ ਦਾ ਕਾਰੋਬਾਰ ਦੁੱਗਣਾ ਹੋ ਗਿਆ।