ਦੀਪਕ ਬਹਿਲ, ਅੰਬਾਲਾ : ਰੋਹਤਕ-ਮਹਿਮ-ਹਾਂਸੀ ਨਵੀਂ ਰੇਲਵੇ ਲਾਈਨ ਪ੍ਰਾਜੈਕਟ ’ਚ ਕਰੋੜਾਂ ਰੁਪਏ ਦੀ ਜਾਇਦਾਦ ਚੋਰੀ ਕਰਨ ਦੇ ਤਾਰ ਕੌਮਾਂਤਰੀ ਜੀਐੱਸਟੀ ਚੋਰ ਗਿਰੋਹ ਨਾਲ ਜੁੜੇ ਮਿਲੇ ਹਨ। ਮੁਲਜ਼ਮਾਂ ਨੇ ਰੇਲ ਜਾਇਦਾਦ ਨੂੰ ਚੋਰੀ ਕਰ ਕੇ ਪੰਜਾਬ ਦੇ ਮੰਡੀ ਗੋਬਿੰਦਗੜ੍ਹ ’ਚ ਫ਼ਰਜ਼ੀ ਬਿੱਲਾਂ ਨਾਲ ਵੇਚ ਦਿੱਤਾ। ਰੇਲਵੇ ਦੀ ਗਠਿਤ ਕੀਤੀ ਐੱਸਆਈਟੀ ਦੀ ਜਾਂਚ ’ਚ ਵੱਡੇ ਭੇਤ ਖੁੱਲ੍ਹੇ ਹਨ। ਐੱਸਆਈਟੀ ਮੁਖੀ ਓਪੀ ਰਾਵਤ ਨੂੰ ਅੱਠ ਬਿੱਲ ਅਜਿਹੇ ਮਿਲੇ ਹਨ ਜਿਨ੍ਹਾਂ ਦੀਆਂ ਕਾਗ਼ਜ਼ਾਂ ’ਚ ਫਰਮਾਂ ਹਨ ਤੇ ਪਤੇ ਦਿੱਲੀ, ਹਰਦੋਈ ਤੇ ਗੋਹਾਨਾ ਦੇ ਹਨ। ਸ਼ੱਕ ਹੈ ਕਿ ਇਸ ਗਿਰੋਹ ਨੇ ਸਰਕਾਰ ਤੋਂ ਇਨਪੁਟ ਕ੍ਰੈਡਿਟ ਟੈਕਸ ਵੀ ਵਸੂਲ ਨਾ ਕਰ ਲਿਆ ਹੋਵੇ। ਜੀਐੱਸਟੀ ਵਿਭਾਗ ਨੇ ਇਸ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤਕ 27 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦਕਿ 19 ਹਾਲੇ ਵੀ ਰੂਪੋਸ਼ ਹਨ। ਕਰੀਬ ਚਾਰ ਕਰੋੜ ਦੀ ਰੇਲ ਜਾਇਦਾਦ ’ਚੋਂ 67 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਫ਼ਰਜ਼ੀ ਫਰਮਾਂ ਨੂੰ ਖੜ੍ਹਾ ਕਰਨ ’ਚ ਯੂਪੀ ਹਰਦੋਈ ਦੇ ਵੀ ਕੁਝ ਲੋਕਾਂ ਦਾ ਨਾਂ ਸਾਹਮਣੇ ਆ ਚੁੱਕਾ ਹੈ। ਐੱਸਆਈਟੀ ਨੇ ਹਰਦੋਈ ’ਚ ਛਾਪੇਮਾਰੀ ਕੀਤੀ, ਜਿਸ ’ਚ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਨੀਰਜ, ਵਿਪਨ ਤੇ ਗੋਹਾਨਾ ਦੇ ਅਭਿਨਵ ਇਸ ਮਾਮਲੇ ’ਚ ਕਿਤੇ ਨਾ ਕਿਤੇ ਸ਼ਾਮਲ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ।

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਜਦੋਂ ਐੱਸਆਈਟੀ ਨੇ ਮੰਡੀ ਗੋਬਿੰਦਗੜ੍ਹ ’ਚ ਛਾਪੇਮਾਰੀ ਕੀਤੀ ਤਾਂ ਉੱਥੋਂ ਕਰੀਬ 30 ਟਨ ਰੇਲ ਜਾਇਦਾਦ ਬਰਾਮਦ ਹੋਈ। ਜਾਂਚ ’ਚ ਅੱਠ ਫ਼ਰਜ਼ੀ ਬਿੱਲ ਮਿਲੇ ਜਿਸ ਰਾਹੀਂ ਇਹ ਜਾਇਦਾਦ ਖ਼ਰੀਦੀ ਗਈ ਸੀ। ਜੀਐੱਸਟੀ ਵਿਭਾਗ ਨਾਲ ਜੀਐੱਸਟੀ ਨੰਬਰ ਸ਼ੇਅਰ ਕੀਤੇ ਗਏ। ਹੁਣ ਰੇਲਵੇ ਦੀ ਐੱਸਆਈਟੀ ਤੇ ਜੀਐੱਸਟੀ ਵਿਭਾਗ ਵੱਖ-ਵੱਖ ਜਾਂਚ ਸ਼ੁਰੂ ਕਰ ਚੁੱਕਾ ਹੈ।