Ad-Time-For-Vacation.png

ਪੀ.ਐਨ.ਬੀ. ਘੁਟਾਲਾ:ਈ. ਡੀ. ਵਲੋਂ ਨੀਰਵ ਮੋਦੀ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ

ਨਵੀਂ ਦਿੱਲੀ-ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡੀ ਕਾਰਵਾਈ ਕਰਦਿਆਂ ਦਿੱਲੀ, ਮੁੰਬਈ ਅਤੇ ਸੂਰਤ ‘ਚ ਨੀਰਵ ਮੋਦੀ ਦੇ ਵੱਖ-ਵੱਖ 17 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 5100 ਕਰੋੜ ਰੁਪਏ ਮੁੱਲ ਦੇ ਹੀਰੇ, ਗਹਿਣੇ ਅਤੇ ਸੋਨਾ ਜ਼ਬਤ ਕੀਤਾ ਹੈ। ਪੀ. ਐਨ. ਬੀ. ਬੈਂਕ ‘ਚ 11,400 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਸਾਹਮਣੇ ਆਉਣ ਦੇ ਬਾਅਦ ਈ. ਡੀ. ਨੇ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਦਫ਼ਤਰਾਂ, ਸ਼ੋਅ ਰੂਮ ਅਤੇ ਵਰਕਸ਼ਾਪ ‘ਤੇ ਛਾਪੇਮਾਰੀ ਕੀਤੀ। ਇਸ ਦੇ ਇਲਾਵਾ ਛਾਪੇਮਾਰੀ ਦੌਰਾਨ ਮਿਲੇ ਕਈ ਦਸਤਾਵੇਜ਼ ਅਤੇ ਰਿਕਾਰਡ ਵੀ ਅੱਗੇ ਜਾਂਚ ਲਈ ਜ਼ਬਤ ਕੀਤੇ ਗਏ ਹਨ। ਇਸ ਦੇ ਇਲਾਵਾ 3.9 ਕਰੋੜ ਰੁਪਏ ਦੇ ਬੈਂਕ ਖਾਤੇ ਅਤੇ ਐਫ. ਡੀ. ਵੀ ਜ਼ਬਤ ਕੀਤੀਆ ਗਈਆਂ ਹਨ। ਈ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਵਲੋਂ ਮੁੰਬਈ ‘ਚ ਨੀਰਵ ਮੋਦੀ ਤੇ ਹੋਰਨਾਂ ਦੋਸ਼ੀਆਂ ਨਾਲ ਸਬੰਧਿਤ 5 ਜਾਇਦਾਦਾਂ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੀਰਵ ਮੋਦੀ ਦਾ ਪਾਸਪੋਰਟ ਰੱਦ ਕਰਨ ਸਬੰਧੀ ਵਿਦੇਸ਼ ਮੰਤਰਾਲੇ ਨੂੰ ਲਿਖਿਆ ਜਾਵੇਗਾ। ਈ. ਡੀ. ਨੇ ਨੀਰਵ ਮੋਦੀ ਦੇ ਮੁੰਬਈ, ਸੂਰਤ ਅਤੇ ਨਵੀਂ ਦਿੱਲੀ ਸਥਿਤ ਦਫ਼ਤਰਾਂ, ਸ਼ੋਅ ਰੂਮ ਅਤੇ ਵਰਕਸ਼ਾਪਾਂ ‘ਤੇ ਛਾਪੇ ਮਾਰੇ। ਈ. ਡੀ. ਦੇ ਅਧਿਕਾਰੀਆਂ ਨੇ ਬਾਂਦਰਾ ਕੁਰਲਾ ਕੰਪਲੈਕਸ ‘ਚ ਭਾਰਤ ਡਾਇਮੰਡ ਬਾਰਸ ‘ਚ ਫਾਇਰਸਟਾਰ ਡਾਇਮੰਡ ਪ੍ਰਾਈਵੇਟ ਲਿਮਟਿਡ ਦੇ ਮੁੱਖ ਦਫ਼ਤਰ, ਕੁਰਲਾ ਪੱਛਮੀ ਸਥਿਤ ਕੋਹਿਨੂਰ ਸਿਟੀ ‘ਚ ਨੀਰਵ ਮੋਦੀ ਦੇ ਨਿੱਜੀ ਦਫ਼ਤਰ, ਉਸ ਦੇ ਸ਼ੋਅ ਰੂਮ, ਦੱਖਣੀ ਮੁੰਬਈ ‘ਚ ਸਥਿਤ ਵਰਕਸ਼ਾਪਾਂ ‘ਚ ਛਾਪੇਮਾਰੀ ਕੀਤੀ। ਸੂਰਤ ‘ਚ ਈ. ਡੀ. ਦੇ ਅਧਿਕਾਰੀਆਂ ਨੇ ਸਚਿਨ ਟਾਊਨ ਸਥਿਤ ਸੂਰਤ ਐਸ. ਈ. ਜ਼ੈਡ ‘ਚ ਹੀਰਿਆਂ ਦੀਆਂ 6 ਵਰਕਸ਼ਾਪਾਂ ਦੀ ਤਲਾਸ਼ੀ ਲਈ। ਇਸ ਦੇ ਇਲਾਵਾ ਇਥੇ ਹੀਰੇ ਦੇ ਗਹਿਣਿਆਂ ਦੇ ਵੱਡੇ ਕੇਂਦਰ ਰਿੰਗ ਰੋਡ ਸਥਿਤ ਵੈਲਜੀਅਮ ਟਾਵਰ ‘ਚ ਇਕ ਦਫ਼ਤਰ ‘ਤੇ ਵੀ ਛਾਪਾ ਮਾਰਿਆ। ਨਵੀਂ ਦਿੱਲੀ ਦੇ ਚਾਣਕਿਆਪੁਰੀ ਅਤੇ ਡਿਫੈਂਸ ਕਾਲੋਨੀ ‘ਚ ਨੀਰਵ ਮੋਦੀ ਦੇ ਹੀਰਿਆਂ ਦੇ ਸ਼ੋਅ ਰੂਮ ‘ਚ ਵੀ ਛਾਪਾ ਮਾਰਿਆ ।ਈ.ਡੀ. ਨੇ ਨੀਰਵ ਮੋਦੀ ਦੀ ਪਤਨੀ ਏਮੀ, ਭਰਾ ਵਿਸ਼ਾਲ, ਮੇਹੁਲ ਚੀਨੂ ਭਾਈ ਚੌਕਸੀ ਅਤੇ ਹੀਰਾ ਕੰਪਨੀ ਦੇ ਸਾਰੇ ਭਾਈਵਾਲਾਂ ਦੇ ਸਟੇਅਰ ਡਾਇਮੰਡ ਅਤੇ ਬੈਂਕ ਦੇ ਦੋ ਅਫ਼ਸਰਾਂ ਗੋਕੁਲਨਾਥ ਸ਼ੈਟੀ (ਹੁਣ ਸੇਵਾ ਮੁਕਤ) ਅਤੇ ਮਨੋਜ ਖਰਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੀ.ਐਨ.ਬੀ. ਨੇ ਦਿੱਤਾ ਸਪੱਸ਼ਟੀਕਰਨ
ਘੁਟਾਲੇ ਕਾਰਨ ਚਰਚਾ ‘ਚ ਆਏ ਦੇਸ਼ ਦੇ ਦੂਜੇ ਵੱਡੇ ਸਰਕਾਰੀ ਬੈਂਕ ਪੀ.ਐਨ.ਬੀ ਮੈਨੇਜਮੈਂਟ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਘੁਟਾਲੇ ਦੀ ਰਕਮ ਵਸੂਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਦੋਸ਼ੀ ਦੀ ਜਾਇਦਾਦ ਜ਼ਬਤ ਕਰਨ ਦਾ ਅਮਲ ਚੱਲ ਰਿਹਾ ਹੈ। ਪੀ.ਐਨ.ਬੀ. ਦੇ ਐਮ.ਡੀ. ਸੁਨੀਲ ਮਹਿਤਾ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਕੁਝ ਮੁਲਾਜ਼ਮਾਂ ਨੇ ਸਿਸਟਮ ਨਾਲ ਧੋਖਾ ਕੀਤਾ ਹੈ ਜਿਸ ਲਈ ਉਨ੍ਹਾਂ ਦੇ ਿਖ਼ਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਬੈਂਕ ਨੇ ਆਪਣੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮਹਿਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘੁਟਾਲੇ ਦਾ ਪਤਾ ਜਨਵਰੀ ਦੇ ਤੀਜੇ ਹਫ਼ਤੇ ‘ਚ ਲੱਗਣ ਤੋਂ ਬਾਅਦ 29 ਜਨਵਰੀ ਨੂੰ ਸੀ.ਬੀ.ਆਈ. ਨੂੰ ਜਾਣਕਾਰੀ ਦਿੱਤੀ ਗਈ ਅਤੇ 30 ਜਨਵਰੀ ਨੂੰ ਐਫ਼.ਆਈ.ਆਰ. ਦਰਜ ਕਰਵਾ ਦਿੱਤੀ ਗਈ। 123 ਸਾਲ ਪੁਰਾਣੇ ਬੈਂਕ ਨੇ ਪ੍ਰੈੱਸ ਕਾਨਫਰੰਸ ‘ਚ ਇਸ ਸੰਵੇਦਨਸ਼ੀਲ ਮੁੱਦੇ ਨੂੰ ਸਨਸਨੀ ਬਣਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੜਤਾਲ ਪ੍ਰਭਾਵਿਤ ਹੋਵੇਗੀ ਸਗੋਂ ਦੋਸ਼ੀਆਂ ਨੂੰ ਵੀ ਫਾਇਦਾ ਹੋ ਸਕਦਾ ਹੈ। ਮਹਿਤਾ ਨੂੰ ਗੜਬੜੀ ਲਈ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਬੈਂਕ ਇਸ ਮਾਮਲੇ ‘ਚ ਠੋਸ ਕਦਮ ਚੁੱਕ ਰਿਹਾ ਹੈ।ਬੈਂਕ ਦੇ ਚੁੱਕੇ ਕਦਮਾਂ ਅਤੇ ਏਜੰਸੀਆਂ ਨੂੰ ਖੁਦ ਜਾਣਕਾਰੀ ਦੇਣ ਨੂੰ ਮਜ਼ਬੂਤ ਕਦਮ ਦੱਸਦਿਆਂ ਮਹਿਤਾ ਨੇ ਕਿਹਾ ਕਿ ਇਹ ਕੈਂਸਰ ਦੀ ਸਰਜਰੀ ਵਾਂਗ ਹੈ ਜਿਸ ਦਾ ਪੂਰਾ ਇਲਾਜ ਕੀਤਾ ਜਾਵੇਗਾ। ਪੱਤਰਕਾਰਾਂ ਵਲੋਂ ਲਗਾਤਾਰ ਮਾਲਿਆ ਅਤੇ ਮੋਦੀ ਦੇ ਮਾਮਲੇ ਦੀ ਮਿਸਾਲ ਦੇਣ ‘ਤੇ ਬੈਂਕ ਦੇ ਐਮ.ਡੀ. ਨੇ ਦੋਵਾਂ ਮਾਮਲਿਆਂ ਨੂੰ ਵੱਖ-ਵੱਖ ਤੌਰ ‘ਤੇ ਵੇਖਣ ਦੀ ਅਪੀਲ ਕੀਤੀ।
ਨੀਰਵ ਨੇ ਕੀਤੀ ਸੀ ਰਕਮ ਵਾਪਸੀ ਦੀ ਪੇਸ਼ਕਸ਼
ਪੀ.ਐਨ.ਬੀ. ਨੇ ਸਵੀਕਾਰ ਕਰਦਿਆਂ ਕਿਹਾ ਕਿ ਨੀਰਵ ਮੋਦੀ ਰਕਮ ਵਾਪਸੀ ਦੀ ਪੇਸ਼ਕਸ਼ ਲੈ ਕੇ ਬੈਂਕ ਕੋਲ ਆਇਆ ਸੀ ਪਰ ਪੈਸਾ ਵਾਪਿਸ ਕਰਨ ਦੀ ਕੋਈ ਪੁਖਤਾ ਯੋਜਨਾ ਨਾ ਹੋਣ ਕਾਰਨ ਬੈਂਕ ਨੇ ਉਸ ‘ਤੇ ਕੋਈ ਵਿਚਾਰ ਨਹੀਂ ਕੀਤਾ। ਇਸ ਘੁਟਾਲੇ ਤੋਂ ਬਾਅਦ ਗਹਿਣਿਆਂ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਗੀਤਾਂਜਲੀ, ਗਿੰਨੀ ਅਤੇ ਨਕਸ਼ਤਰ ਵੀ ਜਾਂਚ ਏਜੰਸੀ ਦੇ ਨਿਸ਼ਾਨੇ ‘ਤੇ ਆ ਗਈਆਂ ਹਨ। ਸੀ.ਬੀ.ਆਈ. ਅਤੇ ਈ.ਡੀ. ਬੈਂਕਾਂ ਨਾਲ ਮਿਲੀਭੁਗਤ ਨੂੰ ਮੁੱਖ ਰੱਖ ਕੇ ਪੜਤਾਲ ਕਰ ਰਹੇ ਹਨ, ਪਰ ਫਿਲਹਾਲ ਇਸ ‘ਤੇ ਕਿਸੇ ਕੰਪਨੀ ਵਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ।
ਕੌਣ ਹੈ ਨੀਰਵ ਮੋਦੀ
ਗੁਜਰਾਤ ਦੇ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਬ੍ਰਾਂਡ ਤੋਂ ਹੀ ਆਪਣੇ ਉਤਪਾਦ ਵੇਚਦੇ ਹਨ। ਦੇਸ਼-ਵਿਦੇਸ਼ ‘ਚ ਕਈ ਸ਼ੋ-ਰੂਮਾਂ ਦੇ ਮਾਲਕ ਨੀਰਵ ਦੀ 11, 500 ਕਰੋੜ ਰੁਪਏ ਦੀ ਕੰਪਨੀ ਹੈ।ਫੋਰਬਸ 2017 ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਸਭ ਤੋਂ ਅਮੀਰ ਭਾਰਤੀਆਂ ‘ਚ ਨੀਰਵ ਦਾ ਨਾਂਅ 84ਵੇਂ ਨੰਬਰ ‘ਤੇ ਸੀ।
ਜਨਵਰੀ ਦੇ ਪਹਿਲੇ ਹਫ਼ਤੇ ਹੀ ਪਰਿਵਾਰ ਨਾਲ ਭਾਰਤ ਛੱਡ ਗਿਆ ਸੀ ਨੀਰਵ ਮੋਦੀ
ਨੀਰਵ ਮੋਦੀ ਪਹਿਲੀ ਜਨਵਰੀ ਨੂੰ ਹੀ ਪਰਿਵਾਰ ਸਮੇਤ ਭਾਰਤ ਛੱਡ ਕੇ ਬਾਹਰ ਚਲਾ ਗਿਆ ਸੀ। ਅਧਿਕਾਰੀਆਂ ਅਨੁਸਾਰ ਨੀਰਵ ਦਾ ਭਰਾ ਨਿਸ਼ਲ ਬੈਲਜੀਅਮ ਦਾ ਨਾਗਰਿਕ ਹੈ। ਉਹ ਵੀ ਪਹਿਲੀ ਜਨਵਰੀ ਨੂੰ ਹੀ ਦੇਸ਼ ਛੱਡ ਗਿਆ ਸੀ ।ਨੀਰਵ ਦੀ ਪਤਨੀ ਅਤੇ ਅਮਰੀਕੀ ਨਾਗਰਿਕ ਏਮੀ ਤੇ ਗੀਤਾਂਜਲੀ ਜਿਊਲਰੀ ਸਟੋਰ ਚਲਾਉਣ ਵਾਲੀ ਫਰਮ ‘ਚ ਭਾਈਵਾਲ ਮੇਹੁਲ ਚੋਕਸੀ ਛੇ ਜਨਵਰੀ ਨੂੰ ਦੇਸ਼ ਛੱਡ ਗਏ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਪਹਿਲੀ ਐਫ. ਆਈ. ਆਰ. ਦਰਜ ਕਰਨ ਦੇ ਬਾਅਦ ਏਜੰਸੀ ਨੇ ਚਾਰਾਂ ਿਖ਼ਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ ਤਾਂ ਕਿ ਦੇਸ਼ ਤੋਂ ਬਾਹਰ ਆਉਣ-ਜਾਣ ਦੇ ਰਸਤਿਆਂ ‘ਤੇ ਇਨ੍ਹਾਂ ਦੀ ਨਜ਼ਰ ਰੱਖੀ ਜਾ ਸਕੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੀਰਵ ਸਵਿਟਜ਼ਰਲੈਂਡ ‘ਚ ਹੈ ।ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਾਵੋਸ (ਸਵਿਟਜ਼ਰਲੈਂਡ) ‘ਚ ਪ੍ਰਮੁੱਖ ਭਾਰਤੀ ਕੰਪਨੀਆਂ ਦੇ ਸੀ. ਈ. ਓ. ਦੇ ਸਮੂਹ ਨਾਲ ਤਸਵੀਰ ‘ਚ ਸ਼ਾਮਿਲ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.