ਨਰੇਂਦਰ ਸ਼ਰਮਾ, ਜੈਪੁਰ : ਕਾਂਗਰਸ ਹਾਈ ਕਮਾਂਡ ਨੇ ਹਾਲੇ ਤੱਕ ਰਾਜਸਥਾਨ ਵਿਚ ਮੁੱਖ ਮੰਤਰੀ ਚਿਹਰਾ ਬਾਰੇ ਐਲਾਨ ਨਹੀਂ ਕੀਤਾ ਹੈ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਸਮੇਤ ਬਹੁਤ ਕੌਮੀ ਆਗੂ ਇਹੀ ਕਹਿੰਦੇ ਰਹੇ ਹਨ ਕਿ ਅਗਲੇ ਮੁੱਖ ਮੰਤਰੀ ਬਾਰੇ ਫ਼ੈਸਲਾ ਚੋਣ ਨਤੀਜਿਆਂ ਤੋਂ ਬਾਅਦ ਹੋਵੇਗਾ। ਪਾਰਟੀ ਦਾ ਤਰਕ ਸੀ ਕਿ ਜੇ ਬਹੁਮਤ ਮਿਲਿਆ ਤਾਂ ਚੁਣੇ ਗਏ ਵਿਧਾਇਕਾਂ ਦੀ ਰਾਇ ਮੁਤਾਬਕ ਵਿਧਾਇਕ ਦਲ ਦਾ ਆਗੂ ਚੁਣ ਲਿਆ ਜਾਵੇਗਾ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਲਗਾਤਾਰ ਕਹਿ ਰਹੇ ਹਨ ਕਿ ਚੁਣ ਕੇ ਆਉਣ ਵਾਲੇ ਵਿਧਾਇਕ ਆਪਣੇ ਦਲ ਦਾ ਆਗੂ ਚੁਣਨਗੇ ਜਦਕਿ ਇਸੇ ਦਰਮਿਆਨ ਗਹਿਲੋਤ ਨੇ ਸਿੱਧੇ ਤੇ ਅਸਿੱਧੇ ਤੌਰ ’ਤੇ ਕਈ ਵਾਰ ਖ਼ੁਦ ਨੂੰ ਸੀਐੱਮ ਚਿਹਰਾ ਐਲਾਨਿਆ ਹੈ। ਆਲਾ ਕਮਾਨ ਤੇ ਪਾਇਲਟ ਇਹ ਮੰਜ਼ਰ ਵੇਖਦੇ ਹੀ ਰਹਿ ਗਏ।

ਗਹਿਲੋਤ ਦੇ ਬਿਆਨਾਂ ਦਾ ਗੁੱਝਾ ਅਰਥ : ਗਹਿਲੋਤ ਨੇ ਪਿਛਲੇ ਦਿਨੀਂ ਦਿੱਲੀ ਸਥਿਤ ਕਾਂਗਰਸ ਮੁੱਖ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਅਹੁਦਾ ਛੱਡਣਾ ਚਾਹੁੰਦਾ ਹੈ ਪਰ ਇਹ ਅਹੁਦਾ ਮੈਨੂੰ ਨਹੀਂ ਛੱਡ ਰਿਹਾ ਤੇ ਸ਼ਾਇਦ ਭਵਿੱਖ ਵਿਚ ਵੀ ਨਹੀਂ ਛੱਡੇਗਾ। ਇਕ ਦਿਨ ਪਹਿਲਾਂ ਜੈਪੁਰ ਵਿਚ ਆਪਣੇ ਹਲਕੇ ਵਿਚ ਆਪਣੇ ਸਮਰਥਕਾਂ ਦਰਮਿਆਨ ਗੱਲਬਾਤ ਵਿਚ ਕਿਹਾ ਕਿ ਮੈਂ ਮੁੱਖ ਮੰਤਰੀ ਹਾਂ ਤੇ ਮੈਂ ਹੀ ਰਹਾਂਗਾ। ਜੋਧਪੁਰ ਦਾ ਵਿਕਾਸ ਕਰਾਂਗਾ, ਤੁਸੀਂ ਬੱਸ ਕਾਂਗਰਸ ਨੂੰ ਜਿਤਾਓ, ਬਾਕੀ ਮੈਂ ਹੈਗਾ ਹਾ ਨਾ। ਇਸ ਤੋਂ ਪਹਿਲਾਂ ਵੀ 3 ਅਗਸਤ ਨੂੰ ਗਹਿਲੋਤ ਨੇ ਜੈਪੁਰ ਵਿਚ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਅਹੁਦਾ ਮੈਨੂੰ ਛੱਡ ਨਹੀ ਰਿਹਾ ਹੈ। ਹੁਣ ਅੱਗੇ ਵੇਖੋ ਕੀ ਬਣਦਾ ਹੈ। ਫਿਰ 25 ਅਗਸਤ ਨੂੰ ਗਹਿਲੋਤ ਨੇ ਕਹਿ ਦਿੱਤਾ ਕਿ ਮੇਰੇ ਮਨ ਵਿਚ ਆਉਂਦਾ ਹੈ ਕਿ ਮੈਨੂੰ ਸੀਐੱਮ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਪਰ ਅਹੁਦਾ ਮੈਨੂੰ ਨਹੀਂ ਛੱਡ ਰਿਹਾ।

ਪਿਛਲੇ ਦੋ ਹਫ਼ਤਿਆਂ ਦੌਰਾਨ ਉਮੀਦਵਾਰ ਤੈਅ ਕਰਨ ਵੇਲੇ ਗਹਿਲੋਤ ਨੇ ਕਈ ਵਾਰ ਕਿਹਾ ਸੀ ਕਿ ਹਾਲੇ ਮੈਂ ਮੁੱਖ ਮੰਤਰੀ ਹਾਂ ਤੇ ਮੈਨੂੰ ਪੱਕਾ ਵਿਸ਼ਵਾਸ ਹਾਂ ਕਿ ਸੂਬਾ ਸਰਕਾਰ ਦੇ ਪ੍ਰਾਜੈਕਟਾਂ ਸਦਕਾ ਅਸੀਂ ਮੁੜ ਰਾਜਭਾਗ ਵਿਚ ਆਵਾਂਗੇ। ਲੋਕਾਂ ਦਾ ਪਿਆਰ ਤੇ ਸੋਨੀਆ ਗਾਂਧੀ ਦਾ ਅਸ਼ੀਰਵਾਦ ਮੈਨੂੰ ਮਿਲੇਗਾ। ਇਹ ਆਖ ਕੇ ਉਨ੍ਹਾਂ ਨੇ ਖ਼ੁਦ ਨੂੰ ਅਗਲੀ ਮੁੱਖ ਮੰਤਰੀ ਦੱਸਣ ਦੀ ਕੋਸ਼ਿਸ਼ ਕੀਤੀ ਸੀ।

ਗਹਿਲੋਤ ਨੇ ਸਮਰਥਕਾਂ ਨੂੰ ਦਿਵਾਈਆਂ ਟਿਕਟਾਂ : ਹਾਈ ਕਮਾਂਡ ’ਤੇ ਦਬਾਅ ਬਣਾ ਕੇ ਗਹਿਲੋਤ ਨੇ ਆਪਣੇ ਪੱਕੇ ਸਮਰਥਕਾਂ ਆਜ਼ਾਦ ਵਿਧਾਇਕ ਸੰਜਮ ਲੋਢਾ, ਬਾਬੂ ਲਾਲ ਨਾਗਰ ਤੇ ਓਮ ਪ੍ਰਕਾਸ਼ ਹੁਡਲਾ ਨੂੰ ਮੁੜ ਤੋਂ ਟਿਕਟ ਲੈ ਕੇ ਦਿੱਤੀ ਹੈ। ਜਦਕਿ ਇਨ੍ਹਾਂ ਦੇ ਸਾਹਮਣੇ ਪਿਛਲੀਆਂ ਚੋਣਾਂ ਹਾਰੇ ਕਾਂਗਰਸੀ ਉਮੀਦਵਾਰ ਤੇ ਪਾਰਟੀ ਆਗੂ ਆਜ਼ਾਦ ਜਿੱਤੇ ਉਮੀਦਵਾਰਾਂ ਨੂੰ ਟਿਕਟਾਂ ਲੈ ਕੇ ਦੇਣ ਦੇ ਹਾਮੀ ਨਹੀਂ ਸਨ। ਸਰਵੇ ਏਜੰਸੀ ਨੇ ਵੀ ਆਜ਼ਾਦ ਵਿਧਾਇਕਾਂ ਦੇ ਪੱਖ ਵਿਚ ਰਿਪੋਰਟ ਨਹੀਂ ਕੀਤੀ ਸੀ ਪਰ ਗਹਿਲੋਤ ਨੇ ਫਿਰ ਵੀ ਉਨ੍ਹਾਂ ਨੂੰ ਟਿਕਟ ਦਿਵਾ ਦਿੱਤੀ।