ਵੈਬ ਡੈਸਕ, ਜਲੰਧਰ : ਏਸ਼ੀਅਨ ਪੈਰਾ ਖੇਡਾਂ 2023 ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਨੇ ਪਹਿਲਾ ਸੋਨ ਤਮਗਾ ਜਿੱਤਿਆ ਹੈ। ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਨੇ ਤੀਰਅੰਦਾਜ਼ੀ ਦੇ ਕੰਪਾਊਂਡ ਓਪਨ ਮਿਕਸਡ ਟੀਮ ਈਵੈਂਟ ਵਿੱਚ ਗੋਲਡ ਦਾ ਨਿਸ਼ਾਨਾ ਬਣਾਇਆ ਹੈ। ਭਾਰਤੀ ਜੋੜੀ ਨੇ ਚੀਨ ਦੀ ਲਿਨ ਅਤੇ ਏਆਈ ਨੂੰ 151-149 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਵੀਰਵਾਰ ਨੂੰ ਹੀ ਭਾਰਤੀ ਐਥਲੀਟ ਤੁਲਸੀਮਾਠੀ ਅਤੇ ਚਾਰ ਹੋਰ ਐਥਲੀਟਾਂ ਨੇ ਸੋਨ ਤਗਮੇ ਲਈ ਕੁਆਲੀਫਾਈ ਕਰ ਲਿਆ ਹੈ। ਸ਼ੂਟਿੰਗ ਈਵੈਂਟ ਵਿੱਚ ਵੀ ਅਭਿਨਵ ਨੇ ਕਾਂਸੀ ਦਾ ਤਗ਼ਮਾ ਤੇ ਗੌਤਮੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਵੀਰਵਾਰ ਸਵੇਰੇ ਭਾਰਤੀ ਐਥਲੀਟ ਸਚਿਨ ਨੇ ਪਹਿਲਾ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਬੜ੍ਹਤ ਦਿਵਾਈ। ਉਸ ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਰਤ ਦੇ ਸਿਧਾਰਥ ਬਾਬੂ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ 50 ਮੀਟਰ ਰਾਈਫਲ ਪ੍ਰੋਨ ਐਸਐਚ1 ਈਵੈਂਟ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਸੋਨ ਤਗਮਾ ਜਿੱਤਿਆ ਹੈ। ਸਿਧਾਰਥ ਬਾਬੂ ਨੇ 247.7 ਅੰਕਾਂ ਦਾ ਨਵਾਂ ਰਿਕਾਰਡ ਬਣਾ ਕੇ ਫਾਈਨਲ ਜਿੱਤ ਲਿਆ ਹੈ। ਭਾਰਤੀ ਖਿਡਾਰੀਆਂ ਨੇ ਵੀਰਵਾਰ ਸਵੇਰ ਤੱਕ 17 ਸੋਨ, 20 ਚਾਂਦੀ ਅਤੇ 32 ਕਾਂਸੀ ਦੇ ਤਗਮੇ ਜਿੱਤੇ ਹਨ।
ਭਾਰਤ ਦੀ ਨਿਮਿਸ਼ਾ ਸੁਰੇਸ਼ ਨੇ ਚੀਨ ਦੇ ਹਾਂਗਜ਼ੂ ‘ਚ ਮਹਿਲਾ ਟੀ47 ਲੰਬੀ ਛਾਲ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ। ਹੁਣ ਤੱਕ ਭਾਰਤ ਨੇ ਕੁੱਲ 17 ਸੋਨ ਤਗਮੇ ਜਿੱਤੇ ਹਨ। ਬੁੱਧਵਾਰ ਨੂੰ ਨਿਮਿਸ਼ਾ ਸੁਰੇਸ਼ ਚੱਕਾਂਗੁਲਪਰੰਬਿਲ ਨੇ ਇਸ ਈਵੈਂਟ ਵਿੱਚ 5.15 ਮੀਟਰ ਦੀ ਸਰਵੋਤਮ ਛਾਲ ਨਾਲ ਸੋਨ ਤਮਗਾ ਜਿੱਤਿਆ। ਇਸੇ ਦੌਰਾਨ ਭਾਰਤ ਦੀ ਕੀਰਤੀ ਚੌਹਾਨ ਨੇ 4.42 ਮੀਟਰ ਦੀ ਛਾਲ ਨਾਲ ਇਸੇ ਈਵੈਂਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਰਕਸ਼ਿਤਾ ਰਾਜੂ ਨੇ ਏਸ਼ੀਅਨ ਪੈਰਾ ਖੇਡਾਂ 2023 ਦੇ ਔਰਤਾਂ ਦੀ 1500 ਮੀਟਰ ਟੀ-11 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ।


