ਅਰਵਿੰਦ ਸ਼ਰਮਾ, ਨਵੀਂ ਦਿੱਲੀ : ਪਹਾੜਾਂ ’ਚ ਬਰਫ਼ਬਾਰੀ ਨਾਲ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਤਾਪਮਾਨ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ ਕਈ ਥਾਵਾਂ ਦਾ ਘੱਟ ਤੋਂ ਘੱਟ ਤਾਪਮਾਨ ਡਿੱਗ ਕੇ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ। ਦਿੱਲੀ ਦਾ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ, ਜਿਹੜਾ ਸ਼ਿਮਲੇ ਦੇ ਘੱਟ ਤੋਂ ਘੱਟ ਤਾਪਮਾਨ 6.8 ਡਿਗਰੀ ਤੋਂ ਕਰੀਬ ਦੋ ਡਿਗਰੀ ਘੱਟ ਹੈ। ਮੌਸਮ ਵਿਭਾਗ (ਆਈਐੱਮਡੀ) ਦਾ ਮੰਨਣਾ ਹੈ ਕਿ ਘੱਟ ਤੋਂ ਘੱਟ ਤਾਪਮਾਨ ’ਚ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਇੱਥੋਂ ਤੱਕ ਕਿ ਇਕ-ਦੋ ਦਿਨਾਂ ’ਚ ਉੱਤਰ ਭਾਰਤ ਦੇ ਕਈ ਇਲਾਕਿਆਂ ’ਚ ਸੀਤ ਲਹਿਰ ਦਾ ਖ਼ਦਸ਼ਾ ਹੈ। ਦਿੱਲੀ ਤੇ ਹਰਿਆਣਾ ਦੇ ਹਿਸਾਰ ਦਾ ਤਾਪਮਾਨ ਸੀਤ ਲਹਿਰ ਦੇ ਕਰੀਬ ਪੁੱਜ ਚੁੱਕਾ ਹੈ। ਬਿਹਾਰ-ਝਾਰਖੰਡ ਦਾ ਤਾਪਮਾਨ ਵੀ ਤੇਜ਼ੀ ਨਾਲ ਡਿੱਗ ਰਿਹਾ ਹੈ।

ਆਈਐੱਮਡੀ ਦੇ ਮੁਤਾਬਕ ਦਿੱਲੀ ’ਚ ਸ਼ੁੱਕਰਵਾਰ ਨੂੰ ਸਵੇਰੇ ਇਸ ਮੌਸਮ ਦਾ ਪਹਿਲੀ ਵਾਰੀ ਤਾਪਮਾਨ ਪੰਜ ਡਿਗਰੀ (4.9 ਡਿਗਰੀ) ਤੋਂ ਹੇਠਾਂ ਚਲਾ ਗਿਆ ਹੈ, ਜਿਹੜਾ ਸਾਧਾਰਨ ਤੋਂ ਲਗਪਗ ਚਾਰ ਡਿਗਰੀ ਘੱਟ ਹੈ। ਇਕ ਦਿਨ ਪਹਿਲਾਂ ਦਿੱਲੀ ਦਾ ਘੱਟੋ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਸੀ। ਹਾਲਾਂਕਿ ਹਾਲੇ ਸੀਤ ਲਹਿਰ ਦੀ ਸਥਿਤੀ ਨਹੀਂ ਹੈ। ਮੈਦਾਨੀ ਇਲਾਕੇ ’ਚ ਸੀਤ ਲਹਿਰ ਦੀ ਸਥਿਤੀ ਤਦੇ ਬਣਦੀ ਹੈ, ਜਦੋਂ ਘੱਟੋ ਘੱਟ ਤਾਪਮਾਨ ਚਾਰ ਡਿਗਰੀ ਜਾਂ ਉਸ ਤੋਂ ਘੱਟ ਹੋ ਜਾਂਦਾ ਹੈ। ਤਾਪਮਾਨ ਦੋ ਡਿਗਰੀ ਤੋਂ ਹੇਠਾਂ ਜਾਣ ’ਤੇ ਗੰਭੀਰ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ। ਦਿੱਲੀ ਤੇ ਹਿਸਾਰ ਦਾ ਮੌਸਮ ਕਦੇ ਵੀ ਸੀਤ ਲਹਿਰ ’ਚ ਬਦਲ ਸਕਦਾ ਹੈ, ਕਿਉਂਕਿ ਘੱਟੋ ਘੱਟ ਤਾਪਮਾਨ ਹਾਲੇ ਥੋੜ੍ਹਾ ਹੀ ਉੱਪਰ ਹੈ। ਦਿੱਲੀ ਦੀ ਸਵੇਰ ਦੀ ਠੰਢ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਮੈਦਾਨੀ ਇਲਾਕਿਆਂ ’ਚ ਅੰਮ੍ਰਿਤਸਰ ਨੂੰ ਸਭ ਤੋਂ ਠੰਢਾ ਮੰਨਿਆ ਜਾਂਦਾ ਹੈ, ਜਿਸ ਦਾ ਤਾਪਮਾਨ 5.4 ਡਿਗਰੀ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਚੁਰੂ ਦਾ ਘੱਟੋ ਘੱਟ ਤਾਪਮਾਨ ਵੀ ਦਿੱਲੀ ਤੋ 2.5 ਡਿਗਰੀ ਜ਼ਿਆਦਾ ਹੈ। ਉੱਤਰ ਪ੍ਰਦੇਸ਼ ਦੇ ਮੇਰਠ, ਬਰੇਲੀ, ਲਖਨਊ, ਬਹਿਰਾਇਚ ਤੇ ਗੋਰਖਪੁਰ ਦਾ ਘੱਟੋ ਘੱਟ ਪਾਰਾ 10 ਡਿਗਰੀ ਤੋਂ ਹੇਠਾਂ ਖਿਸਕ ਗਿਆ ਹੈ। ਪੰਜਾਬ-ਹਰਿਆਣਾ ਦੇ ਸਾਰੇ ਇਲਾਕਿਆਂ ਦਾ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਘੱਟ ਹੈ। ਸਵੇਰੇ ਤੇ ਦੇਰ ਰਾਤ ਦਾ ਤਾਪਮਾਨ ਤਾਂ ਘੱਟ ਹੈ, ਪਰ ਦੁਪਹਿਰ ਦਾ ਤਾਪਮਾਨ ਹਾਲੇ ਵੀ ਸਾਧਾਰਨ ਤੋਂ ਉੱਪਰ ਹੈ। ਦੋ-ਤਿੰਨ ਦਿਨਾਂ ’ਚ ਪੱਛਮੀ ਗੜਬੜੀ ਮੁੜ ਸਰਗਰਮ ਹੋਣ ਨਾਲ ਪਹਾੜਾਂ ’ਚ ਬਰਫ਼ਬਾਰੀ ਵੱਧ ਸਕਦੀ ਹੈ। ਨਾਲ ਹੀ ਮੈਦਾਨੀ ਇਲਾਕਿਆਂ ’ਚ ਕਿਤੇ-ਕਿਤੇ ਬਾਰਿਸ਼ ਹੋਣ ਦੇ ਵੀ ਆਸਾਰ ਹਨ।

ਪੰਜਾਬ ’ਚ ਸੰਘਣੀ ਧੁੰਦ

ਪੰਜਾਬ ਦੇ ਕਈ ਇਲਾਕਿਆਂ ’ਚ ਸੰਘਣੀ ਧੁੰਦ ਦੇਖੀ ਗਈ ਹੈ। ਇਸ ਕਾਰਨ ਪਟਿਆਲਾ ’ਚ ਦ੍ਰਿਸ਼ਤਾ 25 ਮੀਟਰ ਤੇ ਅੰਮ੍ਰਿਤਸਰ ’ਚ 50 ਮੀਟਰ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਦੇ ਅੰਦਰ ਪੰਜਾਬ ਤੇ ਹਰਿਆਣਾ ਦੇ ਬਾਕੀ ਹਿੱਸਿਆਂ ’ਚ ਵੀ ਧੁੰਦ ਹੋਰ ਸੰਘਣੀ ਹੋ ਸਕਦੀ ਹੈ, ਜਿਹੜੀ ਵਧਦੇ ਹੋਏ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਤੱਕ ਪਹੁੰਚ ਸਕਦੀ ਹੈ। ਸਕਾਈਮੈਟ ਦਾ ਮੰਨਣਾ ਹੈ ਕਿ 23-24 ਦਸੰਬਰ ਤੋਂ ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ’ਚ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਉਸ ਤੋਂ ਬਾਅਦ ਹੀ ਧੁੰਦ ਸੰਘਣੀ ਹੋ ਸਕਦੀ ਹੈ। ਦੇਸ਼ ਦੇ ਬਾਕੀ ਹਿੱਸਿਆਂ ’ਚ ਕਿਤੇ ਵੀ ਧੁੰਦ ਨਹੀਂ ਹੈ, ਪਰ ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਸਵੇਰੇ ਹਲਕੀ ਧੁੰਦ ਦੇਖੀ ਜਾ ਰਹੀ ਹੈ।