ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨਰਿੰਦਰਪਾਲ ਸਿੰਘ ਬੈਨੀਪਾਲ ਨੇ ਦੱਸਿਆ ਡਾਇਰੈਕਟਰ ਖੇਤੀਬਾੜੀ, ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਪਹਿਲੀ ਦਸੰਬਰ ਨੂੰ, ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਖਰੀਦੀ ਗਈ ਖੇਤੀ ਮਸ਼ੀਨਰੀ ਦੀ ਵਿਭਾਗ ਵੱਲੋਂ ਸਮੂਹਿਕ ਪੜਤਾਲ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਜ਼ਿਲ੍ਹਾ ਲੁਧਿਆਣਾ ਦੇ ਲਾਭਪਾਤਰੀਆਂ ਦੀ ਸਮੂਹਿਕ ਵੈਰੀਫਿਕੇਸ਼ਨ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰਾਂ ਵੱਲੋਂ ਢੁੱਕਵੀਆਂ ਥਾਵਾਂ ‘ਤੇ ਸਵੇਰੇ 9 ਤੋਂ ਕੀਤੀ ਜਾਵੇਗੀ ਹੈ ਤੇ ਇਸ ਵੈਰੀਫਿਕੇਸ਼ਨ ਨੂੰ ਮੌਕੇ ‘ਤੇ ਹੀ ਮੋਬਾਈਲ ਐਪਲੀਕੇਸ਼ਨ ਰਾਹੀਂ ਆਨਲਾਈਨ ਪੋਰਟਲ ‘ਤੇ ਅਪਲੋਡ ਵੀ ਕੀਤਾ ਜਾਵੇਗਾ। ਇਸ ਪ੍ਰਕਿਰਿਆ ਉਪਰੰਤ ਹੀ ਸਬਸਿਡੀ ਦੀ ਰਾਸ਼ੀ ਜਾਰੀ ਕੀਤੀ ਜਾ ਸਕਦੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਬੈਨੀਪਾਲ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਆਪਣੇ ਸਬੰਧਤ ਬਲਾਕ ਦੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰਨ ਤੇ ਆਪਣੀਆਂ ਮਸ਼ੀਨਾਂ ਲੈ ਕੇ ਦੱਸੇ ਗਏ ਸਥਾਨ ਉਪਰ ਸਮੇਂ ਸਿਰ ਪੁੱਜਣ ਤਾਂ ਜੋ ਉਨ੍ਹਾਂ ਦੀਆਂ ਸਬਸਿਡੀਆਂ ਜਲਦੀ ਜਾਰੀ ਕੀਤੀਆਂ ਜਾ ਸਕਣ।