ਜਸਪਾਲ ਸਿੰਘ ਜੱਸੀ, ਤਰਨਤਾਰਨ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੈਸ਼ਨਲ ਗਰੀਨ ਟਿ੍ਬਿਊਨਲ ਵੱਲੋਂ ਜਾਰੀ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ 8 ਪ੍ਰਚਾਰ ਵੈਨਾਂ ਨੂੰ ਬਲਾਕ ਤਰਨਤਾਰਨ, ਨੌਸ਼ਹਿਰਾ ਪਨੂੰਆਂ, ਚੋਹਲਾ ਸਾਹਿਬ, ਖਡੂਰ ਸਾਹਿਬ, ਭਿੱਖੀਵਿੰਡ, ਵਲਟੋਹਾ, ਪੱਟੀ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਤੋਂ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਹਰੀ ਝੰਡੀ ਦੇ ਕੇ ਰਾਵਾਨਾ ਕੀਤਾ ਗਿਆ। ਜੋ ਕਿ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪੇ੍ਰਿਤ ਕਰਨਗੀਆਂ ਅਤੇ ਇਸ ਤੋ ਹੋਣ ਵਾਲੇ ਨੁਕਸਾਨ ਜਿਵੇਂ ਕਿ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ, ਸੜਕੀ ਹਾਦਸਿਆਂ ਤੋ ਬਚਾਅ, ਮਿੱਤਰ ਕੀੜਿਆਂ ਦੀ ਸਾਂਭ ਸੰਭਾਲ ਅਤੇ ਧਰਤੀ ਵਿਚਲੇ ਖੁਰਾਕੀ ਤੱਤਾਂ ਦੀ ਉਪਲੱਬਧਤਾ ਬਾਰੇ ਸੁਚੱਜੀ ਜਾਣਕਾਰੀ ਦੇਣਗੇ। ਇਨਾਂ੍ਹ ਵੈਨਾਂ ਦੇ ਨਾਲ ਖੇਤੀਬਾੜੀ ਵਿਭਾਗ ਤੋਂ ਕਰਮਚਾਰੀ ਵੀ ਵੈਨਾਂ ਦੇ ਨਾਲ ਭੇਜੇ ਗਏ ਹਨ, ਜੋ ਕਿ ਕਿਸਾਨਾਂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਜਾਗਰੂਕ ਕਰਨਗੇ।
ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਸ ਸਬੰਧੀ ਪੇ੍ਰਿਤ ਕਰਨ ਲਈ ਵਿਭਾਗ ਵੱਲੋਂ ਸੁਚੱਜੇ ਕਦਮ ਚੁੱਕੇ ਜਾ ਰਹੇ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਵੈਨਾਂ ਚਲਾਉਣ ਉਪਰੰਤ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ‘ਤੇ ਦੇਣ ਲਈ ਕੰਪਿਊਟਰ ਰੈਂਡਮਾਈਜੇਸ਼ਨ ਰਾਂਹੀ ਡਰਾਅ ਕੱਢੇ ਗਏ। ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਮਸ਼ੀਨਾਂ ਲਈ ਵੱਖ ਵੱਖ ਕੈਟਾਗਰੀਆਂ ਵਿਚ 3908 ਕਿਸਾਨਾਂ ਦੀਆਂ ਅਰਜ਼ੀਆਂ ਪੋਰਟਲ ਰਾਹੀਂ ਪ੍ਰਰਾਪਤ ਹੋਈਆਂ ਸਨ। ਜਿਸ ਵਿੱਚੋਂ 859 ਕਿਸਾਨਾਂ ਦੀਆਂ ਅਰਜ਼ੀਆਂ ਨੂੰ ਟੀਚੇ ਅਨੁਸਾਰ ਕੰਪਿਊਟਰ ਰੈਂਡਮਾਈਜੇਸ਼ਨ ਤਰੀਕੇ ਨਾਲ ਡਰਾਅ ਕੱਢੇ ਕੇ ਚੋਣ ਕੀਤੀ ਗਈ ਹੈ। ਇਸ ਡਰਾਅ ਸਬੰਧੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਅਤੇ ਡਰਾਅ ਸਮੇਂ ਮੌਜੂਦ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ।
ਡਿਪਟੀ ਕਮਿਸਨਰ ਨੇ ਕਿਹਾ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਪੋਰਟਲ ਰਾਹੀ ਸੈਕਸ਼ਨ ਪੱਤਰ ਜਾਰੀ ਹੋਣਗੇ। ਚੁਣੇ ਗਏ ਸਾਰੇ ਲਾਭਪਾਤਰੀ ਸੈਕਸ਼ਨ ਪੱਤਰ ਜਾਰੀ ਹੋਣ ਤੋਂ 14 ਦਿਨਾਂ ਤਕ ਆਪਣੀਆਂ ਮਸ਼ੀਨਾਂ ਖਰੀਦ ਸਕਦੇ ਹਨ।



