ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਅੰਮਿ੍ਤਪਾਲ ਸਿੰਘ ਮਿਊਂਸਪਲ ਕਮਿਸ਼ਨਰ ਦਰਮਨ (ਨਾਰਵੇ) ਨੇ ਕਈ ਸਾਲਾਂ ਦੀ ਜੱਦੋਜਹਿਦ ਪਿੱਛੋਂ ਪੱਗੜੀ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਆਪਣੀ ਮੰਗ ਮੰਨਵਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਪਹਿਲੇ ਕੰਨਾਂ ਤੋਂ ਦਸਤਾਰ ਚੁੱਕ ਕੇ ਪਾਸਪੋਰਟ ‘ਤੇ ਫੋਟੋ ਲਾਈ ਜਾਂਦੀ ਸੀ।

ਅੰਮਿ੍ਤਪਾਲ ਸਿੰਘ ਨੇ ਯੰਗ ਸਿੱਖ ਜਥੇਬੰਦੀ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਅਤੇ ਇਹ ਫ਼ੈਸਲਾ ਬਦਲਣ ਲਈ ਸਰਕਾਰ ਨਾਲ ਲਗਾਤਾਰ ਰਾਬਤਾ ਰੱਖਿਆ। ਲੰਬੀ ਜੱਦੋਜਹਿਦ ਪਿੱਛੋਂ ਸਰਕਾਰ ਨੇ ਹੁਣ ਕਾਨੂੰਨ ‘ਚ ਤਬਦੀਲੀ ਕੀਤੀ ਹੈ। ਨਵੇਂ ਕਾਨੂੰਨ ਅਨੁਸਾਰ ਸਿੱਖ ਭਾਈਚਾਰਾ ਆਪਣੀ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖ ਕੇ ਪਾਸਪੋਰਟ ‘ਤੇ ਫੋਟੋ ਲਾ ਸਕੇਗਾ।

ਨਵੇਂ ਕਾਨੂੰਨ ਬਾਰੇ ਨਾਰਵੇ ਦੀ ਕਾਨੂੰਨ ਮੰਤਰੀ ਮੋਨਿਕਾ ਮੇਲਾਂਦ, ਸੱਭਿਆਚਾਰ ਮੰਤਰੀ ਅਤੇ ਫੈਮਿਲੀ ਮੰਤਰੀ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਓਸਲੋ ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਮਿਊਂਸਪਲ ਕਮਿਸ਼ਨਰ ਅੰਮਿ੍ਤਪਾਲ ਸਿੰਘ ਅਤੇ ਸਿੱਖ ਪਤਵੰਤਿਆਂ ਨੇ ਇਸ ਲਈ ਨਾਰਵੇ ਸਰਕਾਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅੰਮਿ੍ਤਪਾਲ ਸਿੰਘ ਜ਼ਿਲ੍ਹਾ ਕਪੂਰਥਲਾ ਦਾ ਜੰਮਪਲ ਹੈ ਅਤੇ ਉੱਘੀ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ਦੇ ਦਾਮਾਦ ਹਨ।