Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਨਸ਼ਿਆਂ ਦੀ ਮਾਰ ਤੋਂ ਬਚਾਉਣ ਦੀ ਲੋੜ ਹੈ ਕਬੱਡੀ ਨੂੰ

By Admin Published 3 min read

ਪੰਜਾਬ ਵਿਚ ਕਬੱਡੀ ਦੀਆਂ ਕਲੱਬਾਂ ਹਰ ਸਾਲ ਬਹੁਤ ਸਾਰਾ ਪੈਸਾ ਖਰਚ ਕਰਕੇ ਕਬੱਡੀ ਸਰਕਲ ਸਟਾਈਲ ਦੇ ਟੂਰਨਾਮੈਂਟ ਕਰਵਾਉਂਦੀਆਂ ਹਨ, ਜਿਨ੍ਹਾਂ ਟੂਰਨਾਮੈਂਟਾਂ ‘ਤੇ ਲੱਖਾਂ ਰੁਪਏ ਖਰਚ ਹੁੰਦੇ ਹਨ, ਜਿਸ ਵਿਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਖੇਡ ਮੇਲੇ ਦੀ ਸਮਾਪਤੀ ਦੇ ਅਗਲੇ ਦਿਨ ਖੇਡ ਗਰਾਊਂਡ ਦੇ ਆਲੇ-ਦੁਆਲੇ ਢੇਰ ਸਾਰੀਆਂ ਟੀਕਿਆਂ ਵਾਲੀਆਂ ਸਰਿੰਜਾਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਆਮ ਖੇਡ ਪ੍ਰੇਮੀਆਂ ਨੂੰ ਬਹੁਤ ਅਫਸੋਸ ਹੁੰਦਾ ਹੈ ਕਿ ਏਨਾ ਸਾਰਾ ਪੈਸਾ ਖਰਚ ਕਰਕੇ ਖੇਡ ਮੇਲਾ ਕਰਵਾਇਆ ਗਿਆ ਪਰ ਕੀ ਅਸੀਂ ਜੋ ਪੈਸਾ ਟੂਰਨਾਮੈਂਟ ‘ਤੇ ਖਰਚ ਕੀਤਾ, ਉਸ ਦਾ ਕੁਝ ਹਿੱਸਾ ਨਸ਼ਿਆਂ ‘ਤੇ ਵੀ ਵੰਡਿਆ ਜਾ ਰਿਹਾ ਹੈ? ਇਸ ਵੱਲ ਕਿਸੇ ਦਾ ਧਿਆਨ ਨਹੀਂ। ਬਸ ਇਹੀ ਮਕਸਦ ਹੁੰਦਾ ਹੈ ਕਿ ਟੂਰਨਾਮੈਂਟ ਵਿਚ ਰੱਖਿਆ ਪਹਿਲਾ ਇਨਾਮ ਜਿੱਤਣਾ ਹੈ, ਚਾਹੇ ਜੋ ਮਰਜ਼ੀ ਖਾਓ, ਪੀਓ, ਲਗਾਓ। ਇਸ ਵੱਲ ਕਬੱਡੀ ਫੈਡਰੇਸ਼ਨਾਂ ਨੂੰ ਧਿਆਨ ਦੇਣ ਦੀ ਲੋੜ ਹੈ।

ਜੇਕਰ ਕਬੱਡੀ ਫੈਡਰੇਸ਼ਨਾਂ ਟੂਰਨਾਮੈਂਟ ਦੌਰਾਨ ਆਮ ਆਦਮੀ ਨੂੰ ਡਾਕਟਰਾਂ ਵਾਲੀ ਚਿੱਟੀ ਵਰਦੀ ਪੁਆ ਕੇ ਇਹ ਅਨਾਊਂਸ ਕਰਵਾ ਦੇਣ ਕਿ ਖਿਡਾਰੀਆਂ ਦਾ ਡੋਪ ਟੈਸਟ ਵੀ ਹੋ ਸਕਦਾ ਹੈ, ਫਿਰ ਸ਼ਾਇਦ ਹੀ ਉਹ ਟੂਰਨਾਮੈਂਟ ਕਾਮਯਾਬ ਹੋਵੇ। ਇਸ ਵਿਚ ਟੂਰਨਾਮੈਂਟ ਕਰਵਾਉਣ ਵਾਲਿਆਂ ਦੀ ਮਜਬੂਰੀ ਹੁੰਦੀ ਹੈ। ਉਨ੍ਹਾਂ ਨੇ ਟੂਰਨਾਮੈਂਟ ਲਈ ਪੈਸਾ ਇਕੱਠਾ ਕੀਤਾ ਹੁੰਦਾ ਹੈ। ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਟੂਰਨਾਮੈਂਟ ਨੂੰ ਕਾਮਯਾਬ ਕਰਨਾ ਜ਼ਰੂਰੀ ਹੈ। ਫੈਡਰੇਸ਼ਨਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਟੂਰਨਾਮੈਂਟ ਦੌਰਾਨ ਘੱਟ ਤੋਂ ਘੱਟ 4 ਖਿਡਾਰੀਆਂ ਦਾ ਵੀ ਡੋਪ ਟੈਸਟ ਕਰਵਾਇਆ ਜਾਵੇ ਤਾਂ ਇਸ ਨਾਲ ਆਉਣ ਵਾਲੇ ਕਬੱਡੀ ਖਿਡਾਰੀਆਂ ਦੀ ਜ਼ਿੰਦਗੀ ਬਚ ਸਕਦੀ ਹੈ। ਖਿਡਾਰੀਆਂ ਦਾ ਆਉਣ ਵਾਲਾ ਜੀਵਨ ਬਚ ਸਕਦਾ ਹੈ। ਉਨ੍ਹਾਂ ਖਿਡਾਰੀਆਂ ਦੇ ਮਾਪਿਆਂ ਦੀ ਖੁਸ਼ਹਾਲੀ ‘ਤੇ ਬਹੁਤ ਅਸਰ ਹੋ ਸਕਦਾ ਹੈ।

ਕਬੱਡੀ ਖਿਡਾਰੀਆਂ ਦੇ ਨਸ਼ੇ ਕਰਨ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਕੁਝ ਅਹਿਮ ਇਹ ਹਨ ਕਿ ਖਿਡਾਰੀਆਂ ਨੂੰ ਚੰਗੇ ਕੋਚਾਂ ਤੋਂ ਲਗਾਤਾਰ ਤਕਨੀਕੀ, ਮਾਨਸਿਕ ਅਤੇ ਫਿਜ਼ੀਕਲੀ ਅਭਿਆਸ ਤੋਂ ਵਾਂਝੇ ਰਹਿਣਾ, ਚੰਗੀ ਖੁਰਾਕ ਤੋਂ ਦੂਰ ਰਹਿਣਾ। ਦੁਨੀਆ ਵਿਚ ਕਿਸੇ ਖੇਡ ਦੀ ਉਦਾਹਰਨ ਨਹੀਂ ਮਿਲਦੀ ਕਿ ਇਕ ਟੀਮ ਇਕ ਦਿਨ ਵਿਚ 2 ਮੈਚਾਂ ਤੋਂ ਜ਼ਿਆਦਾ ਮੈਚ ਖੇਡਦੀ ਹੋਵੇ, ਸਿਰਫ ਕਬੱਡੀ ਸਰਕਲ ਸਟਾਈਲ ਵਿਚ ਹੀ ਟੀਮਾਂ ਦੋ ਮੈਚ ਤੋਂ ਜ਼ਿਆਦਾ ਮੈਚ ਖੇਡਦੀਆਂ ਹਨ। ਠੰਢ ਦਾ ਵੀ ਅਸਰ ਹੁੰਦਾ ਹੈ। ਕਿਉਂਕਿ ਬਾਡੀ ਕਨਟੈਕਟ ਖੇਡ ਹੈ, ਸਰੀਰ ਪੂਰਾ ਵਾਰਮਅੱਪ ਨਹੀਂ ਹੁੰਦਾ। ਸਮੇਂ ਦੀ ਘਾਟ ਵੀ ਨਸ਼ੇ ਦਾ ਕਾਰਨ ਹੋ ਸਕਦੀ ਹੈ, ਜੋ ਕਿ 40 ਤੋਂ 50 ਦਿਨ ਦਾ ਸੀਜ਼ਨ ਹੁੰਦਾ ਹੈ। ਜੇਤੂ ਇਨਾਮ ਦੀ ਲਾਲਸਾ ਵੀ ਨਸ਼ੇ ਦਾ ਕਾਰਨ ਹੋ ਸਕਦਾ ਹੈ, ਕਿਉਂਕਿ ਟੂਰਨਾਮੈਂਟ ਵਿਚ ਭਾਰੀ ਨਕਦ ਇਨਾਮ ਰੱਖੇ ਹੁੰਦੇ ਹਨ। ਰੋਜ਼ਾਨਾ ਟੂਰਨਾਮੈਂਟ ਖੇਡਣਾ ਵੀ ਨਸ਼ੇ ਦਾ ਕਾਰਨ ਹੋ ਸਕਦਾ ਹੈ।

ਇਸ ਲਈ ਜੋ ਵੀ ਫੈਡਰੇਸ਼ਨਾਂ, ਕਲੱਬਾਂ, ਅਕੈਡਮੀਆਂ ਦੇ ਨਾਲ ਜੁੜੇ ਹੋਏ ਸੂਝਵਾਨ ਵਿਅਕਤੀ ਹਨ, ਜੋ ਕਬੱਡੀ ਖੇਡ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਨਸ਼ਿਆਂ ਤੋਂ ਖਿਡਾਰੀਆਂ ਨੂੰ ਬਚਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਢੁਕਵੀਂ ਖੇਡ ਨੀਤੀ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ। ਜ਼ਿੰਦਗੀ ਤੋਂ ਉੱਪਰ ਕੋਈ ਹੋਰ ਵਡਮੁੱਲੀ ਚੀਜ਼ ਨਹੀਂ ਹੈ। ਧਿਆਨ ਨਾਲ ਸੋਚਣ ਦੀ ਲੋੜ ਹੈ। ਹਊਮੈ ਤਿਆਗ ਕੇ ਕਬੱਡੀ ਦੀ ਖੇਡ ਦੀ ਬਿਹਤਰੀ ਲਈ ਸੋਚੋ, ਨਸ਼ਿਆਂ ਤੋਂ ਖਿਡਾਰੀਆਂ ਨੂੰ ਬਚਾਓ, ਅਸੀਂ ਕਿਧਰੇ ਲੇਟ ਨਾ ਹੋ ਜਾਈਏ, ਫਿਰ ਪਛਤਾਇਆ ਕਿਸੇ ਕੰਮ ਨਹੀਂ ਆਵੇਗਾ।

-ਪਰਮਜੀਤ ਸਿੰਘ, ਕਬੱਡੀ ਕੋਚ, ਸਪੋਰਟਸ ਅਥਾਰਟੀ ਆਫ ਇੰਡੀਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp