ਨਵੀਂ ਦਿੱਲੀ (ਪੀਟੀਆਈ) : ਦਿਮਾਗ਼ ਨੂੰ ਤੰਦਰੁਸਤ ਰੱਖਣਾ ਹੈ ਤਾਂ ਇੰਟਰਨੈੱਟ ਮੀਡੀਆ ਤੋਂ ਦੂਰ ਰਹੋ। ਇਸ ਸਮੇਂ ਜਦੋਂ ਇੰਟਰਨੈੱਟ ਮੀਡੀਆ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ, ਅਧਿਐਨ ’ਚ ਸਾਹਮਣੇ ਆਇਆ ਹੈ ਕਿ ਜੇ ਤੁਸੀਂ ਇੰਟਰਨੈੱਟ ਮੀਡੀਆ ਦੀ ਵਰਤੋਂ 30 ਮਿੰਟ ਤੱਕ ਘੱਟ ਕਰੀਏ ਤਾਂ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖ ਸਕਾਂਗੇ। ਕੰਮ ’ਚ ਵੀ ਮਨ ਲਾ ਸਕਾਂਗੇ ਤੇ ਪੇਸ਼ੇ ਨੂੰ ਲੈ ਕੇ ਸੰਤੁਸ਼ਟੀ ਮਿਲੇਗੀ।

ਰੂਰ ਯੂਨੀਵਰਸਿਟੀ, ਬੋਚਮ ਤੇ ਜਰਮਨ ਸੈਂਟਰ ਫਾਰ ਮੈਂਟਲ ਹੈਲਥ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਇੰਟਰਨੈੱਟ ਮੀਡੀਆ ਦੀ ਘੱਟ ਵਰਤੋਂ ਕਾਰਨ ਲੋਕਾਂ ਨੂੰ ਕੰਮ ਦਾ ਬੋਝ ਘੱਟ ਮਹਿਸੂਸ ਹੋਇਆ। ਇੰਟਰਨੈੱਟ ਮੀਡੀਆ ਤੋਂ ਪਰਹੇਜ਼ ਕਰਨ ਨਾਲ ਲੋਕਾਂ ਨੂੰ ਆਪਣਾ ਕੰਮ ਕਰਨ ਲਈ ਜ਼ਿਆਦਾ ਸਮਾਂ ਮਿਲਦਾ ਹੈ। ਇਸ ਕਾਰਨ ਉਹ ਇਕਾਗਰਤਾ ਨਾਲ ਕੰਮ ਕਰਦੇ ਹਨ। ਉਨ੍ਹਾਂ ਨੂੰ ਧਿਆਨ ਭਟਕਣ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਜਰਨਲ ‘ਬਿਹੇਵੀਅਰ ਐਂਡ ਇਨਫਾਰਮੇਸ਼ਨ ਟੈਕਨੋਲਾਜੀ’ ’ਚ ਪ੍ਰਕਾਸ਼ਿਤ ਅਧਿਐਨ ’ਚ ਖੋਜਾਰਥੀ ਜੂਲੀਆ ਬ੍ਰੇਲੋਵਿਸਕੀਆ ਨੇ ਕਿਹਾ ਕਿ ਜੋ ਲੋਕ ਇੰਟਰਨੈੱਟ ਮੀਡੀਆ ’ਤੇ ਬਣੇ ਰਹਿਣ ਲਈ ਵਾਰ-ਵਾਰ ਆਪਣਾ ਕੰਮ ਬੰਦ ਕਰ ਦਿੰਦੇ ਹਨ, ਉਨ੍ਹਾਂ ਲਈ ਆਪਣੇ ਕੰਮ ’ਤੇ ਧਿਆਨ ਕੇਂਦਰਤ ਕਰਨਾ ਜ਼ਿਆਦਾ ਮੁਸ਼ਕਲ ਹੁੰਦਾ ਹੈ।

ਖੋਜਕਰਤਾਵਾਂ ਨੇ ਨੌਕਰੀ ਕਰਨ ਵਾਲੇ 166 ਲੋਕਾਂ ’ਤੇ ਇਹ ਅਧਿਐਨ ਕੀਤਾ। ਇਹ ਲੋਕ ਬਿਨਾਂ ਕੰਮ ਤੋਂ ਇੰਟਰਨੈੱਟ ਮੀਡੀਆ ’ਤੇ ਰੋਜ਼ਾਨਾ ਘੱਟੋ-ਘੱਟ 35 ਮਿੰਟ ਦਾ ਸਮਾਂ ਬਿਤਾਉਂਦੇ ਸਨ। ਉਨ੍ਹਾਂ ਨੂੰ ਦੋ ਸਮੂਹਾਂ ’ਚ ਵੰਡਿਆ ਗਿਆ ਸੀ। ਇਕ ਸਮੂਹ ਦੇ ਲੋਕਾਂ ਨੇ ਇੰਟਰਨੈੱਟ ਮੀਡੀਆ ਨੂੰ ਲੈ ਕੇ ਆਪਣੀਆਂ ਆਦਤਾਂ ਨੂੰ ਨਹੀਂ ਬਦਲਿਆ ਜਦਕਿ ਦੂਜੇ ਸਮੂਹ ਦੇ ਲੋਕਾਂ ਨੇ ਸੱਤ ਦਿਨਾਂ ਲਈ ਰੋਜ਼ਾਨਾ 30 ਮਿੰਟ ਤੱਕ ਇੰਟਰਨੈੱਟ ਨੈੱਟਵਰਕ ’ਤੇ ਬਿਤਾਏ ਜਾਣ ਵਾਲੇ ਸਮੇਂ ਨੂੰ ਘੱਟ ਕਰ ਦਿੱਤਾ। ਅਧਿਐਨ ’ਚ ਸ਼ਾਮਲ ਹੋਣ ਵਾਲਿਆਂ ਨੂੰ ਪ੍ਰਯੋਗ ਸ਼ੁਰੂ ਹੋਣ ਤੋਂ ਪਹਿਲਾਂ, ਇਸ ਦੇ ਸ਼ੁਰੂ ਹੋਣ ਤੋਂ ਅਗਲੇ ਦਿਨ ਤੇ ਇਕ ਹਫ਼ਤੇ ਬਾਅਦ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ। ਇਨ੍ਹਾਂ ’ਚ ਨੌਕਰੀ ਪ੍ਰਤੀ ਸੰਤੁਸ਼ਟੀ, ਪ੍ਰਤੀਬੱਧਤਾ, ਮਾਨਸਿਕ ਸਿਹਤ, ਤਣਾਅ ਦੇ ਪੱਧਰ ਨਾਲ ਸਬੰਧਤ ਸਵਾਲ ਸ਼ਾਮਲ ਸਨ। ਜਿਸ ਸਮੂਹ ਨੇ ਇੰਟਰਨੈੱਟ ਮੀਡੀਆ ’ਤੇ ਰੋਜ਼ਾਨਾ 30 ਮਿੰਟ ਘੱਟ ਬਿਤਾਏ, ਉਨ੍ਹਾਂ ਦੀ ਨੌਕਰੀ ਦੀ ਸੰਤੁਸ਼ਟੀ ਤੇ ਮਾਨਸਿਕ ਸਿਹਤ ’ਚ ਕਾਫ਼ੀ ਸੁਧਾਰ ਹੋਇਆ। ਖੋਜਕਰਤਾਵਾਂ ਮੁਤਾਬਕ ਥੋੜ੍ਹੇ ਸਮੇਂ ਲਈ ਸੋਸ਼ਲ ਨੈੱਟਵਰਕ ਦੀ ਦੁਨੀਆ ’ਚ ਭੱਜਣ ਨਾਲ ਕਿਸੇ ਦੇ ਮੂਡ ’ਚ ਸੁਧਾਰ ਹੋ ਸਕਦਾ ਹੈ ਪਰ ਲੰਬੇ ਸਮੇਂ ਲਈ ਅਜਿਹੀਆਂ ਆਦਤਾਂ ਲਤ ਦਾ ਕਾਰਨ ਬਣ ਜਾਂਦੀਆਂ ਹਨ, ਜਿਨ੍ਹਾਂ ਦਾ ਮਾਰੂ ਪ੍ਰਭਾਵ ਪੈਂਦਾ ਹੈ।