Ad-Time-For-Vacation.png

ਦਲਿਤਾਂ ਦੀ ਬੇਵਸੀ ਦੇ ਸਵਾਲ ਦਾ ਹੱਲ ਲੱਭਣ ਦੀ ਲੋੜ

ਡਾ. ਸੁਰਜੀਤ ਬਰਾੜ

ਭਾਰਤ ਨੂੰ ਮਹਾਨ ਦੇਸ਼ ਕਹਿ ਕੇ ਖ਼ੁਸ਼ਫਹਿਮੀ ਪਾਲੀ ਜਾ ਸਕਦੀ ਹੈ ਪਰ ਆਜ਼ਾਦੀ ਤੋਂ ਸੱਤਰ ਸਾਲ ਬਾਅਦ ਵੀ ਦਲਿਤ ਭਾਈਚਾਰੇ ਦੀ ਸਥਿਤੀ ਵਿੱਚ ਕੋਈ ਸੁਧਾਰ ਨਾ ਹੋਣਾ ਇਸ ਮਹਾਨਤਾ ‘ਤੇ ਪ੍ਰਸ਼ਨਚਿੰਨ੍ਹ ਲਾਉਂਦਾ ਹੈ। ਹੁਣ ਜਦੋਂ ਤੋਂ ਭਾਜਪਾ ਸਰਕਾਰ ਬਣੀ ਹੈ, ਉਦੋਂ ਤੋਂ ਤਾਂ ਦਲਿਤਾਂ ‘ਤੇ ਤਸ਼ੱਦਦ, ਜਬਰ-ਜ਼ੁਲਮ ਹੋਰ ਵੀ ਵਧਿਆ ਹੈ। ਦਲਿਤਾਂ ਨੂੰ ਬਰਾਬਰ ਨਾ ਸਮਝਣਾ, ਉਨ੍ਹਾਂ ਨੂੰ ਘੋਰ ਨਫ਼ਰਤ ਕਰਨੀ ਤੇ ਉਨ੍ਹਾਂ ਨੂੰ ਹਰ ਥਾਂ ਅਪਮਾਨਿਤ ਕਰਨਾ ਆਦਿ ਰੁਝਾਨ ਇੱਕ ਵੱਖਰੀ ਕਿਸਮ ਦੀ ਫ਼ਿਰਕਾਪ੍ਰਸਤੀ ਹੈ। ਸਾਡੀ ਸਰਕਾਰ ਸਵਰਨ ਅਤੇ ਉੱਚ ਜਾਤਾਂ ਦੇ ਲੋਕਾਂ ਦੇ ਧਰੁਵੀਕਰਨ ਲਈ ਯਤਨਸ਼ੀਲ ਹੈ। ਅਖੌਤੀ ਉੱਚ ਜਾਤਾਂ ਦੇ ਲੋਕ ਅਕਸਰ ਹੀ ਦਲਿਤ ਮੁੰਡੇ-ਕੁੜੀਆਂ ਨੂੰ ਕਿਸੇ ਵੀ ਖੇਤਰ ਵਿੱਚ ਨਾ ਮਾਨਤਾ ਦਿੰਦੇ ਹਨ ਅਤੇ ਨਾ ਹੀ ਬਰਦਾਸ਼ਤ ਕਰਦੇ ਹਨ। ਇਸ ਦੀ ਪੁਸ਼ਟੀ ਪਿੱਛੇ ਜਿਹੇ ਹੈਦਰਾਬਾਦ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀ ਰੋਹਿਤ ਬੇਮੁਲਾ ਨਾਲ ਕੀਤੇ ਗਏ ਭੱਦੇ ਸਲੂਕ (ਅਮਾਨਵੀ ਵਿਵਹਾਰ) ਦੀ ਘਟਨਾ ਕਰਦੀ ਹੈ। ਇਹ ਦਲਿਤਾਂ ਨਾਲ ਨਫ਼ਰਤ ਦੀ ਇੱਕ ਜੀਵੰਤ ਮਿਸਾਲ ਹੈ। ਰੋਹਿਤ ਦੀ ਖ਼ੁਦਕੁਸ਼ੀ, ਦਾਦਰੀ ‘ਚ ਇਕਬਾਲ ਦੀ ਮੌਤ ਅਤੇ ਦਿੱਲੀ ਯੂਨੀਵਰਸਿਟੀ ਦੇ ਕ੍ਰਾਂਤੀਕਾਰੀ ਵਿਦਿਆਰਥੀ ਘਨੱਈਆ ਕੁਮਾਰ ਨਾਲ ਨੀਵੇਂ ਦਰਜੇ ਦੇ ਕੀਤੇ ਗਏ ਦੁਰ-ਵਿਵਹਾਰ ਆਦਿ ਬੇਹੱਦ ਦੁਖਦਾਈ ਘਟਨਾਵਾਂ ਹਨ। ਇਹ ਘਟਨਾਵਾਂ ਹਰ ਚੇਤੰਨ ਬੰਦੇ ਨੂੰ ਪਰੇਸ਼ਾਨ ਕਰਦੀਆਂ ਹਨ। ਥੋੜ੍ਹੇ ਦਿਨ ਪਹਿਲਾਂ ਗੁਜਰਾਤ ਵਿੱਚ ਅਖੌਤੀ ਗਊ ਰੱਖਿਅਕਾਂ ਨੇ ਦਲਿਤ ਮੁੰਡਿਆਂ ਨੂੰ ਰੱਸਿਆਂ ਨਾਲ ਨੂੜ ਕੇ ਅੰਨ੍ਹਾ ਅੱਤਿਆਚਾਰ ਕੀਤਾ ਸੀ। ਇਹ ਜਬਰ-ਜ਼ੁਲਮ ਦੇਖ ਕੇ ਮੱਧਯੁਗ ਵਿੱਚ ਦਲਿਤਾਂ ‘ਤੇ ਹੁੰਦੇ ਅੱਤਿਆਚਾਰਾਂ ਦੀ ਯਾਦ ਤਾਜ਼ਾ ਹੋ ਗਈ ਹੈ। ਕੇਵਲ ਗੁਜਰਾਤ ਵਿੱਚ ਹੀ ਅਜਿਹਾ ਨਹੀਂ ਵਾਪਰਿਆ ਸਗੋਂ ਇਹ ਘਿਨਾਉਣਾ ਵਰਤਾਰਾ ਲਗਪਗ ਹਰ ਰਾਜ (ਖ਼ਾਸ ਕਰਕੇ ਹਰਿਆਣਾ, ਰਾਜਸਥਾਨ, ਝਾਰਖੰਡ, ਛਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਕੇਰਲ ਤੇ ਮਹਾਂਰਾਸ਼ਟਰ ਸੂਬਿਆਂ) ਵਿੱਚ ਘੱਟ ਜਾਂ ਵੱਧ ਰੂਪ ਵਿੱਚ ਵਾਪਰ ਰਿਹਾ ਹੈ।

ਪੰਜਾਬ ਵਿੱਚ ਮਾਨਸਾ ਦੇ ਬੰਤ ਸਿੰਘ ਝੱਬਰ ਨੂੰ ਤਸੀਹੇ ਦੇਣ ਤੋਂ ਇਲਾਵਾ ਅਬੋਹਰ ਵਿੱਚ ਭੀਮ ਸੈਨ ਟਾਂਕ ਅਤੇ ਹਾਲ ਹੀ ਵਿੱਚ ਮੁਕਤਸਰ ਅਤੇ ਮਾਨਸਾ ਵਿੱਚ ਦਲਿਤ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਦੀਆਂ ਘਟਨਾਵਾਂ ਦਿਲ ਕੰਬਾਊ ਹਨ। ਇੱਕ ਰਿਪੋਰਟ ਅਨੁਸਾਰ 2000 ਤੋਂ ਦਲਿਤਾਂ ਅਤੇ ਆਦਿਵਾਸੀਆਂ ਵਿਰੁੱਧ ਅੱਤਿਆਚਾਰਾਂ, ਅਪਰਾਧਾਂ ਦੀ ਗਿਣਤੀ ਵਿੱਚ ਘੋਰ ਵਾਧਾ ਹੋਇਆ ਹੈ। 1995 ਤੋਂ 1999 ਤਕ ਲੋਕਾਂ ਵਿਰੁੱਧ ਹੋਏ ਅੱਤਿਆਚਾਰਾਂ ਦੀ ਗਿਣਤੀ 1,66,400 ਸੀ ਪਰ ਦੁਖਦਾਇਕ ਪਹਿਲੂ ਇਹ ਹੈ ਕਿ ਇਨ੍ਹਾਂ ਅੱਤਿਆਚਾਰਾਂ ਵਿੱਚ ਦਲਿਤਾਂ ਵਿਰੁੱਧ ਅਪਰਾਧਾਂ ਦੀ ਗਿਣਤੀ 1,42,500 ਸੀ। ਸੰਸਦ ਦੀ ਇੱਕ ਹੋਰ ਰਿਪੋਰਟ ਅਨੁਸਾਰ 1999 ਦੀ ਤੁਲਨਾ ਵਿੱਚ 2000 ਵਿੱਚ ਦਲਿਤਾਂ ਅਤੇ ਆਦਿਵਾਸੀਆਂ ਵਿਰੁੱਧ ਅਪਰਾਧਾਂ ਦੀ ਗਿਣਤੀ ਵਧ ਕੇ 30,315 ਹੋ ਗਈ ਸੀ। ਇਹ ਗਿਣਤੀ ਹਰ ਸਾਲ ਇਸੇ ਰਫ਼ਤਾਰ ਨਾਲ ਵਧੀ ਜਾ ਰਹੀ ਹੈ। ਇਸ ਸਮੇਂ ਪ੍ਰਤੀ ਸਾਲ ਇਹ ਗਿਣਤੀ ਪੰਜਾਹ ਹਜ਼ਾਰ ਤੋਂ ਵਧ ਚੁੱਕੀ ਹੈ। ਕੁਝ ਹੋਰ ਸੂਤਰਾਂ ਤੋਂ ਵੀ ਅੱਖਾਂ ਖੋਲ੍ਹਣ ਵਾਲੇ ਅੰਕੜੇ ਪ੍ਰਾਪਤ ਹੋਏ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2014 ਵਿੱਚ ਦੇਸ਼ ਅੰਦਰ ਦਲਿਤਾਂ ਵਿਰੁੱਧ 47,064 ਅਪਰਾਧਕ ਘਟਨਾਵਾਂ ਵਾਪਰੀਆਂ ਸਨ। ਔਸਤਨ ਪ੍ਰਤੀ ਘੰਟੇ ਵਿੱਚ ਪੰਜ ਦਲਿਤਾਂ ਵਿਰੁੱਧ ਅਪਰਾਧ ਹੋਏ, ਪ੍ਰਤੀ ਦਿਨ ਦੋ ਦਲਿਤਾਂ ਦੀ ਹੱਤਿਆ ਹੋਈ। ਹਰ ਰੋਜ਼ ਛੇ ਦਲਿਤ ਔਰਤਾਂ ਨਾਲ ਬਦਸਲੂਕੀ ਹੁੰਦੀ ਰਹੀ। ਕੁਝ ਹੋਰ ਅੰਕੜਿਆਂ ਅਨੁਸਾਰ 2004 ਤੋਂ 2013 ਤਕ 6490 ਦਲਿਤਾਂ ਦੇ ਕਤਲ ਕੀਤੇ ਗਏ ਅਤੇ 14,253 ਦਲਿਤ ਔਰਤਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ। ਪਰ 2014 ਤੋਂ ਬਾਅਦ ਹੁਣ ਤਕ ਦਲਿਤਾਂ ਵਿਰੁੱਧ 19 ਫ਼ੀਸਦੀ ਵਧ ਜੁਰਮ ਹੋਏ ਹਨ। ਇਨ੍ਹਾਂ ਅੰਕੜਿਆਂ ਵਿੱਚ ਦਲਿਤਾਂ, ਆਦਿਵਾਸੀਆਂ ਵਿਰੁੱਧ ਅਪਰਾਧਾਂ ਦੀਆਂ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹੱਤਿਆ, ਕੁੱਟਣ-ਮਾਰਨ, ਬਲਾਤਕਾਰ, ਅਗਵਾ ਅਤੇ ਡਕੈਤੀ ਵਰਗੀਆਂ ਘਟਨਾਵਾਂ ਸ਼ਾਮਲ ਹਨ।। ਪੁਲੀਸ ਵੀ ਦਲਿਤਾਂ ਦੀ ਮਦਦ ਨਹੀਂ ਕਰਦੀ। ਪੁਲੀਸ ਤਾਂ ਅਖੌਤੀ ਉੱਚ ਜਾਤੀਆਂ ਦੀ ਰਖਵਾਲੀ ਲਈ ਹੈ। ਦਲਿਤਾਂ ‘ਤੇ ਹੋਏ ਅੱਤਿਆਚਾਰਾਂ ਦੇ ਕੇਸ ਅਦਾਲਤਾਂ ਵਿੱਚ ਬਹੁਤ ਘੱਟ ਜਾਂਦੇ ਹਨ, ਜਿਹੜੇ ਜਾਂਦੇ ਹਨ ਉਨ੍ਹਾਂ ਵਿੱਚੋਂ 80 ਫ਼ੀਸਦੀ ਦਲਿਤਾਂ ‘ਤੇ ਜ਼ੁਲਮ ਕਰਨ ਵਾਲੇ ਅਪਰਾਧੀ ਧਨ-ਬਲ, ਬਾਹੂ-ਬਲ ਅਤੇ ਰਾਜਨੀਤਕ-ਬਲ ਨਾਲ ਬਰੀ ਹੋ ਜਾਂਦੇ ਹਨ। ਇਸ ਪ੍ਰਕਾਰ ਸਾਡੇ ਕੋਲ ਕਾਨੂੰਨ ਤਾਂ ਬਹੁਤ ਹਨ, ਸੰਵਿਧਾਨਕ ਢਾਂਚਾ ਵੀ ਹੈ ਪਰ ਫਿਰ ਵੀ ਦਲਿਤਾਂ ‘ਤੇ ਅੱਤਿਆਚਾਰ ਨਾ ਖ਼ਤਮ ਹੋਏ ਹਨ, ਨਾ ਹੋਣੇ ਹਨ।
ਭਾਰਤੀ ਸੰਵਿਧਾਨ ਨੂੰ ਕੀ ਕਰੀਏ, ਵਾਸਤਵ ‘ਚ ਹਰ ਬੰਦੇ ਦੀ ਸ਼ਨਾਖਤ ਲਈ ਉਸ ਦਾ ਜਨਮ, ਵਿਰਸਾ ਹੀ ਮੁੱਖ ਮਾਪਦੰਡ ਸਮਝਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ 27-28 ਕਰੋੜ ਦਲਿਤਾਂ ਦੀ ਸ਼ਨਾਖਤ ਕਰਨੀ ਔਖੀ ਨਹੀਂ। ਕਿਸੇ ਬੰਦੇ ਦੀ, ਮਨੁੱਖ ਦੀ ਥਾਂ ਜਾਤ ਨਾਲ ਸ਼ਨਾਖਤ ਕਰਨੀ ਨਿਰਾ-ਪੁਰਾ ਅਨ੍ਹਿਆਂ ਹੈ। ਦਲਿਤ-ਵਰਗ ਦੀ ਮੰਗ ਹੈ ਕਿ ਉਨ੍ਹਾਂ ਨਾਲ ਨਸਲੀ ਵਿਤਕਰੇ, ਅਨ੍ਹਿਆਂ, ਧੱਕੇ, ਜਬਰ-ਜ਼ੁਲਮ ਬੰਦ ਕੀਤੇ ਜਾਣ, ਉਨ੍ਹਾਂ ਨੂੰ ਇਨਸਾਨੀਅਤ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਨੂੰ ਜਮਹੂਰੀ ਹੱਕ ਦਿੱਤੇ ਜਾਣ ਤੇ ਉਨ੍ਹਾਂ ਦੀ ਜੂਨ ਸੁਧਾਰੀ ਜਾਵੇ। ਨਹੀਂ ਤਾਂ ਕਿਸੇ ਦਿਨ ਦਲਿਤ ਕਹਿਣਗੇ ਕਿ ਸਾਡਾ ਇਸ ਦੇਸ਼ ਵਿੱਚੋਂ ਨਾਂ ਕੱਟ ਦੇਵੋ।
ਸੰਪਰਕ: 98553-71313

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.