ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿਛਲੇ 2 ਦਿਨ ਤੋਂ ਮਾਛੀਵਾੜਾ ‘ਚ ਤੇਂਦੂਆ ਘੁੰਮਣ ਦੀਆਂ ਅਫਵਾਹਾਂ ਫੈਲੀਆਂ ਹੋਈਆਂ ਹਨ ਜਿਸ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਅੱਜ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਹੁਣ ਤਕ ਤੇਂਦੂਆ ਘੁੰਮਣ ਦੀ ਜੋ ਚਰਚਾ ਹੈ ਉਹ ਫਿਲਹਾਲ ਅਫ਼ਵਾਹ ਹੈ ਕਿਉਂਕਿ ਅਜੇ ਤਕ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਉਨ੍ਹਾਂ ਦੱਸਿਆ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਬੁੱਢੇ ਦਰਿਆ ਕਿਨਾਰੇ ਸਥਿਤ ਰਿਹਾਇਸ਼ੀ ਖੇਤਰ ‘ਚ ਤੇਂਦੂਆ ਘੁੰਮ ਰਿਹਾ ਹੈ ਪਰ ਜਦੋਂ ਪੁਲਿਸ ਨੇ ਉੱਥੇ ਜਾ ਕੇ ਜਾਂਚ ਕੀਤੀ ਤਾਂ ਉੱਥੇ ਕੁਝ ਨਹੀਂ ਸੀ। ਉਨ੍ਹਾਂ ਕਿਹਾ ਮਾਛੀਵਾੜਾ ਇਲਾਕੇ ‘ਚ ਤੇਂਦੂਆ ਘੁੰਮਣ ਦੀਆਂ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਵਾਇਰਲ ਹੋਈਆਂ ਹਨ ਜੋ ਕਿ ਕੋਰੀ ਅਫ਼ਵਾਹ ਹਨ। ਐੱਸਐੱਚਓ ਨੇ ਕਿਹਾ ਜੇਕਰ ਕਿਸੇ ਵੀ ਵਿਅਕਤੀ ਨੇ ਤੇਂਦੂਏ ਸਬੰਧੀ ਕੋਈ ਅਫ਼ਵਾਹ ਫੈਲਾਈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਤੇਂਦੂਆ ਸਾਫ਼ ਦਿਖਾਈ ਦਿੰਦਾ ਹੈ ਤਾਂ ਉਹ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਜੰਗਲਾਤ ਵਿਭਾਗ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਜਾ ਸਕੇ।