ਜਾ.ਸ, ਨਵੀਂ ਦਿੱਲੀ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਨੇ ਯੂਟਿਊਬਰ ਸ਼ਿਆਮ ਮੀਰਾ ਸਿੰਘ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਪਟੀਸ਼ਨ ’ਤੇ ਯੂਟਿਊਬਰ ਨੂੰ ਤੋਂ ਜਵਾਬ ਮੰਗਿਆ ਹੈ। ਜਸਟਿਸ ਸ਼ਲਿੰਦਰ ਕੌਰ ਦੇ ਬੈਂਚ ਨੇ ਯੂਟਿਊਬਰ ਨੂੰ ਨੋਟਿਸ ਜਾਰੀ ਕਰਦਿਆਂ ਸੁਣਵਾਈ ਸ਼ਨਿਚਰਵਾਰ ’ਤੇ ਪਾ ਦਿੱਤੀ। ਗੁਰਮੀਤ ਸਿੰਘ ਨੇ ਪਟੀਸ਼ਨ ’ਚ ਯੂਟਿਊਬਰ ਸ਼ਿਆਮ ਮੀਰਾ ਸਿੰਘ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲਗਾਇਆ ਹੈ। ਯੂਟਿਊਬਰ ਨੂੰ ਯੂਟਿਊਬ ਤੋਂ ਵੀਡੀਓ ਹਟਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਵੀਡੀਓ ’ਚ ਕਿਹਾ ਗਿਆ ਹੈ ਕਿ ਗੁਰਮੀਤ ਨੇ ਆਪਣੇ ਪੈਰੋਕਾਰਾਂ ਨੂੰ ਬੇਵਕੂਫ ਬਣਾਇਆ ਹੈ। ਇਹ ਵੀਡੀਓ 17 ਦਸੰਬਰ, 2023 ਨੂੰ ਯੂਟਿਊਬ ’ਤੇ ਅਪਲੋਡ ਕੀਤਾ ਗਿਆ ਸੀ। ਗੁਰਮੀਤ ਦੇ ਵਕੀਲ ਰਜਤ ਅਨੇਜਾ ਨੇ ਤਰਕ ਦਿੱਤਾ ਕਿ ਸ਼ਿਆਮ ਮੀਰਾ ਸਿੰਘ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਵੀਡੀਓ ਹਟਾਉਣ ਤੋਂ ਇਨਕਾਰ ਕਰ ਦਿੱਤਾ। ਵੀਡੀਓ ਇਤਰਾਜ਼ਯੋਗ ਤੇ ਬਦਨਾਮ ਕਰਨ ਵਾਲੀ ਹੈ।