ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਹਾਈਟੈੱਕ ਠੱਗਾਂ ਵੱਲੋਂ ਸਾਈਬਰ ਧੋਖਾਧੜੀ (Cyber Crime) ਰਾਹੀਂ ਲੁੱਟੀ ਗਈ ਸ਼ਹਿਰ ਵਾਸੀਆਂ ਦੀ ਮਿਹਨਤ ਦੀ ਕਮਾਈ ਨੂੰ ਵਾਪਸ ਲਿਆਉਣ ਲਈ ਲੁਧਿਆਣਾ ਪੁਲਿਸ (Ludhiana Police) ਵਿਸ਼ੇਸ਼ ਉਪਰਾਲਾ ਕਰ ਰਹੀ ਹੈ। ਪੁਲਿਸ ਵੱਲੋਂ ਜਿਨ੍ਹਾਂ ਠੱਗਾਂ ਦੇ ਖਾਤਿਆਂ ਨੂੰ ਫਰੀਜ਼ ਕੀਤਾ ਗਿਆ ਹੈ, ਉਨ੍ਹਾਂ ਦੇ ਖਾਤਿਆਂ ’ਚੋਂ ਹੁਣ ਸ਼ਿਕਾਇਤਕਰਤਾਵਾਂ ਦੇ ਖਾਤਿਆਂ ’ਚ ਰਕਮ ਵਾਪਸ ਟਰਾਂਸਫਰ ਕਰਵਾਈ ਜਾਵੇਗੀ। ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਸਾਈਬਰ ਅਪਰਾਧੀਆਂ ਦੇ ਬੈਂਕ ਖਾਤਿਆਂ ’ਚ ਸਾਈਬਰ ਪੀੜਤਾਂ ਦੇ ਲੱਖਾਂ ਰੁਪਏ ਦੇ ਫਰੀਜ਼ ਹੋਣ ਦਾ ਪਤਾ ਲੱਗਣ ਤੋਂ ਬਾਅਦ ਸਾਈਬਰ ਸੈੱਲ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਧੀਕ ਡੀਸੀਪੀ ਹੈੱਡਕੁਆਰਟਰ ਰੁਪਿੰਦਰ ਭੱਟੀ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਕਰਵਾਉਣ ’ਚ ਮਦਦ ਕਰਨ ਲਈ ਸਾਈਬਰ ਸੈੱਲ ਲੁਧਿਆਣਾ ਦੁਆਰਾ ਇੱਕ ਯੋਜਨਾ ਤਿਆਰ ਕੀਤੀ ਗਈ ਹੈ।

1930 ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਦਰਜ ਸ਼ਿਕਾਇਤਾਂ ਤਹਿਤ 457 ਸੀਆਰਪੀਸੀ ਤਹਿਤ ਪ੍ਰਸਤਾਵ ਤਿਆਰ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਈਬਰ ਸੈੱਲ ਵੱਲੋਂ 9 ਦਸੰਬਰ ਦੀ ਲੋਕ ਅਦਾਲਤ ’ਚ 36 ਕੇਸਾਂ ਦੀਆਂ ਦਰਖਾਸਤਾਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ ਉਕਤ ਅਦਾਲਤ ਵੱਲੋਂ 33 ਦਰਖਾਸਤਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਅਦਾਲਤ ਤੋਂ ਹੁਕਮ ਪ੍ਰਾਪਤ ਕੀਤੇ ਗਏ ਹਨ। ਸਬੰਧਤ ਬੈਂਕ ਸਾਈਬਰ ਕ੍ਰਾਈਮ ਦੇ ਸ਼ਕਿਾਇਤਕਰਤਾਵਾਂ ਨੂੰ ਫ੍ਰੀਜ਼ ਕੀਤੀ ਰਕਮ ਜਾਰੀ ਕਰਨਗੇ। ਸ਼ਿਕਾਇਤਕਰਤਾਵਾਂ ਨੂੰ 28.5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਲਗਪਗ 6 ਲੱਖ ਰੁਪਏ ਦੀ ਜਮ੍ਹਾ ਰਾਸ਼ੀ ਲਈ ਮਾਮਲੇ ਵਿਚਾਰ ਅਧੀਨ ਹਨ ਅਤੇ ਇਨ੍ਹਾਂ ’ਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਚਾਹਲ

ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਤਕਨਾਲੋਜੀ ਦੀ ਵਰਤੋਂ ’ਚ ਵਾਧਾ ਹੋਣ ਨਾਲ ਇਸ ਦੀ ਦੁਰਵਰਤੋਂ ’ਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ। ਲੁਧਿਆਣਾ ’ਚ ਸਾਈਬਰ ਅਪਰਾਧ ਦੀਆਂ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਧੋਖਾਧੜੀ, ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਹੈਕਿੰਗ ਲਗਾਤਾਰ ਦੁਰਵਰਤੋ ਹੋ ਰਹੀ ਹੈ। ਸਾਈਬਰ ਸੈੱਲ ਅਜਿਹੀਆਂ ਸ਼ਕਿਾਇਤਾਂ ’ਤੇ ਤੁਰੰਤ ਕੰਮ ਕਰਦਾ ਹੈ ਅਤੇ ਧੋਖਾਧੜੀ ਵਾਲੇ ਬੈਂਕ ਖਾਤਿਆਂ ਵਿੱਚ ਰਕਮ ਨੂੰ ਫ੍ਰੀਜ਼ ਕਰਨ ਲਈ ਯਤਨ ਕਰਦਾ ਹੈ। ਪੁਲਿਸ ਕਮਿਸ਼ਨਰ ਚਾਹਲ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬੈਂਕਾਂ, ਵਿਅਕਤੀਆਂ ਦੇ ਵੇਰਵਿਆਂ ਦੀ ਤਸਦੀਕ ਜ਼ਰੂਰ ਕਰਨ। ਉਨ੍ਹਾਂ ਆਖਿਆ ਕਿ ਅਜਿਹਾ ਅਪਰਾਧ ਹੋਣ ਦੀ ਸ਼ਰਤ ਵਿੱਚ ਥਾਣਾ ਸ਼ਰਾਭਾ ਨਗਰ ਵਿੱਚ ਬਣੇ ਸਾਈਬਰ ਸੈਲ, ਸਾਈਬਰ ਕ੍ਰਾਈਮ ਪੋਰਟਲ ਤੇ ਸੰਪਰਕ ਕੀਤਾ ਜਾਵੇ।