ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਬਾਜ਼ਾਰਾਂ ‘ਚ ਘੁੰਮਦੇ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਲਾਵਾਰਿਸ ਪਸ਼ੂਆਂ ਨਾਲ ਨਿੱਤ ਵਾਪਰ ਰਹੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸਮਰਾਲਾ ਦੇ ਟ੍ਰੈਫਿਕ ਇੰਚਾਰਜ ਤੇਜਿੰਦਰ ਸਿੰਘ ਦੇ ਅਗਵਾਈ ਹੇਠ ਲਾਵਾਰਿਸ ਪਸ਼ੂਆਂ ਦੇ ਗਲ਼ਾਂ ‘ਚ ਰਿਫਲੈਕਟਰ ਲਗਾਏ ਗਏ। ਜਾਣਕਾਰੀ ਦਿੰਦੇ ਹੋਏ ਏਐੱਸਆਈ ਤੇਜਿੰਦਰ ਸਿੰਘ ਨੇ ਦੱਸਿਆ ਸਮਰਾਲਾ ਸ਼ਹਿਰ ‘ਚ ਲਾਵਾਰਿਸ ਫਿਰ ਰਹੇ ਪਸ਼ੂਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ।
ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਸਰਦੀ ਸ਼ੁਰੂ ਹੋਣ ਕਾਰਨ ਧੁੰਦ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਜਿਸ ਕਾਰਨ ਇਨ੍ਹਾਂ ਪਸ਼ੂਆਂ ਕਾਰਨ ਹਾਦਸੇ ਹੋਰ ਵੱਧਣ ਦੀ ਸੰਭਾਵਨਾ ਹੋ ਜਾਂਦੀ ਹੈ। ਇਨ੍ਹਾਂ ਲਾਵਾਰਿਸ ਪਸ਼ੂਆਂ ਦੇ ਗਲ਼ਾਂ ‘ਚ ਰੇਡੀਅਮ ਟੇਪ ਵਾਲੇ ਰਿਫਲੈਕਟਰ ਲਾਉਣ ਨਾਲ ਇਨ੍ਹਾਂ ਸਬੰਧੀ ਦੂਰੋਂ ਪਤਾ ਲੱਗ ਜਾਵੇਗਾ ਤੇ ਹਾਦਸਿਆਂ ਤੋਂ ਬਚਾਅ ਹੋ ਸਕੇਗਾ।
ਇਸ ਸਬੰਧੀ ਸਮਰਾਲਾ ਸ਼ਹਿਰ ਫਿਰਦੇ 10 ਦੇ ਕਰੀਬ ਪਸ਼ੂਆਂ ਨੂੰ ਇਹ ਰਿਫਲੈਕਟਰ ਲਗਾਏ ਹਨ, ਆਉਂਦੇ ਦਿਨਾਂ ਅੰਦਰ ਹੋਰ ਲਗਾਏ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਦੀ ਦੇ ਦਿਨਾਂ ਅੰਦਰ ਵਾਹਨਾਂ ਹੌਲੀ ਚਲਾਉਣ ਤਾਂ ਜੋ ਹਾਸਦਿਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਹੌਲਦਾਰ ਗੁਰਵਿੰਦਰ ਸਿੰਘ ਵੀ ਹਾਜ਼ਰ ਸੀ।


