ਪ੍ਰਦੀਪ ਭਨੋਟ, ਹੁਸ਼ਿਆਰਪੁਰ : ਜ਼ਿਲ੍ਹਾ ਪੱਧਰ ਤੇ ਸਿਵਲ ਹਸਪਤਾਲ ਵਿਖੇ ਆਯੂਸ਼ਮਾਨ ਭਵ ਮੁਹਿੰਮ ਦੀ ਰਸਮੀ ਸ਼ੁਰੂਆਤ ਏਡੀਸੀ ਰਾਹੁਲ ਚਾਬਾ ਤੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਨਾ ਨੇ ਕੀਤੀ ਗਈ। ਜ਼ਿਲ੍ਹਾ ਟੀਬੀ ਕੰਟਰੋਲ ਅਫ਼ਸਰ ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਆਯੂਸ਼ਮਾਨ ਭਵ ਮੁਹਿੰਮ ਦੇ ਦੌਰਾਨ ਹੋਰ ਸਿਹਤ ਪੋ੍ਗਰਾਮਾਂ ਦੇ ਨਾਲ ਨਾਲ ਟੀਬੀ ਮੁਕਤ ਭਾਰਤ ਅਭਿਆਨ ਦੀਆਂ ਗਤੀਵਿਧੀਆਂ ਵੀ ਚਲਣਗੀਆਂ ਅਤੇ ਟੀਬੀ ਦੇ ਸੌ ਫ਼ੀਸਦੀ ਮਰੀਜ਼ਾਂ ਦੀਆਂ ਦਵਾਈਆਂ ਤੇ ਇਲਾਜ ਮੁਫ਼ਤ ਕਰਨਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਭਾਰਤ ਨੂੰ ਸਾਲ 2025 ਤਕ ਟੀਬੀ ਮੁਕਤ ਭਾਰਤ ਕਰਨ ਦੇ ਮਿੱਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਟੀਬੀ ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ, ਹਾਈਜੀਨ ਕਿੱਟਾਂ ਅਤੇ ਸਲੀਪਿੰਗ ਮੈਟਰੇਸ ਵੰਡੇ ਗਏ| ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵੱਖ-ਵੱਖ ਪੋ੍ਗਰਾਮਾਂ ਵਿਚ ਜ਼ਿਲੇ ਦੇ ਵੱਖ-ਵੱਖ ਐਨਜੀਓਜ਼ ਵੱਲੋਂ ਹਮੇਸ਼ਾ ਹੀ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਰੋਟਰੀ ਕਲੱਬ ਅਤੇ ਮਮਤਾ ਹੈਲਥ ਇੰਸਟੀਚਿਊਟ ਆਫ ਐਮਸੀਐਚ ਨੂੰ ਏਡੀਸੀ ਰਾਹੁਲ ਚਾਬਾ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਕਟਰੀ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਹਾਜ਼ਰ ਰਹੇ।